
(ਸਮਾਜ ਵੀਕਲੀ) ਸਾਉਣ ਜਾਂ ਸਾਵਣ ਦਾ ਮਹੀਨਾ ਦੇਸੀ ਮਹੀਨਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕੈਲੰਡਰਾਂ ਦੇ ਅਨੁਸਾਰ ਜੁਲਾਈ ਮਹੀਨੇ ਦੇ ਪਿਛਲੇ ਅੱਧ ਅਤੇ ਅਗਸਤ ਮਹੀਨੇ ਦੇ ਪਹਿਲੇ ਅੱਧ ਵਿੱਚ ਆਉਂਦਾ ਹੈ। ਸਾਵਣ ਮਹੀਨੇ ਦੀ ਹਿੰਦੂ ਅਤੇ ਸਿੱਖ ਧਰਮਾਂ ਵਿੱਚ ਅਧਿਆਤਮਕ ਮਹੱਤਤਾ ਵੀ ਬਹੁਤ ਹੈ। ਗੁਰਬਾਣੀ ਵਿੱਚ ਇਸ ਮਹੀਨੇ ਨਾਲ਼ ਸੰਬੰਧਿਤ ਦੋਵੇਂ ਬਾਰਹਮਾਹਾ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸ਼ਬਦ ਦਰਜ ਹਨ। ਜਿਨ੍ਹਾਂ ਵਿੱਚ ਇੱਕੋ ਗੱਲ ਸਮਝਾਈ ਗਈ ਹੈ ਕਿ ਸਾਵਣ ਮਹੀਨੇ ਦੇ ਮੌਸਮ ਦਾ ਪ੍ਰਭਾਵ ਜ਼ਿੰਦਗੀ ਉੱਤੇ ਜਿਸ ਤਰ੍ਹਾਂ ਪੈਂਦਾ ਹੈ ਉਸੇ ਤਰ੍ਹਾਂ ਹੀ ਮਨੁੱਖੀ ਮਨ ਦੀ ਅਵਸਥਾ ਹੁੰਦੀ ਹੈ। ਜਿਵੇਂ:
ਗੁਰੂ ਨਾਨਕ ਸਾਹਿਬ ਜੀ ਦੁਆਰਾ ਤੁਖਾਰੀ ਰਾਗ ਵਿੱਚ ਰਚੇ ਬਾਰਹਮਾਹਾ ਦੇ 9ਵੇਂ ਪਦੇ ਸਾਵਣ ਮਹੀਨੇ ’ਚ ਦਿੱਤੇ ਸੁਨੇਹੇ ਅਨੁਸਾਰ :
ਸਾਵਣਿ, ਸਰਸ ਮਨਾ; ਘਣ ਵਰਸਹਿ ਰੁਤਿ
ਭਾਵ ਹਾੜ ਮਹੀਨੇ ਦੀ ਅੱਤ ਦੀ ਤਪਸ਼ ਨਾਲ਼ ਘਾਹ ਆਦਿਕ ਸੁੱਕ ਜਾਂਦੇ ਹਨ, ਜਿਸ ਪਿੱਛੋਂ ਸਾਉਣ ਮਹੀਨੇ ’ਚ ਕਾਲੀਆਂ ਘਟਾਵਾਂ ਛਾ ਜਾਂਦੀਆਂ ਹਨ। ਪਸ਼ੂ, ਪੰਛੀ, ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਇਹ ਹਰਿਆਵਲ ਵੇਖ ਹਰੇਕ ਪ੍ਰਾਣੀ ਬੋਲਦਾ ਹੈ। ਹੇ ਮੇਰੇ ਮਨ ! ਸਾਵਣ ਮਹੀਨੇ ’ਚ ਵਰਖਾ ਦੀ ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਵੀ ਹਰਾ ਹੋ ਜਾਹ ਤੂੰ ਵੀ ਖਿੜ ਜਾਹ। ਇਸ ਤਰ੍ਹਾਂ ਸਿੱਖ ਧਰਮ ਵਿੱਚ ਸਾਵਣ ਮਹੀਨੇ ਦੀ ਅਧਿਆਤਮਕ ਮਹੱਤਤਾ ਵੀ ਬਹੁਤ ਜ਼ਿਆਦਾ ਹੈ।
ਹਿੰਦੂ ਧਰਮ ਵਿੱਚ ਵੀ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਮੰਨਿਆ ਗਿਆ ਹੈ। ਇਹ ਮਹੀਨਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੈ। ਵੈਦਿਕ ਚਿੰਤਨ ਪ੍ਰੰਪਰਾ ’ਚ ਸਾਉਣ ਮਹੀਨੇ ਦਾ ਸਬੰਧ ਵੇਦ ਸ਼ਾਸਤਰਾਂ ਦੇ ਅਧਿਐਨ, ਸੁਣਨ, ਪੜ੍ਹਣ ਅਤੇ ਉਨ੍ਹਾਂ ਦੇ ਚਿੰਤਨ-ਮਨਨ ਨਾਲ ਹੈ। ਸਾਉਣ ਦਾ ਅਰਥ ਹੈ ਸੁਣਨਾ ਭਾਵ ਪ੍ਰਾਚੀਨ ਕਾਲ ’ਚ ਗ੍ਰਹਿਸਥੀ ਲੋਕ ਰਿਸ਼ੀ-ਮੁਨੀਆਂ ਦੇ ਮੁੱਖ ਤੋਂ ਇਸ ਸਾਉਣ ਮਹੀਨੇ ’ਚ ਅਧਿਆਤਮਕਤਾ ਦੇ ਗੂੜ੍ਹੇ ਰਹੱਸਾਂ ਨੂੰ ਸੁਣਿਆ ਕਰਦੇ ਸਨ ਤੇ ਫਿਰ ਆਪ ਵੇਦ ਆਦਿ ਗ੍ਰੰਥਾਂ ਦਾ ਸਵੈ-ਅਧਿਐਨ ਕਰਦੇ ਸਨ।ਜਿਸ ਕਰਕੇ ਸ਼ੁਰੂ ਤੋਂ ਹੀ ਇਸ ਪੂਰੇ ਮਹੀਨੇ ਵਿੱਚ ਲੋਕਾਂ ਵਿੱਚ ਧਾਰਮਿਕ ਭਾਵ ਬਹੁਤ ਪ੍ਰਬਲ ਰਿਹਾ ਹੈ। ਸਨਾਤਨ ਧਰਮ ਵਿੱਚ ਸਾਉਣ ਦਾ ਮਹੀਨਾ ਇਸ ਲਈ ਵਿਸ਼ੇਸ਼ ਮਹੱਤਵ ਵਾਲਾ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਭਗਵਾਨ ਸ਼ਿਵ ਪੂਰੇ ਬ੍ਰਹਿਮੰਡ ਨੂੰ ਸੰਚਾਰ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਉਹ ਆਪਣੇ ਸ਼ਰਧਾਲੂਆਂ ਦੀਆਂ ਪ੍ਰਾਰਥਨਾਵਾਂ ਨੂੰ ਆਸਾਨੀ ਨਾਲ ਸੁਣਦੇ ਹਨ। ਸਾਉਣ ਦੌਰਾਨ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕਰਨ ਦੇ ਨਾਲ-ਨਾਲ ਉਹ ਸ਼ਿਵਲਿੰਗ ਦਾ ਜਲਾਭਿਸ਼ੇਕ, ਦੁੱਧ ਅਭਿਸ਼ੇਕ ਕਰਾਕੇ,ਬੇਲ ਪੱਤਰ, ਫ਼ਲ ਅਤੇ ਹੋਰ ਬਹੁਤ ਕੁਝ ਚੜ੍ਹਾ ਕੇ ਬਹੁਤ ਖੁਸ਼ ਹੁੰਦੇ ਹਨ। ਇਸ ਦੇ ਨਾਲ ਹੀ ਸਾਉਣ ਦੌਰਾਨ ਕਾਂਵੜ ਯਾਤਰਾ ਦਾ ਵੀ ਵਿਸ਼ੇਸ਼ ਮਹੱਤਵ ਹੈ। ਸ਼ਿਵ ਦਾ ਅਰਥ ਹੈ ਕਲਿਆਣ ਹੈ,ਇਸ ਲਈ ਸਾਉਣ ਮਹੀਨੇ ’ਚ ਕੀਤੀ ਗਈ ਸਾਧਨਾ, ਸੰਜਮ ਨਾਲ ਮਨੁੱਖ ਆਪਣੀ ਜ਼ਿੰਦਗੀ ’ਚ ਆਤਮਿਕ ਕਲਿਆਣ ਨੂੰ ਪ੍ਰਾਪਤ ਕਰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਮਹੀਨਾ ਅਧਿਆਤਮਿਕ ਵੈਦਿਕ ਯੱਗ ਦਾ ਪ੍ਰਤੀਕ ਹੈ, ਜੋ ਮਨੁੱਖ ਦੇ ਹਰ ਤਰ੍ਹਾਂ ਦੇ ਕਸ਼ਟਾਂ ਨੂੰ ਦੂਰ ਕਰਦਾ ਹੈ। ਇਸ ਮਹੀਨੇ ਅਧਿਆਤਮਿਕ ਸ਼ਕਤੀਆਂ ਨੂੰ ਸ਼ੁੱਧ ਕਰਕੇ ਸ਼ਿਵਤਵ ਦੇ ਆਲੌਕਿਕ ਮਾਰਗ ’ਤੇ ਵਧਣ ਅਤੇ ਆਪਣੇ ਜ਼ਿੰਦਗੀ ਵਿੱਚ ਸ਼ਿਵਤਵ ਨੂੰ ਗ੍ਰਹਿਣ ਕਰਨ ਦਾ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ। ਸਾਉਣ ਮਹੀਨੇ ਦੀ ਖੁਸ਼ੀ ਵਿੱਚ ਕਈ ਥਾਵਾਂ ਤੇ ਮੇਲੇ ਵੀ ਲਗਾਏ ਜਾਂਦੇ ਹਨ।
ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਭੇਜਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਖੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਸਾਡੇ ਪੰਜਾਬੀ ਸੱÎਭਿਆਚਾਰ ਉੱਤੇ ਪੈ ਰਹੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਪਹਿਲਾਂ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ “ਸਾਉਣ ਮਹੀਨਾ ਦਿਨ ਤੀਆਂ ਦੇ ਪਿੱਪਲੀਂ ਪੀਂਘਾਂ ਪਾਈਆਂ” ਵਰਗੀਆਂ ਲੋਕ ਬੋਲੀਆਂ ਸਿਰਫ਼ ਬੋਲੀਆਂ ਹੀ ਬਣ ਕੇ ਰਹਿ ਗਈਆਂ ਹਨ ,ਜੋ ਸੱਥਾਂ ਵਿੱਚ ਨਹੀਂ ਬਲਕਿ ਸਟੇਜਾਂ ਜਾਂ ਕਲੱਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ। ਪੰਜਾਬ ਦੇ ਰੰਗ-ਬਿਰੰਗੇ, ਨੱਚਣ-ਗਾਉਣ ਵਾਲੇ ਤਿਉਹਾਰਾਂ ਪਿੱਛੇ ਕੋਈ ਇੱਕ ਕਾਰਨ ਨਹੀਂ ਹੈ, ਇਨ੍ਹਾਂ ਪਿੱਛੇ ਬਹੁਤ ਅਜਿਹੇ ਕਾਰਨ ਹਨ, ਜੋ ਪੁਰਾਣੇ ਹੱਸਦੇ-ਵੱਸਦੇ ਪੰਜਾਬ ਦੇ ਖੁੱਲ੍ਹ-ਦਿਲੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੇ ਹਨ। ਸਾਉਣ ਮਹੀਨਾ ਅਤੇ ਇਸ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਦੇ ਰੰਗ ਬਹੁਤ ਖੂਬਸੂਰਤ ਹਨ।



