ਯੂਐੱਨ ’ਚ ਰੂਸੀ ਮਤੇ ’ਤੇ ਵੋਟਿੰਗ ’ਚੋਂ ਭਾਰਤ ਰਿਹਾ ਗੈਰਹਾਜ਼ਰ

 

  • ਭਾਰਤ ਦਾ ਰੁਖ ਦ੍ਰਿੜ੍ਹ ਅਤੇ ਸਪੱਸ਼ਟ: ਜੈਸ਼ੰਕਰ

ਨਵੀਂ ਦਿੱਲੀ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਬੁੱਧਵਾਰ ਨੂੰ ਯੂਕਰੇਨ ’ਚ ਮਾਨਵੀ ਸੰਕਟ ਬਾਰੇ ਰੂਸੀ ਮਤੇ ’ਚੋਂ ਭਾਰਤ ਸਮੇਤ 13 ਮੁਲਕਾਂ ਨੇ ਦੂਰੀ ਬਣਾਈ ਅਤੇ ਉਨ੍ਹਾਂ ਵੋਟਿੰਗ ’ਚ ਹਿੱਸਾ ਨਹੀਂ ਲਿਆ। ਉਧਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਯੂਕਰੇਨ ਅਤੇ ਰੂਸ ਵਿਚਕਾਰ ਜਾਰੀ ਜੰਗ ਦੌਰਾਨ ਭਾਰਤ ਦਾ ਰੁਖ ਦ੍ਰਿੜ੍ਹ ਅਤੇ ਸਪੱਸ਼ਟ ਰਿਹਾ ਹੈ ਅਤੇ ਉਸ ਨੇ ਹਿੰਸਾ ਨੂੰ ਫੌਰੀ ਰੋਕਣ ਅਤੇ ਹਰ ਤਰ੍ਹਾਂ ਦੀ ਦੁਸ਼ਮਣੀ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। ਰੂਸ ਦੇ ਮਤੇ ਨੂੰ ਤਿਆਰ ਕਰਨ ’ਚ ਸੀਰੀਆ, ਉੱਤਰੀ ਕੋਰੀਆ ਅਤੇ ਬੇਲਾਰੂਸ ਨੇ ਸਹਿਯੋਗ ਦਿੱਤਾ ਸੀ। ਰੂਸ ਨੂੰ ਮਤਾ ਪਾਸ ਕਰਾਉਣ ਲਈ 15 ਮੈਂਬਰੀ ਸਲਾਮਤੀ ਪਰਿਸ਼ਦ ’ਚ ਘੱਟੋ ਘੱਟ 9 ਵੋਟਾਂ ਦੀ ਲੋੜ ਸੀ ਅਤੇ ਨਾਲ ਹੀ ਇਹ ਵੀ ਜ਼ਰੂਰੀ ਸੀ ਕਿ ਚਾਰ ਹੋਰ ਪੱਕੇ ਮੈਂਬਰ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਚੀਨ ’ਚੋਂ ਕੋਈ ਵੀ ਵੀਟੋ ਦੀ ਵਰਤੋਂ ਨਾ ਕਰੇ।

ਰੂਸ ਅਤੇ ਚੀਨ ਨੇ ਮਤੇ ਦੇ ਪੱਖ ’ਚ ਵੋਟ ਦਿੱਤੀ। ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਦਾ ਸਟੈਂਡ ਛੇ ਸਿਧਾਂਤਾਂ ’ਤੇ ਆਧਾਰਿਤ ਹੈ ਅਤੇ ਸਰਕਾਰ ਰੂਸ ਨੂੰ ਅਦਾਇਗੀ ਸਮੇਤ ਵਪਾਰ ਨਾਲ ਸਬੰਧਤ ਵੱਖ ਵੱਖ ਪੱਖਾਂ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਜੇਕਰ ਭਾਰਤ, ਅਮਰੀਕਾ ਦੀ ਹਮਾਇਤ ਨਹੀਂ ਕਰੇਗਾ ਤਾਂ ਉਹ ਵਾਪਰ ਅਤੇ ਵਣਜ ਵਧਾਉਣ ਲਈ ਅਮਰੀਕਾ ਤੋਂ ਸਹਿਯੋਗ ਦੀ ਆਸ ਕਿਵੇਂ ਕਰੇਗਾ ਤਾਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤੀ ਵਿਦੇਸ਼ ਨੀਤੀ ਦੇ ਫ਼ੈਸਲੇ ਦੇਸ਼ ਹਿੱਤ ’ਚ ਲਏ ਜਾਂਦੇ ਹਨ। ਜੈਸ਼ੰਕਰ ਨੇ ਮੰਨਿਆ ਕਿ ਰੂਸ ਨਾਲ ਸਿੱਝਣ ’ਚ ਕਈ ਸਮੱਸਿਆਵਾਂ ਹਨ ਅਤੇ ਅੰਤਰ-ਮੰਤਰਾਲਾ ਗਰੁੱਪ ਇਨ੍ਹਾਂ ਮੁੱਦਿਆਂ ’ਤੇ ਵਿਚਾਰ ਚਰਚਾ ਕਰ ਰਿਹਾ ਹੈ। ਤੇਲ ਕਾਰੋਬਾਰ ਬਾਰੇ ਉਨ੍ਹਾਂ ਕਿਹਾ ਕਿ ਭਾਰਤ, ਰੂਸ ਤੋਂ ਇਕ ਫ਼ੀਸਦ ਤੋਂ ਘੱਟ ਤੇਲ ਦਰਾਮਦ ਕਰ ਰਿਹਾ ਹੈ ਜਦਕਿ ਬਹੁਤ ਸਾਰੇ ਮੁਲਕ 10 ਤੋਂ 20 ਗੁਣਾ ਵਧ ਤੇਲ ਬਰਾਮਦ ਕਰ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਨੇ ਸੂਬੇ ਲਈ ਮੰਗਿਆ ਇਕ ਲੱਖ ਕਰੋੜ ਰੁਪਏ ਦਾ ਵਿੱਤੀ ਪੈਕੇਜ
Next articleਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਰੂਸ ਖਿਲਾਫ਼ ਮਤਾ ਪਾਸ