ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਕੋਵਿਡ-19 ਕਰਕੇ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਭਾਰਤ ਤੇ ਅਮਰੀਕਾ ਨੇ ਆਪਣੇ ਰਿਸ਼ਤਿਆਂ ਵਿੱਚ ਕਈ ‘ਇਤਿਹਾਸਕ ਮੀਲ ਪੱਥਰ’ ਨੇਪਰੇ ਚਾੜ੍ਹੇ ਹਨ। ਸੰਧੂ ਇਥੇ ਭਾਰਤ-ਯੂਐੱਸ ਫੋਰਮ ਦੇ 5ਵੇਂ ਸੰਸਕਰਨ ਨੂੰ ਸੰਬੋਧਨ ਕਰ ਰਹੇ ਸਨ।
ਸੰਧੂ ਨੇ ਕਿਹਾ ਕਿ ਗਰਮੀਆਂ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਅਮਰੀਕੀ ਪ੍ਰਸ਼ਾਸਨ, ਕਾਂਗਰਸ, ਇੰਡਸਟਰੀ, ਪਰਵਾਸੀ ਭਾਈਚਾਰੇ ਤੇ ਅਮਰੀਕੀ ਲੋਕਾਂ ਨੇ ਅੱਗੇ ਹੋ ਕੇ ਭਾਰਤ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਭਰੋੋੋਸਾ ਦਿੱਤਾ ਕਿ ਅਮਰੀਕਾ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗਾ। ਭਾਰਤੀ ਰਾਜਦੂਤ ਨੇ ਕਿਹਾ ਕਿ ਪਿਛਲੇ ਸਾਲ ਕਰੋਨਾ ਮਹਾਮਾਰੀ ਦੀ ਸਿਖਰ ਦੌਰਾਨ ਜਦੋਂ ਅਮਰੀਕਾ ਨੂੰ ਲੋੜ ਪਈ ਤਾਂ ਭਾਰਤ ਨੇ ਕਿਵੇਂ ਉਸ ਦੀ ਹਰ ਸੰਭਵ ਹਮਾਇਤ ਕੀਤੀ। ਸੰਧੂ ਨੇ ਕਿਹਾ, ‘‘ਸਾਨੂੰ ਅਮਰੀਕਾ ਤੋਂ ਮਿਲੀ ਜ਼ਬਰਦਸਤ ਹਮਾਇਤ ਦੋਵਾਂ ਮੁਲਕਾਂ ਵਿਚਲੀ ਡੂੰਘੀ ਸਾਂਝ ਦੀ ਸ਼ਾਹਦੀ ਭਰਦੀ ਹੈ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਆਉਣ ਤੋਂ ਪਹਿਲਾਂ ਭਾਰਤ ਨੇ ਕੁਲ ਆਲਮ ਦੇ 90 ਤੋਂ ਵੱਧ ਮੁਲਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਸਪਲਾਈ ਕੀਤੇ ਅਤੇ ਲੋੜ ਪੈਣ ’ਤੇ ਸਾਡੇ ਦੋਸਤਾਂ ਤੇ ਅਮਰੀਕਾ ਜਿਹੇ ਹੋਰਨਾਂ ਭਾਈਵਾਲਾਂ ਨੇ ਓਨੇ ਹੀ ਨਿੱਘ ਨਾਲ ਸਾਡੀ ਬਾਂਹ ਫੜੀ।’’ ਭਾਰਤੀ ਰਾਜਦੂਤ ਨੇ ਜ਼ੋਰ ਦੇ ਕੇ ਆਖਿਆ ਕਿ ਮਹਾਮਾਰੀ ਦੋਵਾਂ ਮੁਲਕਾਂ ਨੂੰ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਤੋਂ ਨਹੀਂ ਰੋਕ ਸਕੀ। ਸੰਧੂ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰੰਤਰੀ ਮੋਦੀ ਦੀਆਂ ਹੋਰਨਾਂ ਫੇਰੀਆਂ ਦਾ ਵੀ ਜ਼ਿਕਰ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly