ਅੰਮ੍ਰਿਤਸਰ (ਸਮਾਜ ਵੀਕਲੀ): ਖੇਤੀ ਮਾਹਿਰ ਪੀ. ਸਾਈਨਾਥ ਨੇ ਅੱਜ ਇੱਥੇ ਆਖਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦਾ ਅਸਰ ਸਿਆਸਤ ’ਤੇ ਪੈਣ ਲੱਗਿਆ ਹੈ। ਉਨ੍ਹਾਂ ਆਖਿਆ ਕਿ ਹਿਮਾਚਲ ਅਤੇ ਰਾਜਸਥਾਨ ਵਿੱਚ ਕਿਸਾਨ ਸੰਘਰਸ਼ ਨੇ ਖਾਸਾ ਪ੍ਰਭਾਵ ਪਾਇਆ ਹੈ ਤੇ ਇੱਥੇ ਭਾਜਪਾ ਨੂੰ ਜ਼ਿਮਨੀ ਚੋਣਾਂ ਵਿੱਚ ਹਾਰ ਮਿਲੀ ਹੈ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਕਿਸਾਨ ਸੰਘਰਸ਼ ਨੂੰ ਚਲਦਿਆਂ ਲਗਪਗ ਸਾਲ ਹੋ ਚੱਲਿਆ ਹੈ ਤੇ ਹੁਣ ਇਸ ਦਾ ਸਿੱਧਾ ਅਸਰ ਪੈਣ ਲਗ ਪਿਆ ਹੈ। ਕਿਸਾਨ ਸੰਘਰਸ਼ ਕਰਕੇ ਦੇਸ਼ ਦੀ ਰਾਜਨੀਤੀ ਵਿਚ ਬਦਲਾਅ ਆ ਰਿਹਾ ਹੈ। ਹਿਮਾਚਲ ਅਤੇ ਰਾਜਸਥਾਨ ਵਿਚ ਕਿਸਾਨ ਸੰਘਰਸ਼ ਕਾਰਨ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਨ੍ਹਾਂ ਕਿਸਾਨ ਸੰਘਰਸ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀ ਸੰਘਰਸ਼ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਕੋਲ ਯੂਰਪ ਅਤੇ ਹੋਰ ਮੁਲਕਾਂ ਵਿਚ ਜਾਣ ਲਈ ਸਮਾਂ ਹੈ ਪਰ ਦੇਸ਼ ਵਿਚ 11 ਮਹੀਨਿਆਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਲਈ ਸਮਾਂ ਨਹੀਂ ਹੈ। ਅਦਾਲਤੀ ਆਦੇਸ਼ਾਂ ’ਤੇ ਇਸ ਮਸਲੇ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਦੀ ਆਉਣ ਵਾਲੀ ਰਿਪੋਰਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਕਮੇਟੀ ਵਿਚ ਇੱਕ ਵੀ ਕਿਸਾਨ ਨਹੀਂ, ਉਸ ਦੀ ਰਿਪੋਰਟ ਨੂੰ ਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਇਕ ਕਿਸਾਨ ਸ਼ਾਮਲ ਕੀਤਾ ਸੀ, ਜੋ ਪਹਿਲਾਂ ਹੀ ਅਸਤੀਫਾ ਦੇ ਗਿਆ। ਉਨ੍ਹਾਂ ਦਾ ਨਾਂ ਵੀ ਕਮੇਟੀ ਵਿਚ ਰੱਖਿਆ ਗਿਆ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ ਸੀ। ਲਖੀਮਪੁਰ ਖੀਰੀ ਘਟਨਾ ਵਿਚ ਕੇਂਦਰੀ ਰਾਜ ਮੰਤਰੀ ਖ਼ਿਲਾਫ਼ ਕਾਰਵਾਈ ਨਾ ਹੋਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਹਾਕਮਾਂ ਦੀ ‘ਦਲਾਲ’ ਬਣ ਚੁੱਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly