ਭਾਰਤ ਨੂੰ ਐੱਸਬੀਆਈ ਵਰਗੇ ਹੋਰ ਵੱਡੇ ਬੈਂਕਾਂ ਦੀ ਲੋੜ: ਸੀਤਾਰਾਮਨ

Finance Minister Nirmala Sitharaman

ਮੁੰਬਈ (ਸਮਾਜ ਵੀਕਲੀ):  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਅਰਥਚਾਰੇ ਅਤੇ ਸਨਅਤਾਂ ਦੀਆਂ ਵਧਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭਾਰਤੀ ਸਟੇਟ ਬੈਂਕ (ਐੱਸਬੀਆਈ) ਵਰਗੇ 4-5 ਹੋਰ ਵੱਡੇ ਬੈਂਕਾਂ ਦੀ ਲੋੜ ਹੈ। ਇੰਡੀਅਨ ਬੈਂਕਜ਼ ਐਸੋਸੀਏਸ਼ਨ (ਆਈਬੀਏ) ਦੀ 74ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਨਅਤਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਭਾਰਤੀ ਬੈਂਕਿੰਗ ਨੂੰ ਫੌਰੀ ਅਤੇ ਲੰਬੇ ਸਮੇਂ ’ਚ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਜਿਥੋ ਤੱਕ ਲੰਬੇ ਸਮੇਂ ਦੇ ਭਵਿੱਖ ਦਾ ਸਵਾਲ ਹੈ ਤਾਂ ਇਹ ਖੇਤਰ ਕਾਫੀ ਹੱਦ ਤੱਕ ਡਿਜੀਟਲ ਪ੍ਰਕਿਰਿਆ ਰਾਹੀਂ ਚੱਲਣ ਵਾਲਾ ਹੈ ਅਤੇ ਭਾਰਤੀ ਬੈਂਕਿੰਗ ’ਚ ਸਨਅਤਾਂ ਦੇ ਸਥਾਈ ਭਵਿੱਖ ਲਈ ਡਿਜੀਟਲ ਪ੍ਰਣਾਲੀ ਦੀ ਲੋੜ ਹੈ। ‘ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦਿਆਂ ਸਾਨੂੰ ਵੱਡੀ ਗਿਣਤੀ ’ਚ ਬੈਂਕਾਂ ਦੀ ਲੋੜ ਹੀ ਨਹੀਂ ਸਗੋਂ ਵੱਡੇ ਬੈਂਕ ਵੀ ਚਾਹੀਦੇ ਹਨ। ਭਾਰਤ ਨੂੰ ਘੱਟੋ ਘੱਟ ਚਾਰ ਐੱਸਬੀਆਈ ਵਰਗੇ ਬੈਂਕਾਂ ਦੀ ਲੋੜ ਹੈ। ਸਾਨੂੰ ਬਦਲਦੀਆਂ ਅਤੇ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਮਹਾਮਾਰੀ ਤੋਂ ਪਹਿਲਾਂ ਵੀ ਇਸ ਬਾਰੇ ਸੋਚਿਆ ਗਿਆ ਸੀ।

ਹੁਣ ਸਾਨੂੰ ਚਾਰ ਜਾਂ ਪੰਜ ਐੱਸਬੀਆਈ ਦੀ ਲੋੜ ਹੋਵੇਗੀ।’ ਉਨ੍ਹਾਂ ਯੂਪੀਆਈ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਰੁਪੈ ਕਾਰਡ ਵਿਦੇਸ਼ੀ ਕਾਰਡ ਵਾਂਗ ਗਲੈਮਰਸ ਨਹੀਂ ਸੀ ਪਰ ਹੁਣ ਦੁਨੀਆ ਦੇ ਵੱਖ ਵੱਖ ਹਿੱਸਿਆਂ ’ਚ ਇਹ ਸਵੀਕਾਰ ਕੀਤਾ ਜਾਂਦਾ ਹੈ। ਉਨ੍ਹਾਂ ਬੈਂਕਰਾਂ ਨੂੰ ਯੂਪੀਆਈ ਨੂੰ ਅਹਿਮੀਅਤ ਦੇਣ ਅਤੇ ਇਸ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਤਤਕਾਲੀ ਬੈਂਕਿੰਗ ਸਕੱਤਰ ਰਾਜੀਵ ਕੁਮਾਰ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ, ਸਿੰਡੀਕੇਟ ਬੈਂਕ ਦਾ ਕੇਨਰਾ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਅਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ’ਚ ਰਲੇਵਾਂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਨਤਕ ਖੇਤਰ ਦੇ ਸੱਤ ਵੱਡੇ ਅਤੇ ਪੰਜ ਛੋਟੇ ਬੈਂਕ ਬਣ ਗਏ ਹਨ ਜਦਕਿ 2017 ਤੱਕ ਕੁੱਲ 27 ਬੈਂਕ ਸਨ।

ਮਹਾਮਾਰੀ ਦੌਰਾਨ ਡਿਊਟੀ ਸਮੇਂ ਜਾਨਾਂ ਗੁਆਉਣ ਵਾਲੇ ਬੈਂਕਰਾਂ ਨੂੰ ਸ਼ਰਧਾਂਜਲੀ ਦਿੰੰਦਿਆਂ ਵਿੱਤ ਮੰਤਰੀ ਨੇ ਆਈਬੀਏ ਨੂੰ ਬੇਨਤੀ ਕੀਤੀ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ। ਜ਼ਿਕਰਯੋਗ ਹੈ ਕਿ ਆਈਬੀਏ ਦੀ ਸਥਾਪਨਾ 1946 ’ਚ ਹੋਈ ਸੀ ਅਤੇ ਸ਼ੁਰੂ ’ਚ ਇਸ ਦੇ 22 ਮੈਂਬਰ ਸਨ ਜੋ ਵਧ ਕੇ ਹੁਣ 244 ਹੋ ਗਏ ਹਨ। ਇਸੇ ਤਰ੍ਹਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਦੇਸ਼ ਦੇ ਕਈ ਜ਼ਿਲ੍ਹਿਆਂ ’ਚ ਬੈਂਕਿੰਗ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਐਤਵਾਰ ਨੂੰ ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਆਰਥਿਕ ਸਰਗਰਮੀਆਂ ਵਧੇਰੇ ਹਨ ਪਰ ਬੈਂਕਿੰਗ ਦੀ ਹਾਜ਼ਰੀ ਬਹੁਤ ਘੱਟ ਹੈ। ਸੀਤਾਰਾਮਨ ਨੇ ਬੈਂਕਾਂ ਨੂੰ ਕਿਹਾ ਕਿ ਉਹ ਆਪਣੀ ਮੌਜੂਦਗੀ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਿਹਤਰ ਬਣਾਉਣ। ਵਿੱਤ ਮੰਤਰੀ ਨੇ ਬੈਂਕਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਬਦਲ ਹਨ ਅਤੇ ਉਹ ਇਹ ਤੈਅ ਕਰ ਸਕਦੇ ਹਨ ਕਿ ਗਲੀ-ਮੁਹੱਲਿਆਂ ’ਚ ਛੋਟੇ ਪੱਧਰ ਦੇ ਮਾਡਲਾਂ ਰਾਹੀਂ ਬੈਂਕਿੰਗ ਮੌਜੂਦਗੀ ਦਰਜ ਕਰਵਾ ਸਕਦੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਡਿਜੀਟਲੀਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਬੈਂਕਾਂ ਦੇ ਖਾਤੇ ਵਧੇਰੇ ਸਾਫ-ਸੁਥਰੇ ਹਨ ਅਤੇ ਇਸ ਨਾਲ ਸਰਕਾਰ ’ਤੇ ਬੈਂਕਾਂ ਦੇ ਮੁੜ ਪੂੰਜੀਕਰਨ ਦਾ ਬੋਝ ਘਟੇਗਾ। ਸੀਤਾਰਾਮਨ ਨੇ ਕਿਹਾ ਕਿ ਨਵੀਂ ਕੌਮੀ ਸੰਪਤੀ ਪੁਨਰਗਠਨ ਕੰਪਨੀ ਨੂੰ ‘ਬੈਡ ਬੈਂਕ’ ਨਹੀਂ ਆਖਿਆ ਜਾਣਾ ਚਾਹੀਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਨਵੇਂ ਮੰਤਰੀਆਂ ਨੇ ਹਲਫ਼ ਲਿਆ
Next articleਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ