ਬਿਸ਼ਕੇਕ (ਸਮਾਜ ਵੀਕਲੀ): ਭਾਰਤ ਨੇ ਅੱਜ ਕਿਹਾ ਕਿ ਉਸ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਨੇੜਿਓਂ ਨਜ਼ਰ ਬਣਾ ਕੇ ਰੱਖੀ ਹੋਈ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਲਈ ਇਹ ਗੱਲ ਵੀ ਬੜੀ ਅਹਿਮ ਹੈ ਕਿ ਤਾਲਿਬਾਨੀ ਹਾਕਮ ਕੌਮਾਂਤਰੀ ਭਾਈਚਾਰੇ ਦੀਆਂ ਉਨ੍ਹਾਂ ਉਮੀਦਾਂ ’ਤੇ ਖਰੇ ਉਤਰਨ, ਜਿਨ੍ਹਾਂ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਜੈਸ਼ੰਕਰ ਨੇ ਇਹ ਟਿੱਪਣੀਆਂ ਕਿਰਗਿਜ਼ਸਤਾਨ ਦੇ ਆਪਣੇ ਹਮਰੁਤਬਾ ਰੁਸਲਾਨ ਕਜ਼ਾਕਬੇਵ ਨਾਲ ਉਸਾਰੂ ਸੰਵਾਦ ਮਗਰੋਂ ਕੀਤੀਆਂ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਤੇ ਇਨ੍ਹਾਂ ਦੇ ਖਿੱਤੇ ਦੀ ਸ਼ਾਂਤੀ ਤੇ ਸੁਰੱਖਿਆ ’ਤੇ ਪੈਣ ਵਾਲੇ ਅਸਰ ਦੀ ਕਜ਼ਾਕਬੇਵ ਨਾਲ ਹੋਏ ਸੰਵਾਦ ਦੌਰਾਨ ਵੀ ਚਰਚਾ ਹੋਈ।
ਉਨ੍ਹਾਂ ਕਿਹਾ, ‘‘ਅਸੀਂ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਇਹ ਸਾਡੇ ਸਾਰਿਆਂ ਲਈ ਫ਼ਿਕਰਮੰਦੀ ਦਾ ਵਿਸ਼ਾ ਹੈ। ਅਫ਼ਗ਼ਾਨਿਸਤਾਨ ’ਚ ਕਿਸੇ ਤਰ੍ਹਾਂ ਦੀ ਵੀ ਅਸਥਿਰਤਾ ਦਾ ਇਸ ਖਿੱਤੇ ’ਤੇ ਅਸਰ ਪਏਗਾ। ਅਫ਼ਗਾਨਿਸਤਾਨ ਦੇ ਮੌਜੂਦਾ ਹਾਕਮਾਂ ਤੋਂ ਕੌਮਾਂਤਰੀ ਭਾਈਚਾਰੇ ਨੂੰ ਕਈ ਉਮੀਦਾਂ ਹਨ, ਜਿਸ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ 2593 ਵਿੱਚ ਵਿਆਪਕ ਜ਼ਿਕਰ ਹੈ।’’ ਜੈਸ਼ੰਕਰ ਕਿਰਗਿਜ਼ਸਤਾਨ, ਕਜ਼ਾਖ਼ਸਤਾਨ ਤੇ ਅਰਮੀਨੀਆ ਦੀ ਆਪਣੀ ਚਾਰ ਰੋਜ਼ਾ ਫੇਰੀ ਤਹਿਤ ਐਤਵਾਰ ਨੂੰ ਇਥੇ ਪੁੱਜੇ ਸਨ। ਇਸ ਫੇਰੀ ਦਾ ਮੁੱਖ ਮਕਸਦ ਤਿੰਨ ਕੇਂਦਰ ਏਸ਼ਿਆਈ ਮੁਲਕਾਂ ਵਿੱਚ ਦੁਵੱਲੇ ਰਿਸ਼ਤਿਆਂ ਦੇ ਘੇਰੇ ਨੂੰ ਮੋਕਲਾ ਕਰਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly