ਨਵੀਂ ਦਿੱਲੀ (ਸਮਾਜ ਵੀਕਲੀ): ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਭਾਰਤ ਨੇ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਕਤਰ ’ਚ ਭਾਰਤੀ ਰਾਜਦੂਤ ਨੇ ਅੱਜ ਤਾਲਿਬਾਨ ਦੇ ਇੱਕ ਉੱਚ ਆਗੂ ਨਾਲ ਗੱਲਬਾਤ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤੇ ਜਾਣ ਮਗਰੋਂ ਇਹ ਦੋਵਾਂ ਧਿਰਾਂ ਵਿਚਾਲੇ ਪਹਿਲੀ ਰਸਮੀ ਮੁਲਾਕਾਤ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਤਾਲਿਬਾਨ ਦੀ ਅਪੀਲ ’ਤੇ ਦੋਹਾ ’ਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨੇਕਜ਼ਈ ਨਾਲ ਮੁਲਾਕਾਤ ਕੀਤੀ। ਤਾਲਿਬਾਨ ਦੇ ਪਾਕਿਸਤਾਨ ਨਾਲ ਨਜ਼ਦੀਕੀ ਰਿਸ਼ਤਿਆਂ ਕਾਰਨ ਭਾਰਤ ਦੀਆਂ ਫਿਕਰਾਂ ਵੱਧ ਗਈਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਦੋਵਾਂ ਧਿਰਾਂ ਨੇ ਅਫ਼ਗਾਨਿਸਤਾਨ ’ਚ ਰਹਿ ਗਏ ਭਾਰਤੀਆਂ ਦੀ ਸੁਰੱਖਿਆ ਬਾਰੇ ਵਿਚਾਰ ਚਰਚਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਿੱਤਲ ਨੇ ਤਾਲਿਬਾਨ ਕੋਲ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਭਾਰਤ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਲਈ ਕੀਤੇ ਜਾਣ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly