ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਕੁਝ ਲੋਕ ‘ਵਿਆਕਰਨ’ ਸ਼ਬਦ ਦੇ ਸ਼ਬਦ-ਜੋੜਾਂ ਪਿੱਛੇ ਹੱਥ ਧੋ ਕੇ ਪਏ ਹੋਏ ਹਨ। ਉਪਰੋਕਤ ਪੁਸਤਕ ਵਿੱਚ ਸਪਸ਼ਟ ਰੂਪ ਵਿੱਚ ਇਹ ਲਿਖਿਆ ਹੋਇਆ ਹੈ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਕੇਵਲ ‘ਰਣ’ ਸ਼ਬਦ ਨੂੰ ਛੱਡ ਕੇ ਬਾਕੀ ਸਾਰੇ ਹੀ ਸ਼ਬਦਾਂ ਵਿੱਚ ਰ ਤੋਂ ਬਾਅਦ ਨ ਹੀ ਪਵੇਗਾ। “ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼” ਪੁਸਤਕ (ਪੰ.ਯੂ.ਪ.) ਅਨੁਸਾਰ ਵੀ ‘ਵਿਆਕਰਨ’ ਸ਼ਬਦ ਦੇ ਇਹੋ ਸ਼ਬਦ-ਜੋੜ ਹੀ ਸ਼ੁੱਧ ਮੰਨੇ ਗਏ ਹਨ। ਇਹਨਾਂ ਪੁਸਤਕਾਂ ਅਨੁਸਾਰ ‘ਰਣ’ ਸ਼ਬਦ ਨੂੰ ਵੀ ਛੋਟ ਕੇਵਲ ਇਸ ਕਾਰਨ ਹੀ ਹੈ ਕਿਉਂਕਿ ਇਸ ਦੇ ਇਹੋ ਸ਼ਬਦ-ਜੋੜ ਹੀ ਹੁਣ ਪ੍ਰਚਲਿਤ ਹੋ ਚੁੱਕੇ ਮੰਨ ਲਏ ਗਏ ਹਨ। ਇਸ ਤੋਂ ਬਿਨਾਂ ਬਹੁਤ ਸਾਰੇ ਪੰਜਾਬੀ ਨਾਂਵਾਂ, ਜਿਵੇਂ: ਰਣਬੀਰ, ਰਣਜੋਧ, ਰਣਧੀਰ ਆਦਿ ਵਿੱਚ ਵੀ ਸਦੀਆਂ ਤੋਂ ਹੀ ‘ਰਣ’ ਸ਼ਬਦ ਦੀ ਇਸੇ ਰੂਪ ਵਿੱਚ ਹੀ ਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ‘ਰਣ’ ਸ਼ਬਦ ਦੇ ਸ਼ਬਦ-ਜੋੜਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਸੰਬੰਧ ਵਿੱਚ ਇਸ ਪੁਸਤਕ ਦਾ ਪੰਨਾ ਨੰ.15 ਅਤੇ 16 ਵੀ ਦੇਖਿਆ ਜਾ ਸਕਦਾ ਹੈ ਪਰ ਬਾਕੀ ਸਾਰੇ ਸ਼ਬਦਾਂ ਵਿੱਚ “…ਸ਼ਬਦ-ਜੋੜ ਕੋਸ਼” ਅਨੁਸਾਰ ਰ ਤੋਂ ਬਾਅਦ ਨ ਅੱਖਰ ਹੀ ਵਰਤਿਆ ਜਾਵੇਗਾ, ਜਿਵੇਂ: ਕਾਰਨ, ਧਾਰਨ, ਸਿਮਰਨ, ਹਰਨ (‘ਹਰਨ ਹੋ ਜਾਣਾ’ ਮੁਹਾਵਰੇ ਵਿੱਚ ਵੀ), ਹਰਨੀ, ਹਰਨੋਟਾ (ਹਰਨ ਦਸ ਬੱਚਾ), ਉਦਾਹਰਨ (उदाहरण), ਵਿਆਕਰਨ (व्याकरण), ਵਰਨ (वर्ण= ਅੱਖਰ/ਰੰਗ), ਤਰਨ (ਸੰ.=तरण= ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥), ਮਰਨ (मरण= ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥), ਨਿਰਨਾ (ਦੋ ਅਰਥ: ਖ਼ਾਲੀ ਪੇਟ ਅਤੇ ਫ਼ੈਸਲਾ), ਨਿਰਨਾਇਕ, ਕਿਰਨ (ਸੰਸ.=किरण:/ਕਿਰਣ= ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥), ਅਹਿਰਨ (ਸੰ.=आहरणम्= ਅਹਰਣਿ ਮਤਿ ਵੇਦੁ ਹਥੀਆਰੁ॥), ਉਚਾਰਨ (उच्चारण), ਸਧਾਰਨ (साधारण), ਸ਼ਰਨ (शरण), ਜੀਰਨ=ਹਾਜ਼ਮਾ (जीर्ण) ਆਦਿ।
ਦੂਜੇ, ਜਿਨ੍ਹਾਂ ਸ਼ਬਦਾਂ ਵਿੱਚ ਸੰਸਕ੍ਰਿਤ ਦਾ ਪਿਛੇਤਰ ‘ਕਰਣ’ ਆਉਂਦਾ ਹੈ, ਉੱਥੇ ਇਸ ਦਾ ਪੰਜਾਬੀ ਰੂਪ ‘ਕਰਨ’ ਮੰਨ ਲਿਆ ਗਿਆ ਹੈ, ਜਿਵੇਂ: ਉਦਯੋਗੀਕਰਨ, ਸਨਅਤੀਕਰਨ, ਰਾਸ਼ਟਰੀਕਰਨ, “ਵਿਆਕਰਨ” ਆਦਿ। ਇਹ ਸਾਰੀਆਂ ਉਦਾਹਰਨਾਂ ਇਸੇ ਪੁਸਤਕ ਵਿੱਚੋਂ ਹੂ-ਬਹੂ ਉਸੇ ਤਰ੍ਹਾਂ ਹੀ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਇੱਕ ਉਦਾਹਰਨ “ਵਿਆਕਰਨ” ਸ਼ਬਦ ਦੀ ਵੀ ਹੈ।
ਇਸ ਪ੍ਰਕਾਰ ਜੇਕਰ ਅਸੀਂ ਉਪਰੋਕਤ ਪਹਿਲੇ ਨਿਯਮ “ਰ ਤੋਂ ਬਾਅਦ ਹਮੇਸ਼ਾਂ ਨ ਅੱਖਰ ਹੀ ਪਵੇਗਾ (ਕੇਵਲ ਰਣ ਸ਼ਬਦ ਨੂੰ ਛੱਡ ਕੇ)” , ਅਨੁਸਾਰ ਵੀ ਵਿਆਕਰਨ ਸ਼ਬਦ ਨ ਅੱਖਰ ਨਾਲ਼ ਹੀ ਲਿਖਿਆ ਜਾਵੇਗਾ ਅਤੇ ਉਪਰੋਕਤ ਦੂਜੇ ਨਿਯਮ ਕਿ ਸੰਸਕ੍ਰਿਤ ਦੇ “ਕਰਣ” ਪਿਛੇਤਰ ਨੂੰ ‘ਕਰਨ’ ਦੇ ਤੌਰ ‘ਤੇ ਸਹੀ ਮੰਨ ਲਿਆ ਗਿਆ ਹੈ”, ਦੇ ਅਨੁਸਾਰ ਵੀ ਵਿਆਕਰਨ (ਵਿਆ+ਕਰਨ ਜਾਂ ਸੰਸਕ੍ਰਿਤ: व्याकरण= व्या+करण) ਸ਼ਬਦ ਦੇ ਸ਼ਬਦ-ਜੋੜ ਸੋਲ਼ਾਂ ਆਨੇ ਖਰੇ ਉੱਤਰਦੇ ਹਨ। ਵਿਆਕਰਨ/ व्याकरण (व्या+करण) ਦੇ ਸ਼ਾਬਦਿਕ ਅਰਥ ਹਨ: ਕਿਸੇ ਚੀਜ਼ ਨੂੰ ਟੋਟੇ-ਟੋਟੇ ਕਰ ਕੇ ਦੇਖਣਾ। ‘ਵਿਆਕਰਨ’ (व्याकरण) ਸ਼ਬਦ ਵਿੱਚ ‘ਵਿਆ’ (व्या) ਸ਼ਬਦ ਦੇ ਅਰਥ ਹਨ- ਟੋਟੇ-ਟੋਟੇ ਕਰਨਾ/ਖੰਡਿਤ ਕਰਨਾ ਅਤੇ ‘ਕਰਨ’ (करण) ਦੇ ਅਰਥ ਹਨ- ਕਿਸੇ ਕੰਮ ਨੂੰ ਕੀਤੇ ਜਾਣ ਦਾ ਪ੍ਰਕਾਰਜ।
ਇਸ ਦੇ ਨਾਲ਼ ਹੀ ਕੁਝ ਅਜਿਹੇ ਸ਼ਬਦਾਂ ਨੂੰ ਲਿਖਣ ਸਮੇਂ ਜਿਨ੍ਹਾਂ ਵਿੱਚ ਜਿਨ੍ਹਾਂ ਰ ਅਤੇ ਉਸ ਤੋਂ ਪਹਿਲੇ ਵਿਅੰਜਨ ਅੱਖਰ ਦੇ ਵਿਚਕਾਰ ਜਦੋਂ ਕੋਈ ਲਗ ਆ ਜਾਂਦੀ ਹੈ ਜਾਂ ਰ ਅੱਖਰ ਦੀ ਵਰਤੋਂ ਦੁੱਤ ਅੱਖਰ ਦੇ ਤੌਰ ‘ਤੇ ਕੀਤੀ ਜਾਂਦੀ ਹੈ ਤਾਂ ਣ ਅੱਖਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ: ਪ੍ਰਣ (ਰ ਦੁੱਤ ਅੱਖਰ ਹੈ), ਪ੍ਰਾਣ (ਵਿਚਕਾਰ ਰ ਦੁੱਤ ਅੱਖਰ ਅਤੇ ਕੰਨੇ ਦੀ ਲਗ ਹੈ), ਪ੍ਰਾਣੀ (ਵਿਚਕਾਰ ਕੰਨੇ ਦੀ ਲਗ ਹੈ), ਪਰੈਣ (ਵਿਚਕਾਰ ਦੁਲਾਵਾਂ ਦੀ ਲਗ ਹੈ) ਆਦਿ।
ਉਹ ਲੋਕ ਜਿਹੜੇ ਇਹ ਕਹਿੰਦੇ ਨਹੀਂ ਥੱਕਦੇ ਕਿ ‘ਵਿਆਕਰਨ’ ਸ਼ਬਦ ਦੇ ਸ਼ਬਦ-ਜੋੜ ਤਾਂ “ਵਿਆਕਰਣ” ਹੀ ਸਹੀ ਹਨ, ਉਹਨਾਂ ਕੋਲ਼ ਕੀ ਅਜੇ ਵੀ ਇਸ ਗੱਲ ਦਾ ਕੋਈ ਜਵਾਬ ਹੈ ਕਿ ਉਹ ਕਿਹੜੇ ਆਧਾਰ ‘ਤੇ ਅਜਿਹਾ ਕਹਿ ਰਹੇ ਹਨ/ਸਨ ਤੇ ਲੋਕਾਂ ਨੂੰ ਅਜਿਹਾ ਕਹਿ ਕੇ ਵਾਰ-ਵਾਰ ਗੁਮਰਾਹ (ਕੁਝ ਇੱਕ ਤਾਂ ਕਈ ਦਹਾਕਿਆਂ ਤੋਂ ਹੀ) ਕਰ ਰਹੇ ਹਨ?
ਮੇਰੇ ਖ਼ਿਆਲ ਅਨੁਸਾਰ ਤਾਂ ਉਪਰੋਕਤ ਸਬੂਤਾਂ ਕਾਰਨ ਹੁਣ ਇਹ ਚਰਚਾ ਇੱਥੇ ਹੀ ਖ਼ਤਮ ਹੋ ਜਾਣੀ ਚਾਹੀਦੀ ਹੈ ਪਰ ਇਸ ਦੇ ਬਾਵਜੂਦ ਜੇਕਰ ਕੋਈ ਅਜੇ ਵੀ ‘ਵਿਆਕਰਣ (!) ਸ਼ਬਦ ਦੇ ਹੱਕ ਵਿੱਚ ਹੈ ਤਾਂ ਉਹ ਦਲੀਲਾਂ ਅਤੇ ਉਦਾਹਰਨਾਂ ਸਹਿਤ ਆਪਣੀ ਗੱਲ ਇੱਥੇ ਰੱਖ ਸਕਦਾ ਹੈ। ਕਿਰਪਾ ਕਰਕੇ ਇਸ ਬਹਿਸ ਵਿੱਚ ਉਹ ਜ਼ਬਰਦਸਤੀ “ਧੁਨੀ-ਵਿਗਿਆਨ” ਦੇ ਧੁੰਦਲ਼ਕੇ (ਲੋਕ-ਉਚਾਰਨ ਦੀ ਥਾਂ) ਨੂੰ ਖ਼ਾਹ-ਮਖ਼ਾਹ ਸ਼ਾਮਲ ਕਰਨ ਦੀ ਕੋਸ਼ਸ਼ ਨਾ ਕਰੇ ਕਿਉਂਕਿ ਉਹਨਾਂ ਦੀ ਇਹ ਦਲੀਲ ਪਹਿਲਾਂ ਹੀ ਇਸ ਕੋਸ਼ ਦੇ ਮਾਹਰਾਂ ਨੇ ਉਪਰੋਕਤ ਅਨੁਸਾਰ ਦੋ ਢੰਗਾਂ ਨਾਲ਼ (ਰਣ ਅਤੇ ਕਰਣ ਸ਼ਬਦਾਂ ਦੇ ਪੰਜਾਬੀਕਰਨ ਦੇ ਆਧਾਰ ‘ਤੇ) ਰੱਦ ਕੀਤੀ ਹੋਈ ਹੈ।
ਸ਼ਬਦ-ਜੋੜ ਤਾਂ ਅਸਲ ਵਿੱਚ ਸਮੇਂ-ਸਮੇਂ ‘ਤੇ ਲੋਕ-ਉਚਾਰਨ ਹੀ ਤੈ ਕਰਦਾ ਹੈ। ਅੱਜ ਤੱਕ ਜਿੰਨੇ ਵੀ ਤਦਭਵ ਸ਼ਬਦ ਹੋਂਦ ਵਿੱਚ ਆਏ ਹਨ, ਉਹ ਸਾਰੇ ਲੋਕ-ਉਚਾਰਨ ਨੇ ਹੀ ਤੈ ਕੀਤੇ ਹਨ। ਜਿਨ੍ਹਾਂ ਲੋਕਾਂ ਦੀ ਸਮਝ ਵਿੱਚ ਇਹ ਸਧਾਰਨ ਜਿਹਾ ਅਤੇ ਸਭ ਤੋਂ ਵੱਡਾ ਨੁਕਤਾ ਹੀ ਨਹੀਂ ਆ ਰਿਹਾ, ਉਹ ਹੋਰ ਕਿਸੇ ਸਿਧਾਂਤ ਨੂੰ ਕਿਵੇਂ ਸਮਝ ਲੈਣਗੇ? ਉਹਨਾਂ ਦੀ ਤਾਂ “ਮੈਂ ਨਾ ਮਾਨੂੰ” ਵਾਲ਼ੀ ਗੱਲ ਹੈ। ਸੰਸਕ੍ਰਿਤ ਦੇ ਦੁਗ੍ਧ ਤੋ ਦੁੱਧ, ਅਕਸ਼ਿ ਤੋਂ ਅੱਖ, ਕਰਣ ਤੋਂ ਕੰਨ, ਅੰਗਰੇਜ਼ੀ ਦੇ ਹੌਸਪੀਟਲ ਤੋਂ ਹਸਪਤਾਲ ਆਦਿ ਅਨੇਕਾਂ ਸ਼ਬਦ ਲੋਕ-ਉਚਾਰਨ ਨੇ ਹੀ ਤੈ ਕੀਤੇ ਹਨ। ਵਿਆਕਰਣ ਸ਼ਬਦ ਤੋਂ ਬਣਿਆ ‘ਵਿਆਕਰਨ’ ਵੀ ਲੋਕ-ਉਚਾਰਨ ਦੁਆਰਾ ਹੀ ਬਣਾਇਆ ਹੋਇਆ ਇੱਕ ਤਦਭਵ ਸ਼ਬਦ ਹੈ। ਅਜਿਹੇ ਤਦਭਵ ਸ਼ਬਦ ਕਿਸੇ ਭਾਸ਼ਾ-ਵਿਗਿਆਨੀ, ਧੁਨੀ-ਵਿਗਿਆਨੀ ਜਾਂ ਕਿਸੇ ਵੀ ਕਿਸਮ ਦੇ ਕਿਸੇ ਹੋਰ ਵਿਦਵਾਨ ਜਾਂ ਬੁੱਧੀਜੀਵੀ ਨੇ ਨਹੀਂ ਬਣਾਏ। ਇਹਨਾਂ ਸ਼ਬਦਾਂ ਦੇ ਮੂਲ ਸ਼ਬਦ ਵੀ ਅੱਜ ਦੇ ਨਹੀਂ ਬਣੇ ਹੋਏ। ਜਦੋਂ ਇਹ ਸ਼ਬਦ ਬਣਾਏ ਗਏ ਹੋਣਗੇ, ਕੀ ਉਸ ਸਮੇਂ ‘ਧੁਨੀ-ਵਿਗਿਆਨ’ ਜਾਂ ਕੋਈ ਹੋਰ ਅਜਿਹਾ ‘ਵਿਗਿਆਨ’ ਵੀ ਹੁੰਦਾ ਹੋਵੇਗਾ? ਇਹ ਸਭ ਤਾਂ ਕਿਤੇ ਬਾਅਦ ਦੀਆਂ ਜਾਂ ਆਧੁਨਿਕ ਯੁੱਗ ਦੀਆਂ ਗੱਲਾਂ ਹਨ। ਮੈਨੂੰ ਬਹੁਤ ਅਫ਼ਸੋਸ ਹੁੰਦਾ ਹੈ ਜਦੋਂ ਕੋਈ ਭਾਸ਼ਾ ਸੰਬੰਧੀ ਇਸ ਮੁਢਲੀ ਹਕੀਕਤ ਨੂੰ ਸਮਝੇ ਬਿਨਾਂ, ਬਿਨਾਂ ਕਿਸੇ ਦਲੀਲ ਤੋਂ, ਕਿਸੇ ਦੀ ਲਿਖਤ ਤੋਂ ‘ਪ੍ਰਭਾਵਿਤ’ ਹੋ ਕੇ ਅਤੇ ਆਪਣੇ ਖ਼ੁਦ ਦੇ ਬਿਬੇਕ ਤੋਂ ਬਿਨਾਂ, ਅੱਖਾਂ ਬੰਦ ਕਰਕੇ ਝੱਟ ਕਿਸੇ ਦੀ ਲਿਖਤ ਅਨੁਸਾਰ ਆਪਣੀ ਸੋਚ ਨੂੰ ਢਾਲ਼ ਲੈਂਦਾ ਹੈ। ਸਾਨੂੰ ਆਪਣੀ ਸਮਝ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਪੰਜਾਬੀਆਂ ਨੂੰ ਕਿਉਂਕਿ ਪੜ੍ਹਨ-ਗੁੜ੍ਹਨ ਦੀ ਆਦਤ ਨਹੀਂ ਹੈ, ਇਸੇ ਕਾਰਨ ਹੀ ਅਸੀਂ ਝੱਟ ਕਿਸੇ ਦੀ ਕਹੀ ਹੋਈ ਗੱਲ ‘ਤੇ, ਬਿਨਾਂ ਕਿਸੇ ਨੂੰ ਕੋਈ ਸਵਾਲ ਕੀਤਿਆਂ, ਉਸ ਉੱਤੇ ਵਿਸ਼ਵਾਸ ਕਰ ਲੈਂਦੇ ਹਾਂ। ਘੱਟੋ-ਘੱਟ ਜੇ ਕਿਸੇ ਨੂੰ ਕੋਈ ਸਵਾਲ ਕਰਨ ਲੱਗੇ ਹਾਂ ਤਾਂ ਓਨੀ ਕੁ ਗੱਲ ਬਾਰੇ ਹੀ ਕਿਤਿਓਂ ਕੁਝ ਪੜ੍ਹ, ਪੁੱਛ ਤੇ ਸਮਝ ਲਿਆ ਲਿਆ ਜਾਵੇ; ਪਰ ਨਹੀਂ, ਕਿਸੇ ਵੀ ਗੱਲ ਦਾ ਡੂੰਘਾ ਅਧਿਐਨ ਨਾ ਕਰਨ ਦੀ ਤਾਂ ਅਸੀਂ ਪੰਜਾਬੀਆਂ ਨੇ ਜਿਵੇਂ ਸਹੁੰ ਹੀ ਖਾਧੀ ਹੋਈ ਜਾਪਦੀ ਹੈ। ਜਿਹੜੇ ਲੋਕ ਅੱਜ ‘ਵਿਆਕਰਨ’ ਸ਼ਬਦ ਦੇ ਸੰਦਰਭ ਵਿੱਚ ‘ਧੁਨੀ ਵਿਗਿਆਨ’ ਦਾ ਪੱਖ ਰੱਖ ਰਹੇ ਹਨ, ਕੀ ਉਹ ਉਦੋਂ ਸੁੱਤੇ ਪਏ ਸਨ ਜਦੋਂ ਇਹ ਕੋਸ਼ ਬਣ ਰਿਹਾ ਸੀ? ਅਜਿਹੇ ਲੋਕ ਤਾਂ ਅੱਜ ਵੀ ਕਿਸੇ ਹਕੀਕਤ ਨੂੰ ਦਲੀਲਾਂ ਦੇ ਆਧਾਰ ਦੇ ਬਾਵਜੂਦ ਸਮਝਣਾ ਜਾਂ ਮੰਨਣਾ ਨਹੀਂ ਚਾਹੁੰਦੇ ਕਿਉਂਕਿ ਅਜਿਹਾ ਕਰਨ ਨਾਲ਼ ਉਹਨਾਂ ਦੀ “ਹਉਂਮੈਂ” ‘ਤੇ ਸੱਟ ਵੱਜਦੀ ਹੈ। ਇਸ ਅਸਲੀਅਤ ਨੂੰ ਸਮਝਣ ਦੀ ਲੋੜ ਹੈ।
ਯਾਦ ਰੱਖੋ ਕਿ ਭਾਸ਼ਾ ਹਮੇਸ਼ਾਂ ਪਹਿਲਾਂ ਜਨਮ ਲੈਂਦੀ ਹੈ ਅਤੇ ਕਿਸੇ ਭਾਸ਼ਾ ਦੇ ਵਰਤਾਰੇ ਤੋਂ ਹੀ ਉਸ ਦੇ ਵਿਆਕਰਨਿਕ ਜਾਂ ਹੋਰ ਨਿਯਮ ਬਾਅਦ ਵਿੱਚ ਘੜੇ ਜਾਂਦੇ ਹਨ। ਕੀ ਤੁਸੀਂ ਵਿਆਕਰਨ ਦੀਆਂ ਕਿਤਾਬਾਂ ਵਿੱਚ ਵਿਆਕਰਨ ਦੀ ਇਹ ਪਰਿਭਾਸ਼ਾ ਨਹੀਂ ਪੜ੍ਹੀ? ਇਸ ਪਰਿਭਾਸ਼ਾ ਅਨੁਸਾਰ ਤਾਂ ਸ਼ਬਦ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਹੋਂਦ ਵਿੱਚ ਆ ਗਏ ਸਨ। ਕੀ ਭਾਸ਼ਾਵਾਂ ਦੇ ਇਹ ਸ਼ਬਦ ‘ਧੁਨੀ-ਵਿਗਿਆਨੀਆਂ’ ਨੇ ਬਣਾਏ ਹੋਏ ਹਨ? ਮੈਂ ਫਿਰ ਕਹਿ ਰਿਹਾ ਹਾਂ ਕਿ ਧੁਨੀ-ਵਿਗਿਆਨ ਤਾਂ ਆਧੁਨਿਕ ਯੁੱਗ ਦੀ ਦੇਣ ਹੈ। ਕਿਰਪਾ ਕਰਕੇ ਇਹਨਾਂ ਸਾਰੀਆਂ ਗੱਲਾਂ ‘ਤੇ ਡੂੰਘੀ ਸੋਚ-ਵਿਚਾਰ ਕਰੋ। ਜੇਕਰ ਫਿਰ ਵੀ ਇਸ ਸੰਬੰਧੀ ਕੋਈ ਸਵਾਲ ਕਿਸੇ ਦੇ ਮਨ ਵਿੱਚ ਆਉਂਦਾ ਹੈ ਤਾਂ ਉਹ ਜ਼ਰੂਰ ਇੱਥੇ ਸਾਂਝਾ ਕਰੋ। ਮੈਂ ਹਰ ਤਰ੍ਹਾਂ ਨਾਲ਼ ਆਪਣੇ ਵੱਲੋਂ ਤੁਹਾਨੂੰ ਪੂਰੇ ਵੇਰਵੇ ਅਤੇ ਉਦਾਹਰਨਾਂ ਸਹਿਤ ਉੱਤਰ ਦੇਣ ਦੀ ਕੋਸ਼ਸ਼ ਕਰਾਂਗਾ।
ਇੱਕ ਵਾਰ ਸੰਖੇਪ ਵਿੱਚ ਫਿਰ ਲਿਖ ਰਿਹਾ ਹਾਂ ਕਿ ਮੇਰੀ ਸਭ ਤੋਂ ਵੱਡੀ ਤੇ ‘ਠੋਸ ਦਲੀਲ’ ਇਹੋ ਹੀ ਹੈ ਜੋ ਮੈਂ ਇੱਥੇ ਫਿਰ ਦੁਹਰਾ ਰਿਹਾ ਹਾਂ ਕਿ ਜਿਹੜੇ ਵਿਅਕਤੀ ਭਾਸ਼ਾ ਸੰਬੰਧੀ ਇਹੋ-ਜਿਹੇ ਭੰਬਲ਼ਭੂਸੇ ਖੜ੍ਹੇ ਕਰਦੇ ਹਨ, ਉਹਨਾਂ ਨੂੰ ਪੁੱਛੋ ਕਿ ਜਦੋਂ ਸ਼ਬਦ ਬਣੇ ਸਨ, ਕੀ ਉਦੋਂ ਵੀ ਕੋਈ “ਧੁਨੀ-ਵਿਗਿਆਨ” ਹੁੰਦਾ ਸੀ ਜਾਂ ਫਿਰ ਇਸ ਵਿਗਿਆਨ ਦਾ ਜਨਮ ਕਦੋਂ ਹੋਇਆ ਹੈ ? ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਉਹਨਾਂ ਦੇ ਉੱਤਰ ਤੋਂ ਹੀ ਪਤਾ ਲੱਗ ਜਾਵੇਗਾ। ਮੇਰਾ ਦਾਅਵਾ ਹੈ ਕਿ ਅਜਿਹੇ ਲੋਕਾਂ ਨੂੰ ਮੁਢਲੀ ਸ਼ਬਦਕਾਰੀ ਜਾਂ ਸ਼ਬਦ-ਵਿਉਤਪਤੀ ਦੀ ਪ੍ਰਕਿਰਿਆ ਬਾਰੇ ਭੋਰਾ ਭਰ ਵੀ ਗਿਆਨ ਨਹੀਂ ਹੈ। ਅਜਿਹੇ ਲੋਕਾਂ ਨੇ ਐਵੇਂ ਹੀ ਬਾਕੀ ਲੋਕਾਂ ਨੂੰ ਵੀ ਆਪਣੇ ਭਰਮ-ਜਾਲ਼/ਸ਼ਬਦ-ਜਾਲ਼ ਵਿੱਚ ਫਸਾ ਕੇ ਗੁਮਰਾਹ ਕੀਤਾ ਹੋਇਆ ਹੈ। ਮੈਂ ਇਹ ਗੱਲ ਕਹਿਣੀ ਨਹੀਂ ਸੀ ਚਾਹੁੰਦਾ ਪਰ ਲੋਕਾਂ ਨੂੰ ਇਸ ਅਗਿਆਨਤਾ ਵਿੱਚੋਂ ਬਾਹਰ ਕੱਢਣ ਦੀ ਖ਼ਾਤਰ ਮੈਨੂੰ ਬੜੇ ਅਫ਼ਸੋਸ ਨਾਲ਼ ਇਹ ਗੱਲ ਲਿਖਣੀ ਪੈ ਰਹੀ ਹੈ।
ਜਦੋਂ ਵੀ ਪੰਜਾਬੀ ਵਿੱਚ ਸ਼ਬਦ-ਜੋੜਾਂ ਦੀ ਇਕਸਾਰਤਾ ਦੀ ਗੱਲ ਚੱਲਦੀ ਹੈ ਤਾਂ ਹਰ ਕੋਈ ‘ਅੰਗਰੇਜ਼ੀ’ ਦੇ ਚੰਦ ਸ਼ਬਦਾਂ- colour/color ਆਦਿ ਦੀ ਹੀ ਉਦਾਹਰਨ ਦੇਣ ਲੱਗ ਪੈਂਦਾ ਹੈ। ਦਰਅਸਲ ਅਮਰੀਕਾ ਵਾਲ਼ਿਆਂ ਦੀ ਆਪਣੀ ਅੰਗਰੇਜ਼ੀ ਹੈ ਜਿਸ ਦਾ ਨਾਂ “ਅਮੈਰੀਕਨ ਇੰਗਲਿਸ਼” ਹੈ ਅਤੇ ਇੰਗਲੈਂਡ ਵਾਲ਼ਿਆਂ ਦੀ ਆਪਣੀ, ਜਿਸ ਦਾ ਨਾਂ “ਬ੍ਰਿਟਿਸ਼ ਇੰਗਲਿਸ਼” ਹੈ। ਦੋਵੇਂ ਦੇਸ ਆਪੋ-ਆਪਣੇ ਦੇਸਾਂ ਦੀਆਂ ਭਾਸ਼ਾਵਾਂ ਨਾਲ਼ ਡਟ ਕੇ ਖੜ੍ਹੇ ਹਨ। ਮਜਾਲ ਹੈ ਕਿ ਕੋਈ ਜ਼ਰਾ ਜਿੰਨਾ ਵੀ ਇੱਧਰ-ਉੱਧਰ ਹੋ ਜਾਵੇ! ਜੇ ਕਿਸੇ ਨੂੰ ਵੀ ਕਿਸੇ ਸ਼ਬਦ ਦੇ ਸ਼ਬਦ-ਜੋੜਾਂ ‘ਤੇ ਜ਼ਰਾ ਜਿੰਨਾ ਵੀ ਕੋਈ ਸ਼ੱਕ ਪੈ ਜਾਵੇ ਤਾਂ ਉਹ ਲਿਖਣ ਲੱਗਿਆਂ ਵੀਹ-ਵੀਹ ਵਾਰ ਸ਼ਬਦ-ਕੋਸ਼ ਫਰੋਲ਼ਦਾ ਹੈ। ਸਾਡੇ ਇੱਥੇ ਸਾਰੇ ਸਬੂਤਾਂ ਸਮੇਤ ਵੀ ਜੇਕਰ ਕੋਈ ਕਿਸੇ ਸ਼ਬਦ ਦੀ ਸ਼ਬਦ-ਵਿਉਤਪਤੀ ਜਾਂ ਕਿਸੇ ਸ਼ਬਦ ਦੇ ਸ਼ਬਦ-ਜੋੜਾਂ ਬਾਰੇ ਗੱਲ ਕਰਦਾ ਹੈ ਤਾਂ ਕਈ-ਕਈ ਤਰ੍ਹਾਂ ਦੇ ਨਿਰਾਧਾਰ ਅਤੇ ਫ਼ਜ਼ੂਲ ਕਿਸਮ ਦੇ ਸ਼ੰਕੇ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਵੇਂ: ਡਾਇਲੈਕਟ, ਈਡੀਓਲੈਕਟ (ਕੀ ਇਹਨਾਂ ਸ਼ਬਦਾਂ ਦੀ ਕੋਈ ਪੰਜਾਬੀ ਨਹੀਂ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਅੰਗਰੇਜ਼ੀ ਦੇ ਸ਼ਬਦਾਂ ਦਾ ਵਧੇਰੇ ਪ੍ਰਭਾਵ ਪੈਂਦਾ ਹੈ?); ਧੁਨੀ-ਵਿਗਿਆਨ ਆਦਿ। ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਉਣ ਦੀ ਖ਼ਾਤਰ ਸਾਨੂੰ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਦਾ ਕੌੜਾ ਘੁੱਟ ਭਰਨਾ ਹੀ ਪਵੇਗਾ।
“ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼” ਪੁਸਤਕ ਤਿਆਰ ਕਰਨ ਵਾਲ਼ੇ ਆਪਣੇ ਸਮਿਆਂ ਦੇ ਬਹੁਤ ਵੱਡੇ ਵਿਦਵਾਨ ਸਨ/ਹਨ ਜਿਨ੍ਹਾਂ ਨੇ ਅਨੇਕਾਂ ਵਰ੍ਹਿਆਂ ਦੀ ਮੁਸ਼ੱਕਤ ਮਗਰੋਂ ਲਗ-ਪਗ ਹਰ ਗੱਲ/ਹਰ ਨੁਕਤੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਕੋਸ਼ ਤਿਆਰ ਕੀਤਾ ਹੈ।
ਅੱਜ ਦੇ ਵਿਗਿਆਨ ਦੇ ਯੁੱਗ ਵਿੱਚ ਦਲੀਲ ਹੀ ਪ੍ਰਧਾਨ ਹੈ। ਹਰ ਕੋਈ ਆਪਣੀ ਦਲੀਲ ਰੱਖ ਕੇ, ‘ਵਿਆਕਰਨ’ ਜਾਂ ਅਜਿਹੇ ਹੋਰ ਸ਼ਬਦਾਂ ਦੇ ਸੰਬੰਧ ਵਿੱਚ ਗੱਲ ਕਰ ਸਕਦਾ ਹੈ ਤੇ ਇਸ ਪੋਸਟ ਨਾਲ਼ ਸੰਬੰਧਿਤ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਪਰ ਸ਼ਰਤ ਕੇਵਲ ਇਹ ਹੈ ਕਿ ਪਹਿਲਾਂ ਉਹ ਇਸ ਪੋਸਟ ਨੂੰ ਧਿਆਨ ਨਾਲ਼ ਜ਼ਰੂਰ ਪੜ੍ਹੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਨੂੰ ਆਪਣੇ ਹਰ ਇੱਕ ਸਵਾਲ ਦਾ ਉੱਤਰ ਇਸ ਪੋਸਟ ਵਿੱਚੋਂ ਹੀ ਮਿਲ਼ ਜਾਵੇਗਾ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly