ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠ ਦਰੜਿਆ, ਅੱਠ ਮੌਤਾਂ

ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਇੱਥੇ ਤਿਕੋਨੀਆ-ਬਨਬੀਰਪੁਰ ਮਾਰਗ ਉੱਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਖ਼ਿਲਾਫ਼ ਅੱਜ ਪ੍ਰਦਰਸ਼ਨ ਕਰ ਰਹੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧੀਆਂ ਨੂੰ ਕਥਿਤ ਤੌਰ ਉੱਤੇ ਦੋ ਐੱਸਯੂਵੀ ਵਾਹਨਾਂ ਰਾਹੀਂ ਦਰੜ ਦਿੱਤਾ ਗਿਆ। ਲਖੀਮਪੁਰ ਖੀਰੀ ਦੇ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਕੁਮਾਰ ਚੌਰਸੀਆ ਨੇ ਦੱਸਿਆ ਕਿ ਇਸ ਘਟਨਾ ਵਿਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਘਟਨਾ ਵਿਚ ਮਰਨ ਵਾਲਿਆਂ ਵਿੱਚੋਂ ਚਾਰ ਕਿਸਾਨ ਸਨ ਅਤੇ ਚਾਰ ਲੋਕ ਵਾਹਨਾਂ ਵਿਚ ਸਵਾਰ ਸਨ। ਇਸੇ ਦੌਰਾਨ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਘਟਨਾ ਦੇ ਵਿਰੋਧ ਵਿਚ ਭਲਕੇ ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸੇ ਦੌਰਾਨ ਸਮਯੁਕਤ ਕਿਸਾਨ ਮੋਰਚਾ ਨੇ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉੱਧਰ, ਕਿਸਾਨ ਆਗੂ ਗੁਰਮਨੀਤ ਸਿੰਘ ਮਾਂਗਟ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਉਨ੍ਹਾਂ ਕੋਲ ਸ਼ਹੀਦ ਹੋਏ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਆ ਚੁੱਕੀਆਂ ਹਨ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ(20) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਮਕਰੋਨੀਆ ਨਾਨਪਾਰਾ, ਦਲਜੀਤ ਸਿੰਘ(35) ਪੁੱਤਰ ਹਰੀ ਸਿੰਘ ਵਾਸੀ ਪਿੰਡ ਵਣਜਾਰਾ ਠੱਠਾ ਨਾਨਪਾਰਾ, ਨਕਸ਼ਤਰ ਸਿੰਘ (65) ਪੁੱਤਰ ਸੁੱਬਾ ਸਿੰਘ ਸਿੰਘ ਵਾਸੀ ਨਿਆਪੂਰਵਾ ਧੌਰਹਰਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਿਨਾਮ ਸਿੰਘ(20) ਵਾਸੀ ਚੌਕੜਾ ਫਾਰਮ ਪਲੀਆਕਲਾ ਵਜੋਂ ਹੋਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਸਨ। ਇਸ ਘਟਨਾ ਤੋਂ ਖ਼ਫ਼ਾ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ਉੱਤੇ ਦੋ ਗੱਡੀਆਂ ਨੂੰ ਜਬਰੀ ਰੋਕ ਕੇ ਉਨ੍ਹਾਂ ਵਿਚ ਅੱਗ ਲਗਾ ਦਿੱਤਾ। ਉਨ੍ਹਾਂ ਕਥਿਤ ਤੌਰ ਉੱਤੇ ਕੁਝ ਯਾਤਰੀਆਂ ਦੀ ਕੁੱਟਮਾਰ ਵੀ ਕੀਤੀ। ਕਿਸਾਨ ਮੌਰਿਆ ਦੇ ਬਨਬੀਰਪੁਰ ਦੌਰੇ ਦਾ ਵਿਰੋਧ ਕਰ ਰਹੇ ਸਨ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਖੀਰੀ ਤੋਂ ਸੰਸਦ ਮੈਂਬਰ ਅਜੈ ਕੁਮਾਰ ਮਿਸ਼ਰਾ ਦੇ ਜੱਦੀ ਪਿੰਡ ਹੈ। ਇਸ ਘਟਨਾ ਵਿਚ ਕੁਝ ਪੱਤਰਕਾਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ। ਇਸ ਵਿਚਾਲੇ ਉਪ ਮੁੱਖ ਮੰਤਰੀ ਮੌਰਿਆ ਦਾ ਬਨਬੀਰਪੁਰ ਦੌਰਾ ਰੱਦ ਕਰ ਦਿੱਤਾ ਗਿਆ ਹੈ। ਇਸ ਘਟਨਾ ਸਬੰਧੀ ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕਦਲ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਘਟਨਾ ਲਈ ਭਾਜਪਾ ਤੇ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਉੱਤੇ ਦੋਸ਼ ਲਗਾਇਆ ਹੈ। ਰਾਕੇਸ਼ ਟਿਕੈਤ ਵੀ ਗਾਜ਼ੀਪੁਰ ਤੋਂ ਨਿਕਲ ਰਹੇ ਹਨ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਇਕ ਟਵੀਟ ਰਾਹੀਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੇਜਿੰਦਰ ਸਿੰਘ ਵਿਰਕ ਦਾ ਵਧੀਆ ਤੋਂ ਵਧੀਆ ਇਲਾਜ ਕਰਵਾਏ। ਉੱਧਰ, ਕਾਂਗਰਸ ਨੇ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

Previous articleਹਲਕਾ ਵਿਧਾਇਕ ਨੇ ਬੇ ਜ਼ਮੀਨੇ ਖੇਤ ਕਾਮਿਆਂ ਨੂੰ ਚੈੱਕ ਵੰਡੇ
Next articleਲਖੀਮਪੁਰ-ਖੀਰੀ ਹਾਦਸੇ ਨੂੰ ਲੈ ਕੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਦਿੱਤਾ ਇਹ ਬਿਆਨ