12.5 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲ਼ੀ ਫਿਰਨੀ ਦਾ ਰੱਖਿਆ ਨੀਂਹ ਪੱਥਰ
ਕਪੂਰਥਲਾ (ਕੌੜਾ)– ਗ੍ਰਾਮ ਪੰਚਾਇਤ ਮੁਕਟਰਾਮਰਾਮ ਵਾਲਾ ਵੱਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਦਿੱਤੇ ਸਹਿਯੋਗ ਸਦਕਾ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਵੱਖ-ਵੱਖ ਕਾਰਜਾਂ ਜਿਨ੍ਹਾਂ ਵਿੱਚ ਪਾਰਕ, ਸੀਵਰੇਜ, ਸ਼ਮਸ਼ਾਨਘਾਟ, ਇੰਟਰਲਾਕ ਅਤੇ ਗਲੀਆਂ ਨਾਲੀਆਂ ਆਦਿ ਦਾ ਉਦਘਾਟਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ।ਇਸ ਤੋਂ ਪਹਿਲਾਂ ਪਿੰਡ ਪਹੁੰਚਣ ਤੇ ਨਗਰ ਨਿਵਾਸੀਆਂ ਵੱਲੋਂ ਹਲਕਾ ਵਿਧਾਇਕ ਚੀਮਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਦਿਲੀਂ ਤਮੰਨਾ ਹੈ ਕਿ ਹਲਕੇ ਦੇ ਹਰ ਪਿੰਡ ਵਿੱਚ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਉਪਲਬੱਧ ਹੋਣ,ਜਿਸ ਦੇ ਤਹਿਤ ਹਲਕੇ ਦੇ ਸਮੁੱਚੇ ਪਿੰਡਾਂ ਵਿੱਚ ਉਨ੍ਹਾਂ ਵੱਲੋਂ ਕੀਤੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਹਨ। ਅੱਜ ਹਲਕੇ ਦੇ ਹਰ ਪਿੰਡ ਵਿੱਚ ਪਾਰਕਾਂ, ਆਧੁਨਿਕ ਛੱਪੜਾਂ, ਕੰਕਰੀਟ ਗਲ਼ੀਆਂ, ਸੀਵਰੇਜ ਪਾਉਣ ਦਾ 90 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਪੰਜਾਬ ਦਾ ਪਹਿਲਾ ਹਲਕਾ ਹੈ ਜਿੱਥੇ ਸਰਕਾਰ ਨੇ ਦਿਲ ਖੋਲ੍ਹ ਕੇ ਗ੍ਰਾਂਟਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ 5.50 ਕਰੋੜ ਦੀ ਲਾਗਤ ਨਾਲ ਹਲਕੇ ਅੰਦਰ ਰਹਿੰਦੀਆਂ ਸੜਕਾਂ ਦਾ ਨਿਰਮਾਣ ਜ਼ੰਗੀ ਪੱਧਰ ਤੇ ਚੱਲ ਰਿਹਾ ਹੈ। ਹਲਕੇ ਅੰਦਰ ਕੋਈ ਵੀ ਸੜਕ ਆਉਣ ਵਾਲੇ ਦਿਨਾਂ ਵਿੱਚ ਅਧੂਰੀ ਨਹੀਂ ਰਹੇਗੀ।ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮੰਗ ਤੇ 12.5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲ਼ੀ ਫਿਰਨੀ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਐਲਾਨ ਕੀਤਾ ਕਿ ਇਹ ਫਿਰਨੀ ਕੁਝ ਦਿਨਾਂ ਵਿੱਚ ਹੀ ਤਿਆਰ ਹੋ ਜਾਵੇਗੀ।ਇਸ ਮੌਕੇ ਸਰਪੰਚ ਗੁਰਵਿੰਦਰ ਕੌਰ ਧੰਜੂ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮੁੱਚਾ ਨਗਰ ਉਨ੍ਹਾਂ ਨਾਲ਼ ਚਟਾਨ ਵਾਂਗ ਖੜਾ ਹੈ।ਇਸ ਮੌਕੇ ਐਸ.ਡੀ.ਓ ਨੀਰਜ ਗੁਪਤਾ, ਚੇਅਰਮੈਨ ਤੇਜਵੰਤ ਸਿੰਘ,ਪੰਚ ਸੁਰਿੰਦਰ ਕੌਰ,ਪੰਚ ਬਲਜਿੰਦਰ ਸਿੰਘ,ਪੰਚ ਰੇਸ਼ਮ ਸਿੰਘ,ਪੰਚ ਦੇਵਿੰਦਰ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ ਥਿੰਦ,ਦਵਿੰਦਰ ਸਿੰਘ, ਕੰਵਰਬੀਰ ਸਿੰਘ, ਲਖਵਿੰਦਰ ਸਿੰਘ, ਨਵਜੋਤ ਕੌਰ, ਸੈਕਟਰੀ ਨਿਰਮਲ ਸਿੰਘ,ਏ.ਪੀ.ਈ.ਓ ਚਰਨਜੀਤ ਸਿੰਘ, ਹੈਪੀ ਸੰਧੂ ਆਦਿ ਹਾਜ਼ਰ ਸਨ।
—