ਬੰਗਾ (ਸਮਾਜ ਵੀਕਲੀ): ਇੱਥੋਂ ਦੇ ਖਟਕੜ ਕਲਾਂ ਵਿੱਚ 16 ਮਾਰਚ ਨੂੰ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਪ੍ਰਸ਼ਾਸਨ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਵੀਆਈਪੀ ਅਤੇ ਲੋਕਾਂ ਦੇ ਵੱਖੋ-ਵੱਖਰੇ ਦਾਖ਼ਲੇ ਲਈ 21 ਵੱਡੇ-ਛੋਟੇ ਸਵਾਗਤੀ ਗੇਟ ਤਿਆਰ ਹੋ ਰਹੇ ਹੈ। ਸਮਾਗਮ ਵਿੱਚ ਦਿੱਲੀ ਸਮੇਤ ਹੋਰ ਰਾਜਾਂ ਤੋਂ ਪੁੱਜਣ ਵਾਲੇ ਵੱਡੇ ਆਗੂਆਂ ਦੇ ਹੈਲੀਕਾਪਟਰਾਂ ਲਈ ਚਾਰ ਹੈਲੀਪੈਡ ਬਣਾਏ ਗਏ ਹਨ। ਇਸ ਦੇ ਨਾਲ ਹੀ ਖਟਕੜ ਕਲਾਂ ਨੂੰ ਆਉਂਦੀਆਂ ਕਈ ਸੰਪਰਕ ਸੜਕਾਂ ’ਤੇ ਪੈਚ ਵਰਕ ਚੱਲ ਰਿਹਾ ਹੈ। ਸਮਾਗਮ ਅਤੇ ਪਾਰਕਿੰਗ ਲਈ ਡੇਢ ਸੌ ਏਕੜ ਦੇ ਕਰੀਬ ਖੇਤ ਕਬਜ਼ੇ ਵਿੱਚ ਲਏ ਗਏ ਹਨ।
ਕੁਝ ਖੇਤਾਂ ਵਿੱਚੋਂ ਕਣਕ, ਸਰ੍ਹੋਂ, ਆਲੂ ਅਤੇ ਹੋਰ ਫ਼ਸਲਾਂ ਦੀ ਕਟਾਈ ਜਾਰੀ ਹੈ ਅਤੇ ਬਾਕੀਆਂ ਵਿੱਚ ਰੋਲਰ ਫੇਰੇ ਜਾ ਰਹੇ ਹਨ। ਫ਼ਸਲਾਂ ਦੇ ਮੁਆਵਜ਼ੇ ਸਬੰਧੀ ਮਾਲ ਵਿਭਾਗ ਵੱਲੋਂ ਭਾਵੇਂ ਪ੍ਰਤੀ ਏਕੜ ਰਕਮ ਤੈਅ ਕਰ ਦਿੱਤੀ ਗਈ ਹੈ ਪਰ ਪਿੰਡ ਵਾਸੀ ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆ ਜਾਂਦੇ, ਉਦੋਂ ਤੱਕ ਫਿਕਰ ਲੱਗਿਆ ਰਹੇਗਾ। ਸਾਫ਼-ਸਫ਼ਾਈ ਲਈ ਪੰਚਾਇਤਾਂ ਰਾਹੀਂ ਮਗਨਰੇਗਾ ਕਰਮੀ ਅਤੇ ਨਗਰ ਪਾਲਿਕਾਵਾਂ ਤੋਂ ਪੁੱਜੇ ਸਫ਼ਾਈ ਕਰਮਚਾਰੀ ਕੰਮ ਲੱਗੇ ਹੋਏ ਹਨ। ਜੰਗਲਾਤ ਮਹਿਕਮੇ ਦੀ ਕਰਮਚਾਰੀ ਅਮਰਜੋਤ ਕੌਰ ਆਪਣੀ ਟੀਮ ਨਾਲ ਸਮਾਰਕ ਦੇ ਅੱਗਿਓਂ ਲੰਘਦੀ ਜਲੰਧਰ-ਮੁਹਾਲੀ ਸੜਕ ਨਾਲ ਬੂਟਿਆਂ ਦੁਆਲੇ ਲੱਕੜ ਅਤੇ ਸੀਮਿੰਟ ਦੇ ਜੰਗਲੇ ਲੁਆ ਰਹੇ ਸਨ। ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਮੇਵਾਰੀ 18 ਵੀਆਈਪੀ ਅਤੇ 1400 ਆਮ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਲੱਗੀ ਹੋਈ ਹੈ।
ਇਸ ਸਮਾਗਮ ਵਿੱਚ ਵੀਆਈਪੀਜ਼ ਦੇ ਸ਼ਾਮਲ ਹੋਣ ਨੂੰ ਮੁੱਖ ਰੱਖਦਿਆਂ ਸੂਬੇ ਭਰ ਤੋਂ ਪੁਲੀਸ ਫੋਰਸ ਪੁੱਜ ਚੁੱਕੀ ਹੈ। ਸਮਾਰਕ ਵਾਲੀ ਦੀਵਾਰ ਦੁਆਲੇ ਵੱਡੇ ਪਰਦੇ ਲਾ ਦਿੱਤੇ ਗਏ ਹਨ। ਇਸ ਦੇ ਨਾਲ ਖਟਕੜ ਕਲਾਂ ਦੇ ਚੌਗਿਰਦੇ ਨਾਲ ਲੱਗਦੀਆਂ ਸੰਪਰਕ ਸੜਕਾਂ ’ਤੇ ਬੈਰੀਕੇਡ ਰੱਖ ਦਿੱਤੇ ਗਏ ਹਨ। ਪਿੰਡ ਦੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਖਟਕੜ ਕਲਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਨਮਾਨ ਕਰਨਗੇ ਪਰ ਉਨ੍ਹਾਂ ਨੂੰ ਅਜੇ ਤੱਕ ਪਾਸ ਮੁਹੱਈਆ ਨਹੀਂ ਹੋਏ।
ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿੱਚ ਕੱਢੇ ਗਏ ਰੋਡ ਸ਼ੋਅ ਵਾਂਗ ਖਟਕੜ ਕਲਾਂ ਵਿੱਚ ਵੀ ਸਰਕਾਰੀ ਮਸ਼ੀਨਰੀ ਵਰਤ ਹੋਵੇਗੀ। ਦੱਸਣਯੋਗ ਹੈ ਕਿ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਦਫ਼ਤਰਾਂ ਦਾ ਕੰਮ-ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਿਨ ਸਮਾਗਮ ਵਾਲੀ ਥਾਂ ਕੋਲੋਂ ਲੰਘਦੀ ਮੁੱਖ ਮਾਰਗ ਵਾਲੀ ਟਰੈਫ਼ਿਕ ਚਾਰ ਗੁਣਾ ਪੈਂਡਾ ਤੈਅ ਕਰਕੇ ਆਪਣੇ ਟਿਕਾਣੇ ’ਤੇ ਪੁੱਜਗੀ।
ਉੱਚ ਅਧਿਕਾਰੀਆਂ ਵੱਲੋਂ ਪ੍ਰਬੰਧਾਂ ਦੀ ਸਮੀਖਿਆ
ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਪੁਲੀਸ ਡਾਇਰੈਕਟਰ ਜਨਰਲ ਵੀ.ਕੇ. ਭਾਵੜਾ ਅਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਣੂ ਪ੍ਰਸਾਦ ਨੇ ਅੱਜ ਇੱਥੇ ਸਹੁੰ ਚੁੱਕ ਸਮਾਗਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਅੱਜ ਇੱਥੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੱਕਾਰੀ ਸਮਾਗਮ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਹਨ, ਜਿਸ ਵਿੱਚ ਲੱਖਾਂ ਲੋਕਾਂ ਦੇ ਭਾਗ ਲੈਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਮੈਗਾ ਈਵੈਂਟ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly