ਪਿੰਡਾਂ ਦੀ ਬਿਹਤਰੀ ਲਈ ਗਠਿਤ ਕਮੇਟੀਆਂ ਜਾਂ ਕਲੱਬਾਂ ‘ਚ ਇਮਾਨਦਾਰੀ ਦਾ ਹੋਣਾ ਲਾਜ਼ਮੀ_ ਪ੍ਰਿੰਸੀਪਲ ਮੇਹਰ ਸਿੰਘ ਸੰਧੂ 

ਮਾ ਬਿੱਕਰ ਸਿੰਘ ਹਾਂਗਕਾਂਗ ਵੱਲੋਂ ਉਲੀਕੇ ਕਾਰਜਾਂ ਨੂੰ ਸ਼ੁਰੂ-ਕਰਨ ਲਈ ਭਲੂਰ ਵਾਸੀਆਂ ਨੇ ਕੀਤੀ ਭਰਵੀਂ ਇਕੱਤਰਤਾ 
ਮੋਗਾ/ਭਲੂਰ 22 ਜੁਲਾਈ (ਬੇਅੰਤ ਗਿੱਲ ਭਲੂਰ)-ਆਪਣੇ ਪਿੰਡ ਲਈ ਆਪਾ ਵਾਰਨ ਵਾਲੀ ਸ਼ਖ਼ਸੀਅਤ ਮਾ ਬਿੱਕਰ ਸਿੰਘ ਹਾਂਗਕਾਂਗ ਪਿਛਲੇ ਲੰਬੇ ਸਮੇਂ ਤੋਂ ਪਿੰਡ ਭਲੂਰ ਵਿਚ ਇਕ ਵਿਸ਼ਾਲ ਧਰਮਸ਼ਾਲਾ (ਪੈਲਿਸ) ਬਣਾਉਣ ਲਈ ਮਾਰੇ ਮਾਰੇ ਫਿਰ ਰਹੇ ਹਨ। ਜ਼ੈਲਦਾਰ ਦਲੀਪ ਸਿੰਘ ਦੇ ਪਰਿਵਾਰ ਵੱਲੋਂ ਜ਼ਮੀਨ ਦਾਨ ਹੋਈ ਨੂੰ ਵੀ ਲੰਬਾ ਸਮਾਂ ਗੁਜ਼ਰ ਚੁੱਕਾ ਹੈ। ਪਿੰਡ ਲਈ ਸਿਰੜ ਤੇ ਸਿਦਕ ਨਾਲ ਕੰਮ ਕਰ ਰਹੇ ਮਾ ਬਿੱਕਰ ਸਿੰਘ ਨੇ ਆਪਣੀ ਨਿੱਜੀ ਜ਼ਮੀਨ ਵੀ ਪਿੰਡ ਦੀ ਖਾਤਰ ਵੇਚ ਦਿੱਤੀ ਹੈ। ਜ਼ੈਲਦਾਰਾਂ ਵੱਲੋਂ ਦਿੱਤੇ ਥਾਂ ਦੇ ਨਾਲ ਲੱਗਵਾਂ ਥਾਂ ਵੀ ਆਪਣੀ ਜੇਬ ‘ਚੋਂ ਲੱਖਾਂ ਰੁਪਏ ਦੇ ਕੇ ਖ੍ਰੀਦ ਲਿਆ ਹੈ।
ਇੱਟਾਂ ਲੈਣ ਲਈ ਭੱਠੇ ਵਾਲਿਆਂ ਨੂੰ ਵੀ ਪਹਿਲਾਂ ਹੀ ਲੱਖਾਂ ਰੁਪਏ ਫੜਾ ਆਏ ਹਨ। ਹੁਣ ਤਾਂ ਸਿਰਫ਼ ਪਿੰਡ ਵਾਲ਼ਿਆਂ ਨੂੰ ਕਮਰਕੱਸੇ ਕਰਨ ਦੀ ਲੋੜ ਹੈ। ਮਾਸਟਰ ਬਿੱਕਰ ਸਿੰਘ ਹਾਂਗਕਾਂਗ ਦੇ ਸੱਦੇ ਉੱਪਰ ਇੱਥੇ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਭਲੂਰ ਵਾਸੀਆਂ ਵੱਲੋਂ ਇਕ ਭਰਵੀਂ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਇਸੇ ਪਿੰਡ ਦੀ ਅਗਾਂਹਵਧੂ ਤੇ ਸਿੱਖਿਆ ਖੇਤਰ ਨਾਲ ਜੁੜੀ ਨਾਮਵਰ ਸਖਸ਼ੀਅਤ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਦਾ ਪੁੱਜਣਾ ਪਿੰਡ ਵਾਸੀਆਂ ਨੂੰ ਹੌਂਸਲਾ, ਦਲੇਰੀ ਤੇ ਥਾਪੜਾ ਮਿਲਣ ਤੋਂ ਵਧੇਰੇ ਹੈ। ਇਸੇ ਤਰ੍ਹਾਂ ਪਿੰਡ ਦੇ ਮੌਜੂਦਾ ਸਰਪੰਚ ਪਾਲਾ ਸਿੰਘ ਸਮੇਤ ਨਵੀਂ ਪੁਰਾਣੀ ਪੰਚਾਇਤ ਦੇ ਨੁਮਾਇੰਦੇ, ਵੱਖ- ਵੱਖ ਸੰਸਥਾਵਾਂ ਤੇ ਕਲੱਬਾਂ ਦੇ ਆਗੂ ਸਾਹਿਬਾਨ ਅਤੇ ਪਿੰਡ ਦੇ ਮੋਹਤਬਰ ਲੋਕਾਂ ਨੇ ਹਾਜ਼ਰੀ ਦਿੱਤੀ।
ਇਸ ਦੌਰਾਨ ਇਕੱਤਰਤਾ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਮਾਸਟਰ ਬਿੱਕਰ ਸਿੰਘ ਦੁਆਰਾ ਸੰਜੋਏ ਸੁਪਨੇ ਨੂੰ ਮੁਕੰਮਲ ਰੂਪ ਦੇਣ ਲਈ ਹੁਣ ਪਿੰਡ ਵਾਸੀਆਂ ਨੂੰ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ, ਕਿਉਂਕਿ ਜਦੋਂ ਇਕ ਬੰਦਾ ਪਿੰਡ ਲਈ ਅਜਿਹੀ ਸੁਚੱਜੀ ਸੋਚ ਲੈ ਕੇ  ਲੋਕਾਂ ਨੂੰ ਸਹੂਲਤਾਂ ਦੇਣ ਲਈ ਜੱਦੋਜਹਿਦ ਕਰ ਰਿਹਾ ਹੋਵੇ ਤਾਂ ਉਸ ਸਮੇਂ ਸਮੁੱਚੇ ਪਿੰਡ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਨਿੱਜੀ ਸਵਾਰਥਾਂ ਨੂੰ ਲਾਂਭੇ ਕਰਕੇ ਸਹਿਯੋਗ ਦੇਣ ।  ਸਰਪੰਚ ਪਾਲਾ ਸਿੰਘ ਨੇ 51 ਸੌ ਰੁਪਏ ਦਾ ਯੋਗਦਾਨ ਦਿੰਦਿਆਂ ਪਿੰਡ ਦੇ ਸਾਂਝੇ ਕੰਮ ਲਈ ਪੂਰੀ ਸਮਰੱਥਾ ਲਗਾਉਣ ਦਾ ਵਾਅਦਾ ਕੀਤਾ। ਕਿਸਾਨ ਯੂਨੀਅਨ ਖੋਸਾ ਇਕਾਈ ਭਲੂਰ ਦੇ ਪ੍ਰਧਾਨ ਬੋਹੜ ਸਿੰਘ ਬਰਾੜ ਨੇ ਜਿੱਥੇ ਮਾ ਬਿੱਕਰ ਸਿੰਘ ਦੀ ਵਿਲੱਖਣ ਸੋਚ ਨੂੰ ਸਿਜਦਾ ਕੀਤਾ, ਉੱਥੇ ਹੀ ਉਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ। ਆਮ ਆਦਮੀ ਪਾਰਟੀ ਭਲੂਰ ਦੇ ਯੂਥ ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਮਿਆਂ ਵਿੱਚ ਮਾਸਟਰ ਬਿੱਕਰ ਸਿੰਘ ਵਰਗੀਆਂ ਮਹਾਨ ਸਖਸ਼ੀਅਤਾਂ ਮੌਜੂਦ ਹਨ, ਜਿੰਨ੍ਹਾਂ ਦੀ ਬਦੌਲਤ ਪਿੰਡ ਦੀ ਆਨ ਤੇ ਸ਼ਾਨ ਕਾਇਮ ਹੈ।
ਨੌਜਵਾਨ ਅਰਸ਼ ਵਿਰਕ ਨੇ ਇਹ ਵੀ ਕਿਹਾ ਕਿ ਉਹ ਹਲਕੇ ਦੇ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਵੀ ਇਸ ਕਾਰਜ ਵਿੱਚ ਫੁੱਲ ਸਹਿਯੋਗ ਲੈਣਗੇ, ਕਿਉਂਕਿ ਮੇਰੀ ਸੋਚ ਹੈ ਕਿ ਪਿੰਡ ਨੂੰ ਪਹਿਲ ਦੇਣੀ ਅਤੇ ਪਾਰਟੀਆਂ ਤੇ ਹੋਰ ਸਭ ਕੁਝ ਬਾਅਦ ਵਿੱਚ। ਸ੍ਰੀ ਗੁਰੂ ਹਰਿਕ੍ਰਿਸ਼ਨ ਐਜ਼ੂਕੇਸ਼ਨਲ ਸੰਸਥਾ ਭਲੂਰ ਵੱਲੋਂ ਬੋਲਦਿਆਂ ਲੈਕਚਰਾਰ ਹਰਮੇਲ ਸਿੰਘ ਨੇ ਆਖਿਆ ਕਿ ਇਕ ਵਾਰੀਂ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ, ਸੋ ਸਾਨੂੰ ਸਭ ਨੂੰ ਰਾਜਨੀਤੀ ਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਮਾ ਬਿੱਕਰ ਸਿੰਘ ਵੱਲੋਂ ਉਲੀਕੇ ਕਾਰਜਾਂ ਲਈ ਇਕਮੁੱਠਤਾ ਦਿਖਾਉਣੀ ਚਾਹੀਦੀ ਹੈ। ਕੋਆਪਰੇਟਿਵ ਸੁਸਾਇਟੀ ਜੋਨ ਸਮਾਲਸਰ ਦੇ ਡਾਇਰੈਕਟਰ ਅਤੇ ‘ਸਹਿਕਾਰੀ ਸਭਾ ਭਲੂਰ’ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਸਾਡੀ ਬਹੁਤ ਵੱਡੀ ਨਲਾਇਕੀ ਹੈ ਕਿ ਅਸੀਂ ਮਾਸਟਰ ਬਿੱਕਰ ਸਿੰਘ ਵਰਗੀ ਸ਼ਖ਼ਸੀਅਤ ਨੂੰ ਅੱਖੋਂ ਪਰੋਖੇ ਕਰਕੇ ਇੱਧਰ ਉੱਧਰ ਦੀਆਂ ਸੁਣ ਕੇ ਕੰਨ ਲਪੇਟੀ ਫਿਰ ਰਹੇ ਹਾਂ। ਕਿੱਥੇ ਸਾਡਾ ਫਰਜ਼ ਬਣਦਾ ਸੀ ਫਟਾਫਟ ਕੰਮ ਸ਼ੁਰੂ ਕਰਦੇ ਅਤੇ ਅੱਜ ਨੂੰ ਨੇਪਰੇ ਚਾੜ੍ਹਿਆ ਹੁੰਦਾ, ਸੋ ਹਾਲੇ ਵੀ ਵਕ਼ਤ ਹੈ ਕਿ ਦਿਲਾਂ ‘ਚੋਂ ਤੇਰ ਮੇਰ ਦੂਰ ਕਰਕੇ ਜੈਕਾਰਾ ਗਜਾਈਏ ਤੇ ਧਰਮਸ਼ਾਲਾ ਦੇ ਕੰਮ ਨੂੰ ਆਰੰਭੀਏ। ‘ਮਿਸ਼ਨ ਸੋਹਣਾ ਭਲੂਰ’ ਗਰੁੱਪ ਦੀ ਤਰਫੋਂ ਡਾ ਬਸੰਤ ਸਿੰਘ ਸੰਧੂ ਵੱਲੋਂ ਵੀ ਮਾ ਬਿੱਕਰ ਸਿੰਘ ਦੁਆਰਾ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅੱਗੇ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ। ਇਸ ਉਪਰੰਤ ਇਸ ਇਕੱਤਰਤਾ ਦੀ ਪ੍ਰਮੁੱਖ ਹਸਤੀ ਸਰਦਾਰ ਮਿਹਰ ਸਿੰਘ ਸੰਧੂ ਹੋਰਾਂ ਨੇ ਬਹੁਤ ਹੀ ਸੁਚੱਜੇ ਸ਼ਬਦਾਂ ਵਿਚ ਕਿਹਾ ਕਿ ਪਿੰਡ ਦੇ ਸਾਂਝੇ ਕੰਮਾਂ ਲਈ ਗਠਿਤ ਕੀਤੀਆਂ ਕਮੇਟੀਆਂ ਜਾਂ ਸੰਸਥਾਵਾਂ ਨੂੰ ਚਲਾਉਣ ਲਈ ਉਸਦੇ ਨੁਮਾਇੰਦਿਆਂ ਕੋਲ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਮਾਨਦਾਰੀ ਦੇ ਨਾਲ ਨਾਲ ਲਗਨ, ਮਿਹਨਤ ਤੇ ਦ੍ਰਿੜ੍ਹਤਾ ਵੀ ਲਾਜ਼ਮੀ ਹੋਣੀ ਚਾਹੀਦੀ ਹੈ।
ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਆਖਿਆ ਕਿ ਜਦੋਂ ਇਮਾਨਦਾਰੀ ਕੋਲ ਹੋਵੇ ਤੇ ਪਿੰਡ ਨੂੰ ਸੰਵਾਰਨ ਦਾ ਸ਼ੌਕ ਹੋਵੇ, ਫ਼ਿਰ ਪੈਸੇ ਵੀ ਬਥੇਰੇ ਤੁਰੇ ਆਉਂਦੇ ਹਨ ਤੇ ਸਹਿਯੋਗ ਦੇਣ ਲਈ ਲੋਕ ਵੀ ਬਰਾਬਰ ਆਣ ਖੜ੍ਹਦੇ ਹਨ। ਉਨ੍ਹਾਂ ਸਮੁੱਚੇ ਨਗਰ ਅਤੇ ਪਿੰਡ ਦੇ ਸਰਪੰਚ ਪਾਲਾ ਸਿੰਘ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਮਾਸਟਰ ਬਿੱਕਰ ਸਿੰਘ ਵੱਲੋਂ ਵਿੱਢੇ ਜਾ ਰਹੇ ਕਾਰਜਾਂ ਲਈ ਮੋਹਰੀ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਵੱਲੋਂ ਨਿਭਾਏ ਸ਼ਾਨਦਾਰ ਰੋਲ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਵੀ ਬਣਨਗੇ ਅਤੇ ਉਹਨਾਂ ਨੂੰ ਤੁਹਾਡੇ ਕਾਰਜਾਂ ਉੱਪਰ ਮਾਣ ਵੀ ਹੋਵੇਗਾ। ਆਪਣੇ ਘਰ ਲਈ ਤਾਂ ਸਾਰੇ ਹੀ ਕਰਦੇ ਹਨ ਪਰ ਪਿੰਡ ਲਈ ਸੋਚਣ ਵਾਲੇ ਮਹਾਨ ਲੋਕਾਂ ਵਿਚ ਗਿਣੇ ਜਾਇਆ ਕਰਦੇ ਹਨ। ਹੁਣ ਭਲੂਰ ਨਗਰ ਦੀ ਮਹਾਨਤਾ ਇਸੇ ਗੱਲ ਵਿਚ ਹੈ ਕਿ ਉਹ ਈਰਖਾ, ਲੜਾਈ, ਝਗੜਾ, ਵੈਰ- ਵਿਰੋਧ ਤੇ ਸਿਆਸਤ ਤੋਂ ਉੱਚਾ ਉੱਠ ਕੇ ਧਰਮਸ਼ਾਲਾ ਦੇ ਕੰਮ ਲਈ ਇੱਕਮੁਠ ਹੋਵੇ। ਇਸ ਭਰਵੀਂ ਇਕੱਤਰਤਾ ਨੇ ਬਾਹਾਂ ਖੜੀਆਂ ਕਰਕੇ ਇਕਜੁੱਟ ਹੋ ਕੇ ਪਿੰਡ ਦੇ ਇਸ ਕਾਰਜ ਨੂੰ ਸ਼ੁਰੂ ਕਰਨ ਦਾ ਪ੍ਰਣ ਲਿਆ।
ਇਸ ਮੌਕੇ ਐਨ ਆਰ ਆਈ ਕੰਵਲਜੀਤ ਸਿੰਘ ਖੋਸਾ, ਸੂਬੇਦਾਰ ਪ੍ਰੀਤਮ ਸਿੰਘ, ਮਾਸਟਰ ਜਗਰੂਪ ਸਿੰਘ, ਅਕਾਲੀ ਆਗੂ ਸੁਖਮੰਦਰ ਸਿੰਘ ਬਰਾੜ, ਅਕਾਲੀ ਆਗੂ ਸ਼ੇਰ ਸਿੰਘ ਬਰਾੜ, ਕਿਸਾਨ ਯੂਨੀਅਨ ਕਾਦੀਆਂ ਭਲੂਰ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ,  ਆਮ ਆਦਮੀ ਪਾਰਟੀ ਦੇ ਯੂਥ ਆਗੂ ਸੁਖਦੀਪ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਸਤਰੀ, ਸਾਬਕਾ ਸਰਪੰਚ ਬੋਹੜ ਸਿੰਘ, ਪੰਚ ਕੁਲਵੀਰ ਸਿੰਘ ਜ਼ੈਲਦਾਰ, ਪੰਚ ਰਣਜੀਤ ਸਿੰਘ ਸੰਧੂ, ਪੰਚ ਬਲਦੇਵ ਸਿੰਘ, ਸਾਬਕਾ ਪੰਚ ਵੀਰਪਾਲ ਸਿੰਘ,  ਕਲੱਬ ਪ੍ਰਧਾਨ ਪਾਲਾ ਸਿੰਘ ਸੰਧੂ, ਸਾਬਕਾ ਪੰਚ ਕਸ਼ਮੀਰ ਸਿੰਘ, ਬਲਜੀਤ ਸਿੰਘ ਬਰਾੜ, ਈਸ਼ਰ ਸਿੰਘ, ਮੱਲ ਸਿੰਘ, ਗਿਆਨਾ ਸਿੰਘ ਢਿੱਲੋਂ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਖੋਸਾ, ਬਲਵਿੰਦਰ ਸਿੰਘ ਪਿੰਦਾ, ਸੁਖਮੋਹਣ ਸਿੰਘ ਨੋਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਮੋਹਤਬਰ ਲੋਕ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਮੋਹਾਲੀ ਵਿਖੇ ਕੀਤਾ ਜਾਵੇਗਾ ਵੱਡਾ ਰੋਸ ਪ੍ਰਦਰਸ਼ਨ 
Next articleਏਹੁ ਹਮਾਰਾ ਜੀਵਣਾ ਹੈ – 343