ਰਾਏਕੋਟ ‘ਚ ਸੜਕ ਤੇ ਖੜ੍ਹਦੇ ਵਾਹਨਾਂ ਅਤੇ ਰੇਹੜੀਆਂ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਟ੍ਰੈਫਿਕ ਸਮੱਸਿਆਵਾਂ ਦਾ ਸਾਹਮਣਾ

ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਜਿਉਂ-ਜਿਉਂ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤਿਉਂ-ਤਿਉਂ ਹੀ ਸ਼ਹਿਰਾਂ ਵਿੱਚ ਵਾਹਨਾਂ ਦੇ ਪਾਰਕਿੰਗ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਵੈਸੇ ਤਾਂ ਇਸ ਸਮੱਸਿਆਂ ਨਾਲ ਛੋਟੇ ਵੱਡੇ ਸਾਰੇ ਸ਼ਹਿਰ ਅਤੇ ਕਸਬੇ ਪ੍ਰਭਾਵਿਤ ਹਨ, ਪਰ ਛੋਟੇ ਕਸਬਿਆਂ ਵਿੱਚ ਇਹ ਸਮੱਸਿਆ ਆਮ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ। ਰਾਏਕੋਟ ਸ਼ਹਿਰ ਵਿੱਚ ਵੀ ਇਹ ਸਮੱਸਿਆ ਪਿਛਲੇ ਕੁਝ ਸਮੇਂ ਤੋਂ ਕਾਫੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਸ਼ਹਿਰ ਵਿੱਚ ਵਾਹਨਾਂ ਨੂੰ ਖੜੇ੍ਹ ਕਰਨ ਲਈ ਕੋਈ ਯੋਗ ਵਿਵਸਥਾ ਨਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਨ ਸਮੇਂ ਸ਼ਹਿਰ ਦੇ ਪ੍ਰਮੁੱਖ ਤਲਵੰਡੀ ਗੇਟ, ਲੁਧਿਆਣਾ ਰੋਡ, ਕਮੇਟੀ ਬਜ਼ਾਰ ਇਲਾਕਿਆਂ ਸਮੇਤ ਹੋਰ ਮਾਰਗਾਂ ਤੇ ਵਾਹਨ ਇਸ ਕਦਰ ਬੇਤਰਤੀਬ ਪਾਰਕ ਕੀਤੇ ਗਏ ਹੁੰਦੇ ਹਨ ਕਿ ਆਮ ਲੋਕਾਂ ਨੂੰ ਕਾਫੀ ਸਮੱਸਿਆ ਪੇਸ਼ ਆਂਉਦੀ ਹੈ, ਸ਼ਹਿਰ ਦੇ ਤਲਵੰਡੀ ਗੇਟ ਨੇੜੇ ਲੋਕ ਆਪਣੇ ਵਾਹਨ ਬੇ-ਤਰਤੀਬ ਢੰਗ ਨਾਲ ਪਾਰਕ ਕਰਕੇ ਬਜ਼ਾਰ ਨੂੰ ਚਲੇ ਜਾਂਦੇ ਹਨ ਜਿਸ ਕਾਰਨ ਉੱਥੇ ਹਰ ਸਮੇਂ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ, ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਲੁਧਿਆਣਾ ਰੋਡ ਤੇ ਵੀ ਵਾਹਨਾਂ ਦਾ ਪਾਰਕਿੰਗ ਨੂੰ ਲੈ ਕੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਰੋਡ ਤੇ ਸ਼ਹਿਰ ਦੇ ਸਾਰੇ ਪ੍ਰਮੁੱਖ ਬੈਂਕਾਂ ਦੀਆਂ ਬ੍ਰਾਂਚਾ ਅਤੇ ਕਈ ਪ੍ਰਮੁੱਖ ਵਪਾਰਕ ਅਦਾਰੇ ਸਥਿਤ ਹਨ, ਪਰ ਉਨ੍ਹਾਂ ਦੀ ਆਪਣੀ ਕੋਈ ਪਾਰਕਿੰਗ ਵਿਵਸਥਾ ਨਾਂ ਹੋਣ ਕਰਕੇ ਲੋਕ ਸੜਕ ਤੇ ਹੀ ਆਪਣੇ ਵਾਹਨ ਪਾਰਕ ਕਰ ਦਿੰਦੇ ਹਨ ਜੋ ਕਿ ਹੋਰਨਾਂ ਲਈ ਸਿਰਦਰਦੀ ਦਾ ਕਾਰਨ ਬਣਦੇ ਹਨ। ਰਹਿੰਦੀ ਖੂੰਹਦੀ ਕਸਰ ਸੜਕਾਂ ਤੇ ਲੱਗੀਆਂ ਰੇਹੜ੍ਹੀਆਂ ਫੜ੍ਹੀਆਂ ਵਾਲੇ ਪੂਰੀ ਕਰ ਦਿੰਦੇ ਹਨ, ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਸੜਕ ਕਿਨਾਰੇ ਕਿਸੇ ਥਾਂ ’ਤੇ ਵੀ ਆਪਣੀਆਂ ਰੇਹੜੀਆਂ ਲਗਾ ਕੇ ਸਚਾਰੂ ਟ੍ਰੈਫਿਕ ਵਿਵਸਥਾ ਵਿੱਚ ਅੜਿੱਕਾ ਬਣਦੇ ਹਨ। ਇਹੋ ਹਾਲ ਸ਼ਹਿਰ ਦੇ ਗਲੀਆਂ ਮੁਹੱਲਿਆ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਜਿੱਥੇ ਹਰ ਖਾਲੀ ਪਈ ਜਗਾਂ ਤੇ ਕੋਈ ਨਾਂ ਕੋਈ ਵਾਹਨ ਪਾਰਕ ਕੀਤਾ ਦਿਖਾਈ ਪੈਂਦਾ ਹੈ, ਲੋਕ ਆਪਣੇ ਵਾਹਨ ਇਸ ਬੇਤਰਤੀਬੀ ਨਾਲ ਪਾਰਕ ਕਰਦੇ ਹਨ ਕਿ ਆਉਣ ਜਾਣ ਵਾਲਿਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਬਹੁਤੀ ਵਾਰ ਇਸ ਕਾਰਨ ਲੋਕਾਂ ਵਿੱਚ ਆਪਸੀ ਝਗੜੇ ਵੀ ਦੇਖਣ ਨੂੰ ਮਿਲਦੇ ਹਨ।

ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਰਾਏਕੋਟ ਦਾ :
ਜਦੋਂ ਟ੍ਰੈਫਿਕ ਸਮੱਸਿਆ ਬਾਰੇ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਇੱਕ ਕਾਰ ਪਾਰਕਿੰਗ ਬਣਾਈ ਗਈ ਹੈ, ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਨੂੰ ਵੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸਹਿਯੋਗ ਦੀ ਮੰਗ ਕੀਤੀ ਗਈ ਹੈ। ਈਓ ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆਂ ਬੈਂਕਾਂ ਸਾਹਮਣੇ ਖੜ੍ਹਦੇ ਵਾਹਨਾਂ ਕਰਕੇ ਆਉਂਦੀ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਬੈਂਕਾਂ ਨੂੰ ਵੀ ਵਾਹਨ ਪਾਰਕਿੰਗ ਲਈ ਨੋਟਿਸ ਕੱਢੇ ਜਾਣਗੇ।

ਕੀ ਕਹਿਣਾ ਹੈ ਥਾਣਾ ਸਿਟੀ ਦੇ ਇੰਚਾਰਜ ਦਾ :
ਜਦੋਂ ਟ੍ਰੈਫਿਕ ਸਮੱਸਿਆ ਬਾਰੇ ਜਦੋਂ ਥਾਣਾ ਸਿਟੀ ਦੇ ਇੰਚਾਰਜ ਕੁਲਵਿੰਦਰ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਬੇਤਰਤੀਬੇ ਖੜ੍ਹਦੇ ਵਾਹਨ ਅਤੇ ਰੇਹੜੀਆਂ ਹਨ, ਉਨ੍ਹਾਂ ਦੱਸਿਆ ਕਿ ਇਸ ਦੇ ਹੱਲ ਲਈ ਜਿੱਥੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਤਾਲਮੇਲ ਕਰਕੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਆਹੁਤਾ ਜੀਵਨ ਦੇ ਅਧਿਕਾਰਾਂ ਬਾਰੇ ਜਾਣਕਾਰੀ ਹੋਣਾ ਜਰੂਰੀ
Next articleਟਰੈਵਲ ਏਜੰਸੀ ਹਾਸ ਵਿਅੰਗ