ਇੰਡੀਆ ਬਨਾਮ ਯੂਰਪ

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

*ਇੰਡੀਆ :-*
“ਭਾਵੇਂ ਲੱਖ ਅਮੀਰ ਤੂੰ ਯੂਰਪਾ ਵੇ
ਪਰ ਸਾਡੇ ਜਿਹਾ ਸਦਾਚਾਰ ਹੈ ਨੀ

ਭੈਣਾਂ ਭਾਈਆਂ ਦੇ ਪਿਆਰ ਤੇ ਮੋਹਰ ਲਾਵੇ
ਕੋਲ਼ ਰੱਖੜੀ ਜਿਹਾ ਤਿਉਹਾਰ ਹੈ ਨੀ

ਧੀਆਂ-ਭੈਣਾਂ ਨਾ ਦੇਵੀਆਂ ਵਾਂਗ ਮੰਨੇ
ਕੰਜਕਾਂ ਪੂਜਣ ਦਾ ਚੱਜ ਆਚਾਰ ਹੈ ਨੀ

ਮੰਨੇ ਪਤੀ ਨੂੰ ਰੂਪ ਪ੍ਰਮਾਤਮਾ ਦਾ
ਥੋਡੀ ਨਾਰਾਂ ਦੇ ਐਸੇ ਵਿਚਾਰ ਹੈ ਨੀ

ਗੁਰੂਆਂ, ਪੀਰਾਂ, ਫਕੀਰਾਂ, ਔਲੀਆਂ ਦਾ
ਰੱਬ ਵਰਗਾ ਥੋਡੇ ਸਤਿਕਾਰ ਹੈ ਨੀ

ਖੁੱਲੇ ਲੰਗਰ, ਛਬੀਲਾਂ, ਕਾਰ ਸੇਵਾ
ਲੋੜਵੰਦਾਂ ਲਈ ਖੁੱਲ੍ਹੇ ਭੰਡਾਰ ਹੈ ਨੀ

ਸਾਂਝ, ਪਿਆਰ, ਮੁਹੱਬਤਾਂ, ਭਾਈਚਾਰੇ
‘ਭਲੇ ਸਰਬੱਤ ਦੇ’ ਜਿਹੇ ਵਿਚਾਰ ਹੈ ਨੀ”

*ਯੂਰਪ :-*
“ਸੋਲ਼ਾਂ ਆਨੇ ਹੈ ਗੱਲ ਸਦਾਚਾਰ ਵਾਲੀ
ਨਹੀਂ ਮੈਂ ਸੱਚੀਉਂ ਨਕਲ ਉਤਾਰ ਸਕਦਾ

ਐਪਰ ਦੋਹਰਾ ਮੇਰਾ ਕਿਰਦਾਰ ਹੈ ਨੀ
ਧੀਆਂ ਕੁੱਖ ਦੇ ਵਿੱਚ ਨਹੀਂ ਮਾਰ ਸਕਦਾ

ਨੂੰਹ ਨੂੰ ਸਮਝ ਕੇ ਧੀ ਬੇਗਾਨਿਆਂ ਦੀ
ਦਾਜ ਖਾਤਰ ਨਹੀਂ ਕਦੇ ਵੀ ਸਾੜ ਸਕਦਾ

ਜਾਂ ਫਿਰ ਝੂਠੇ ਦਹੇਜ ਦੇ ਕੇਸ ਅੰਦਰ
ਰਗੜ ਮਾਪੇ ਨਾ ਹੋਰ ਰਿਸ਼ਤੇਦਾਰ ਸਕਦਾ

ਸ਼ਰਧਾ ਵੋਟਾਂ ‘ਚ ਨਹੀਂ ਤਬਦੀਲ ਕਰਦਾ
ਧਰਮ ਦੇ ਨਾਂ ਤੇ ਨਾ ਕਰ ਵਪਾਰ ਸਕਦਾ

ਨਕਲੀ ਬੀਜ, ਦਵਾਈਆਂ ‘ਤੇ ਖਾਧ ਚੀਜ਼ਾਂ
ਸੁਪਨੇ ਵਿੱਚ ਵੀ ਨਾ ਕਰ ਤਿਆਰ ਸਕਦਾ

ਪੋੜੀ ਚੜ੍ਹੇ ਘੜਾਮੇਂ ਕੋਈ ਰੋਮੀ ਵਰਗਾ
ਲੱਤਾਂ ਖਿੱਚ ਕੇ ਥੱਲੇ ਨਹੀਂ ‘ਤਾਰ ਸਕਦਾ”

ਰੋਮੀ ਘੜਾਮੇਂ ਵਾਲ਼ਾ
98552-81105

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ਦੇ ਪ੍ਰਧਾਨ ਤੇ ਗਿਲਜੀਆਂ ਸਾਹਿਬ ਦੇ ਐਕਟਿੰਗ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਗੁਰਪ੍ਰੀਤ ਸਿੰਘ ਬਿੱਟੂ ਉਰਫ਼ ਬਿੱਟੂ ਲਿਬੜਾ ਨੇ ਐਡਮਿੰਟਨ ਵਿੱਚ ਵੰਡੇ ਲੱਡੂ।
Next articleਚੇਹਰੇ