ਭਾਰਤ ਨੇ ਉੱਤਰੀ ਸਰਹੱਦ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਤੇ ਰੂਸ ਦੀ ‘2+2’ ਰੱਖਿਆ ਤੇ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਦੇ ਉਦਘਾਟਨ ਮੌਕੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁਆਂਢ ਵਿਚ ਹੋ ਰਹੇ ਅਸਾਧਾਰਾਨ ਫ਼ੌਜੀਕਰਨ ਅਤੇ ਦੇਸ਼ ਦੀ ਉੱਤਰੀ ਸਰਹੱਦ ’ਤੇ ਬਿਨਾ ਕਿਸੇ ਭੜਕਾਹਟ ਤੋਂ ਹਮਲਾਵਰ ਰੁਖ਼ ਨੂੰ ਦੇਸ਼ ਸਾਹਮਣੇ ਪ੍ਰਮੁੱਖ ਚੁਣੌਤੀਆਂ ਦੱਸਿਆ। ਇਸੇ ਦੌਰਾਨ ਭਾਰਤ ਤੇ ਰੂਸ ਵੱਲੋਂ ਛੇ ਲੱਖ ਏਕੇ-203 ਰਾਈਫਲਾਂ ਦੇ ਸਾਂਝੇ ਉਤਪਾਦਨ ਸਬੰਧੀ ਸਮਝੋਤੇ ’ਤੇ ਹਸਤਾਖਰ ਕੀਤੇ ਗਏ ਅਤੇ 2031 ਤੱਕ ਲਈ ਫ਼ੌਜੀ ਸਹਿਯੋਗ ਵਧਾਇਆ ਗਿਆ। ਇਸ ‘2+2’ ਪੱਧਰੀ ਗੱਲਬਾਤ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਉਨ੍ਹਾਂ ਦੇ ਰੂਸੀ ਹਮਰੁਤਬਾ ਸਰਗੇਈ ਲਵਰੋਵ ਅਤੇ ਰੂਸ ਦੇ ਰੱਖਿਆ ਮੰਤਰੀ ਜਨਰਲ ਸਰਗੇਈ ਸ਼ੋਇਗੂ ਵੀ ਹਾਜ਼ਰ ਸਨ।

ਇਸ ਦੌਰਾਨ ਮੰਤਰੀਆਂ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਵਿਆਪਕ ਚਰਚਾ ਕੀਤੀ। ‘2+2’ ਗੱਲਬਾਤ ਤੋਂ ਪਹਿਲਾਂ ਰਾਜਨਾਥ ਅਤੇ ਸ਼ੋਇਗੂ ਨੇ ਸਾਂਝੇ ਤੌਰ ’ਤੇ ਫ਼ੌਜ ਅਤੇ ਫ਼ੌਜੀ ਤਕਨੀਕ ਸਬੰਧੀ ਸਹਿਯੋਗ ਬਾਰੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ (ਆਈਆਰਆਈਜੀਸੀ-ਐੱਮ ਐਂਡ ਐੱਮਟੀਸੀ) ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਵਿਚ ਛੇ ਲੱਖ ਏਕੇ-203 ਅਸਾਲਟ ਰਾਈਫਲਾਂ ਦੇ ਸਾਂਝੇ ਸਹਿਯੋਗ ਸਮੇਤ 28 ਸਮਝੌਤਿਆਂ ’ਤੇ ਸਹੀ ਪਾਈ ਅਤੇ ਦਸ ਸਾਲਾਂ ਲਈ 2031 ਤੱਕ ਫ਼ੌਜੀ ਸਹਿਯੋਗ ਵਧਾਇਆ ਗਿਆ। ਰੱਖਿਆ ਮੰਤਰੀ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਬਦਲਦੇ ਹਾਲਾਤ ਵਿਚ ਰੂਸ ਭਾਰਤ ਦਾ ਇਕ ਪ੍ਰਮੁੱਖ ਭਾਈਵਾਲ ਰਹੇਗਾ।

ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਭਾਰਤ ਤੇ ਰੂਸ ਦੇ ਸਬੰਧ ਬਦਲ ਰਹੇ ਵਿਸ਼ਵ ਵਿਚ ‘ਬਹੁਤ ਨੇੜਲੇ ਅਤੇ ਸਮੇਂ ਦੀ ਕਸੌਟੀ ’ਤੇ ਖਰੇ ਉਤਰੇ ਹਨ। ਇਹ ਸਬੰਧ ਅਸਾਧਾਰਨ ਤੌਰ ’ਤੇ ਸਥਾਈ ਰਹੇ ਹਨ। ਉਧਰ, ਸ਼ੋਇਗੂ ਨੇ ਕਿਹਾ ਕਿ ਭਾਰਤ-ਰੂਸ ਸਬੰਧਾਂ ਵਿਚ ਦੁਵੱਲਾ ਫ਼ੌਜੀ-ਤਕਨੀਕੀ ਸਹਿਯੋਗ ਖ਼ਾਸ ਤੌਰ ’ਤੇ ਅਹਿਮ ਹੈ ਤੇ ਉਨ੍ਹਾਂ ਨੇ ਭਵਿੱਖ ਦੇ ਸਹਿਯੋਗ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਹੈ। ਇਸੇ ਦੌਰਾਨ ਰੂਸੀ ਵਿਦੇਸ਼ ਮੰਤਰੀ ਲਵਰੋਵ ਨੇ ਕਿਹਾ ਕਿ ‘2+2’ ਮੰਤਰੀ ਪੱਧਰ ਦੀ ਗੱਲਬਾਤ ਰਵਾਇਤੀ ਸਮਝ ਦਾ ਹੋਰ ਵਿਸਥਾਰ ਕਰੇਗੀ ਅਤੇ ਦੋਵੇਂ ਦੇਸ਼ਾਂ ਦੀ ਵਿਸ਼ੇਸ਼ ਤੇ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਲਾਦੇਸ਼ ਨਾਲ ਗੂੜ੍ਹੇ ਸਬੰਧਾਂ ਲਈ ਕੰਮ ਕਰਨਾ ਜਾਰੀ ਰੱਖਾਂਗਾ: ਮੋਦੀ
Next articleਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਬਾਰੇ ਮੀਟਿੰਗ ਅੱਜ