ਇਸਲਾਮਾਬਾਦ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਮਹੀਨੇ ਦੇ ਅਖੀਰ ਵਿੱਚ ਰੂਸ ਦੇ ਦੌਰੇ ’ਤੇ ਜਾਣਗੇ। ਪਿਛਲੇ ਦੋ ਦਹਾਕਿਆਂ ਵਿੱਚ ਪਾਕਿਸਤਾਨ ਦੇ ਕਿਸੇ ਸਿਖਰਲੇ ਆਗੂ ਦੀ ਰੂਸ ਦੀ ਇਹ ਪਲੇਠੀ ਫੇਰੀ ਹੋਵੇਗੀ। ਫੇਰੀ ਦੌਰਾਨ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਵੀ ਮਿਲ ਕੇ ਸਾਂਝੇ ਹਿੱਤਾਂ ਵਾਲੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਦੁਵੱਲੇ ਸਹਿਯੋਗ ਬਾਰੇ ਚਰਚਾ ਕਰਨਗੇ। ਦਿ ਐਕਸਪ੍ਰੈੱਸ ਟ੍ਰਿਬਿਊਨ ਨੇ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਜਾਰੀ ਰਿਪੋਰਟ ਵਿੱਚ ਕਿਹਾ ਕਿ ਖ਼ਾਨ ਦੇ 23 ਤੋਂ 26 ਫਰਵਰੀ ਤੱਕ ਰੂਸ ਦੌਰੇ ’ਤੇ ਜਾਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪੇਈਚਿੰਗ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਹਾਜ਼ਰੀ ਭਰਨ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਣੇ ਹੋਰਨਾਂ ਸਿਖਰਲੇ ਚੀਨੀ ਆਗੂਆਂ ਨਾਲ ਮੁਲਾਕਾਤ ਮਗਰੋਂ ਰੂਸ ਦੀ ਤਜਵੀਜ਼ਤ ਫੇਰੀ ਲਈ ਰਵਾਨਾ ਹੋ ਰਹੇ ਹਨ। ਚੇਤੇ ਰਹੇ ਕਿ ਅਮਰੀਕਾ, ਯੂਰੋਪੀ ਯੂਨੀਅਨ ਤੇ ਕਈ ਪੱਛਮੀ ਮੁਲਕਾਂ ਵੱਲੋਂ ਸ਼ਿਨਜਿਆਂਗ ਸੂਬੇ ਵਿੱਚ ਮਨੁੱਖੀ ਹੱਕਾਂ ਦੀ ਕਥਿਤ ਉਲੰਘਣਾ ਦੇ ਹਵਾਲੇ ਨਾਲ ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦੇ ਕੀਤੇ ਬਾਈਕਾਟ ਦਰਮਿਆਨ ਪੂਤਿਨ ਨੇ ਇਸ ਵਿੱਚ ਹਾਜ਼ਰੀ ਭਰੀ ਸੀ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਖ਼ਾਨ ਦੀ ਤਜਵੀਜ਼ਤ ਰੂਸ ਫੇਰੀ ਸਬੰਧੀ ਰਿਪੋਰਟਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਜਾਵੇ।
ਅਫ਼ਗ਼ਾਨਿਸਤਾਨ ’ਚੋਂ ਫੌਜਾਂ ਵਾਪਸ ਕੱਢਣ ਦਾ ਅਮਲ ਸ਼ੁਰੂ ਹੋਣ ਮਗਰੋਂ ਅਮਰੀਕਾ ਨੂੰ ਆਪਣੇ ਮਿਲਟਰੀ ਬੇਸ ਦੇਣ ਲਈ ਕੀਤੀ ਕੋਰੀ ਨਾਂਹ ਮਗਰੋਂ ਖ਼ਾਨ ਦੀ ਮਾਸਕੋ ਫੇਰੀ ਪੱਛਮੀ ਮੁਲਕਾਂ ਨੂੰ ਸਪਸ਼ਟ ਸੰਕੇਤ ਹੈ। ਕਾਬਿਲੇਗੌਰ ਹੈ ਕਿ ਜੋਅ ਬਾਇਡਨ ਨੇ ਪਿਛਲੇ ਸਾਲ ਅਮਰੀਕੀ ਸਦਰ ਵਜੋਂ ਹਲਫ਼ ਲੈਣ ਮਗਰੋਂ ਅਜੇ ਤੱਕ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਫੋਨ ਨਹੀਂ ਕੀਤਾ। ਰੋਜ਼ਨਾਮਚੇ ਨੇ ਇਕ ਕੂਟਨੀਤਕ, ਜਿਸ ਦੀ ਪਛਾਣ ਨਸ਼ਰ ਨਹੀਂ ਕੀਤੀ ਗਈ, ਦੇ ਹਵਾਲੇ ਨਾਲ ਕਿਹਾ ਕਿ ਰੂਸ ਤੇ ਯੂਕਰੇਨ ਅਤੇ ਖਾਸ ਕਰਕੇ ਮਾਸਕੋ ਤੇ ਪੱਛਮੀ ਮੁਲਕਾਂ ਵਿੱਚ ਚਲ ਰਹੇ ਤਣਾਅ ਦਰਮਿਆਨ ਮੌਜੂਦਾ ਹਾਲਾਤ ’ਚ ਇਮਰਾਨ ਖ਼ਾਨ ਦੀ ਰੂਸ ਫੇਰੀ ਕਾਫ਼ੀ ਅਹਿਮ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly