ਢਾਕਾ (ਸਮਾਜ ਵੀਕਲੀ): ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਪੁਰਾਣੀ ਭਾਈਵਾਲੀ, ਸਾਂਝੀ ਭਾਸ਼ਾ ਤੇ ਸੱਭਿਆਚਾਰ ’ਤੇ ਆਧਾਰਿਤ ਵਿਸ਼ੇਸ਼ ਤੌਰ ’ਤੇ ਨਜ਼ਦੀਕੀ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਅੱਜ ਇੱਥੇ ਕਿਹਾ ਕਿ ਬੰਗਲਾਦੇਸ਼ ਨੂੰ ਮਜ਼ਬੂਤ ਅਰਥਚਾਰਾ ਤੇ ਖੁਸ਼ਹਾਲ ਬਣਾਉਣ ਲਈ ਭਾਰਤ ਉਸ ਦੀ ਮਦਦ ਲਈ ਵਚਨਬੱਧ ਹੈ। ਰਾਸ਼ਟਰਪਤੀ ਕੋਵਿੰਦ ਨੇ ਬੰਗਲਾਦੇਸ਼ ਦੀ ਆਪਣੀ ਪਹਿਲੀ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਹ 1971 ਦੀ ਆਜ਼ਾਦੀ ਦੀ ਜੰਗ ’ਚ ਪਾਕਿਸਤਾਨ ਤੋਂ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਸਮਾਗਮਾਂ ’ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਦੇ ਰਾਸ਼ਟਰਪਤੀ ਐੱਮ ਅਬਦੁਲ ਹਮੀਦ ਦੇ ਸੱਦੇ ’ਤੇ ਬੁੱਧਵਾਰ ਨੂੰ ਤਿੰਨ ਰੋਜ਼ਾ ਯਾਤਰਾ ’ਤੇ ਇੱਥੇ ਪਹੁੰਚੇ ਸਨ।
ਉਨ੍ਹਾਂ ਕਿਹਾ, ‘ਭਾਰਤੀਆਂ ਦੇ ਦਿਲਾਂ ’ਚ ਬੰਗਲਾਦੇਸ਼ ਦਾ ਵਿਸ਼ੇਸ਼ ਸਥਾਨ ਹੈ। ਸਾਡੀ ਦਹਾਕਿਆਂ ਪੁਰਾਣੀ ਭਾਈਵਾਲੀ, ਸਾਂਝੀ ਭਾਸ਼ਾ ਤੇ ਸੱਭਿਆਚਾਰ ’ਤੇ ਆਧਾਰਿਤ ਵਿਸ਼ੇਸ਼ ਤੌਰ ’ਤੇ ਕਰੀਬੀ ਸਬੰਧ ਹਨ।’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੀ ਸ਼ਾਨਦਾਰ ਲੀਡਰਸ਼ਿਪ ਨੇ ਇਨ੍ਹਾਂ ਰਿਸ਼ਤਿਆਂ ਨੂੰ ਸਿੰਜਿਆ ਹੈ। ਬੰਗਲਾਦੇਸ਼ ਲਈ ਆਪਣੀ ਹਮਾਇਤ ਦੁਹਰਾਉਂਦਿਆਂ ਕੋਵਿੰਦ ਨੇ ਕਿਹਾ ਕਿ ਭਾਰਤ ਅਜਿਹੇ ਬੰਗਲਾਦੇਸ਼ ਦੀ ਹਮਾਇਤ ’ਚ ਖੜ੍ਹਾ ਰਹੇਗਾ ਜੋ ਇਸ ਮੁਲਕ ਦੇ ਆਜ਼ਾਦੀ ਸੰਘਰਸ਼ ’ਚੋਂ ਨਿਕਲੀਆਂ ਕਦਰਾਂ-ਕੀਮਤਾਂ ਨੂੰ ਸੰਭਾਲ ਕੇ ਰੱਖੇਗਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ’ਚ ਤਰੱਕੀ ਤੇ ਵਿਕਾਸ ਦਾ ਇੱਕ ਮਾਡਲ ਬਣ ਰਿਹਾ ਹੈ। ਇਸ ਮੁਲਕ ਨੇ ਦੁਨੀਆ ਨੂੰ ਇਹ ਸਾਬਤ ਕੀਤਾ ਹੈ ਕਿ ਬੰਗਲਾਦੇਸ਼ ਦੇ ਲੋਕਾਂ ਦੀ ਲੜਾਈ ਇੱਕ ਸਹੀ ਵਜ੍ਹਾ ਲਈ ਸੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ’ਚ ਆਜ਼ਾਦੀ ਦੀ ਜੰਗ ਤੋਂ ਬਾਅਦ ਵੱਡੇ ਸਮਾਜਿਕ-ਆਰਥਿਕ ਤਬਦੀਲੀਆਂ ਆਈਆਂ ਹਨ। ਉਨ੍ਹਾਂ ਕਿਹਾ, ‘ਭਾਰਤ ਨੇ ਜ਼ਿਕਰਯੋਗ ਵਿਕਾਸ ਦੇਖਿਆ ਹੈ। ਸਾਡੇ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਆਰਥਿਕ ਤੇ ਸਮਾਜਿਕ ਮੇਲ ਨੇ ਵੀ ਤਰੱਕੀ ਤੇ ਵਿਕਾਸ ਦੀ ਸਾਂਝੀ ਕਹਾਣੀ ’ਚ ਯੋਗਦਾਨ ਪਾਇਆ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly