ਸੰਗਰੂਰ ’ਚ ‘ਛੋਟੀ ਜਿਹੀ ਕੁੜੀ’ ਨੇ ਕਾਂਗਰਸੀ ਥੰਮ੍ਹ ਡੇਗਿਆ

ਸੰਗਰੂਰ (ਸਮਾਜ ਵੀਕਲੀ):  ਕਾਂਗਰਸ ਦੇ ਵੱਡੇ ਥੰਮ੍ਹਾਂ ’ਚੋਂ ਇਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਸੰਗਰੂਰ ਅਸੈਂਬਲੀ ਹਲਕੇ ਤੋਂ ਸਿਆਸੀ ਪਟਖਣੀ ਦੇਣ ਵਾਲੀ ‘ਆਪ’ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟੀ ’ਤੇ ਹੀ ਚਲਾਈ। ਭਵਿੱਖ ਵਿੱਚ ਵੀ ਉਹ ਇਸੇ ਸਕੂਟੀ ਨੂੰ ਤਰਜੀਹ ਦਿੰਦਿਆਂ ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਆਪਣੇ ਹਲਕੇ ਦਾ ਦੌਰਾ ਕਰਿਆ ਕਰੇਗੀ। ਭਰਾਜ ਦੇ ਸਿਆਸੀ ਵਿਰੋਧੀ ਉਸ ਨੂੰ ‘ਛੋਟੀ ਜਿਹੀ ਕੁੜੀ’ ਆਖਦੇ ਸਨ।

ਸਿੰਗਲਾ ਨੂੰ 36,430 ਵੋਟਾਂ ਦੇ ਫ਼ਰਕ ਨਾਲ ਹਰਾਉਣ ਵਾਲੀ ਇਸ ਮੁਟਿਆਰ ਨੇ ਕਿਹਾ, ‘‘ਭਵਿੱਖ ਵਿੱਚ ਆਪਣੇ ਵੋਟਰਾਂ ਨਾਲ ਸਿੱਧਾ ਰਾਬਤਾ ਰੱਖਣ ਲਈ ਮੈਂ ਆਪਣੀ ਸਕੂਟੀ ਰਾਹੀਂ ਸਫ਼ਰ ਨੂੰ ਤਰਜੀਹ ਦੇਵਾਂਗੀ। ਚੋਣ ਨਤੀਜਿਆਂ ਤੇ ਜਿੱਤ ਦੇ ਐਲਾਨ ਮਗਰੋਂ ਵੀ ਮੈਂ ਬਾਜ਼ਾਰ ਤੋਂ ਖਰੀਦਦਾਰੀ ਲਈ ਆਪਣੀ ਮਾਂ ਨਾਲ ਇਸੇ ਸਕੂਟੀ ’ਤੇ ਜਾਂਦੀ ਹਾਂ। ਚੋਣ ਦੌਰਾਨ ਮੈਂ ਆਪਣੇ ਹਮਾਇਤੀਆਂ ਦੀ ਕਾਰ ਵੀ ਵਰਤੀ, ਪਰ ਮੇਰੀ ਪਹਿਲੀ ਤਰਜੀਹ ਸਕੂਟੀ ਰਹੀ ਹੈ।’’ ਕਿਸਾਨ ਪਰਿਵਾਰ ਨਾਲ ਸਬੰਧਤ ਭਰਾਜ ਨੇ ਐੱਲਐੱਲਬੀ ਕੀਤੀ ਹੋਈ ਹੈ। ਉਸ ਦਾ ਪਿੰਡ ਭਰਾਜ ਹੈ ਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਜਦੋਂ ਸਿਆਸੀ ਵਿਰੋਧੀਆਂ ਦੇ ਖੌਫ਼ ਕਰਕੇ ਲੋਕਾਂ ਨੇ ‘ਆਪ’ ਨਾਲੋਂ ਦੂਰੀ ਬਣਾ ਲਈ ਤਾਂ ਭਰਾਜ ਨੇ ਹੀ ਪਿੰਡ ਵਿੱਚ ਪਾਰਟੀ ਦਾ ਚੋਣ ਬੂਥ ਸਥਾਪਿਤ ਕੀਤਾ ਸੀ।

ਭਰਾਜ ਨੇ ਕਿਹਾ, ‘‘ਮੈਂ ਮੱਧਵਰਗੀ ਪਰਿਵਾਰ ’ਚੋਂ ਹਾਂ ਅਤੇ ਮੈਨੂੰ ਇਸ ਵਰਗ ਦੀਆਂ ਮੁਸ਼ਕਲਾਂ ਬਾਰੇ ਪਤਾ ਹੈ। ਮੈਂ ਬੱਸਾਂ ਤੇ ਆਟੋ ਵਿੱਚ ਵੀ ਸਫ਼ਰ ਕੀਤਾ ਹੈ। ਸਾਈਕਲ ਵੀ ਚਲਾਇਆ ਹੈ। ਮੇਰੇ ਵਿਰੋਧੀ ਮੈਨੂੰ ‘ਛੋਟੀ ਜਿਹੀ ਕੁੜੀ’ ਕਹਿੰਦੇ ਸਨ। ਅੱਜ ਮੈਂ ਉਨ੍ਹਾਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਮਰ ਨਾਲ ਕੋਈ ਫ਼ਰਕ ਨਹੀਂ ਪੈਂਦਾ, ਇਰਾਦਾ ਨੇਕ ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਨੀਅਤ ’ਚ ਖੋਟ ਸੀ, ਸੋ ਲੋਕਾਂ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ।’’ ਭਰਾਜ ਸਾਲ 2014 ਤੋਂ ਪਾਰਟੀ ਲਈ ਕੰਮ ਕਰ ਰਹੀ ਹੈ ਤੇ ਉਹ ਪਾਰਟੀ ਕੇ ਕਈ ਆਗੂਆਂ ਦੇ ਨੋਟਿਸ ਵਿੱਚ ਸੀ, ਪਰ ਉਸ ਨੇ ਕਦੇ ਵੀ ਟਿਕਟ ਨਹੀਂ ਮੰਗੀ।

‘ਮੇਰਾ ਟੀਚਾ ਕਮਜ਼ੋਰਾਂ ਦੀ ਆਵਾਜ਼ ਬਣਨਾ’

ਭਰਾਜ ਨੇ ਕਿਹਾ, ‘‘ਮੇਰਾ ਟੀਚਾ ਦੱਬੇ ਕੁਚਲਿਆਂ ਤੇ ਕਮਜ਼ੋਰ ਤਬਕੇ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣਾ ਹੈ। ਵਿਧਾਇਕਾ ਬਣਨ ਮਗਰੋਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਵਧੇਰੇ ਕਾਰਗਰ ਢੰਗ ਨਾਲ ਕੰਮ ਕਰ ਸਕਾਂਗੀ। ਮੈਂ ਸੰਗਰੂਰ ਵਿੱਚ ਸਿਰਫ਼ ਕਮਿਸ਼ਨ ਦੀ ਰਾਜਨੀਤੀ ਦੇਖੀ ਹੈ ਕਿਉਂਕਿ ਵੱਖ ਵੱਖ ਪਾਰਟੀਆਂ ਦੇ ਆਗੂ ਸਰਕਾਰੀ ਪ੍ਰਾਜੈਕਟਾਂ ’ਚੋਂ ਕਮਿਸ਼ਨ ਦੀ ਖਾਂਦੇ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਸੰਗਰੂਰ ਦੇ ਲੋਕਾਂ ਨੂੰ ਵੱਡਾ ਸੁਧਾਰ ਨਜ਼ਰ ਆਏਗਾ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕੋਵੋਵੈਕਸ’ ਨੂੰ ਕੌਮੀ ਟੀਕਾਕਰਨ ਪ੍ਰੋਗਰਾਮ ’ਚ ਸ਼ਾਮਲ ਕਰਨ ਦੀ ਮੰਗ
Next articleK’taka to contribute $1.5 trillion to India’s economy by 2025: CM Bommai