ਇਮਾਨ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਬਖਤੌਰ ਸਿੰਘ ਪਿੰਡੋਂ ਸ਼ਹਿਰ ਡਿਊਟੀ ਕਰਨ ਜਾਂਦਾ ਹੁੰਦਾ ਸੀ।ਉਸ ਨੂੰ ਡਿਊਟੀ ਕਰਦੇ ਨੂੰ ਵੀਹ ਵਰ੍ਹੇ ਹੋ ਗਏ ਸਨ ।ਜਦ ਉਸ ਨੂੰ ਨੌਕਰੀ ਮਿਲ਼ੀ ਸੀ ਤਾਂ ਉਹ ਪੰਝੀ ਵਰ੍ਹਿਆਂ ਦਾ ਸੀ। ਉਸ ਦਾ ਰੰਗ ਗੋਰਾ, ਕਾਲ਼ੀ ਖੁੱਲ੍ਹੀ ਛੱਡੀ ਹੋਈ ਦਾੜ੍ਹੀ, ਵਧੀਆ ਪ੍ਰੈੱਸ ਕੀਤੇ ਪੈਂਟ ਸ਼ਰਟ ਤੇ ਸਿਰ ਤੇ ਪੋਚਵੀਂ ਪੱਗ ਬੰਨ੍ਹੀ ਹੁੰਦੀ ਸੀ। ਚਿਹਰੇ ਤੇ ਕੁਛ ਵੱਖਰੀ ਹੀ ਚਮਕ ਜਿਹੀ ਹੁੰਦੀ ਸੀ। ਹੁਣ ਵੀਹ ਵਰ੍ਹਿਆਂ ਵਿੱਚ ਭਾਵੇਂ ਉਸ ਦੀ ਦਾੜ੍ਹੀ ਚਿੱਟੀ ਹੋ ਗਈ ਸੀ ਪਰ ਚਿਹਰੇ ਦੀ ਚਮਕ ਉਸੇ ਤਰ੍ਹਾਂ ਬਰਕਰਾਰ ਸੀ। ਉਹ ਰੋਜ਼ ਸਵੇਰੇ ਅੱਠ ਵਜੇ ਵਾਲ਼ੀ ਬੱਸ ਚੜ੍ਹਦਾ ਸੀ ਤੇ ਉਹੀ ਬੱਸ ਦੇ ਆਖ਼ਰੀ ਚੱਕਰ ਸ਼ਾਮ ਨੂੰ ਛੇ ਵਜੇ ਪਿੰਡ ਦੇ ਬੱਸ ਅੱਡੇ ਉਤਰਦਾ ਸੀ। ਪਿਛਲੇ ਵੀਹ ਸਾਲਾਂ ਤੋਂ ਉਸ ਦੀ ਇਸ ਸਮੇਂ ਸਾਰਣੀ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ।

ਬਖਤੌਰ ਸਿਓਂ ਬੱਸ ਵਿੱਚ ਬੈਠਦੇ ਸਾਰ ਹੀ ਅੱਖਾਂ ਬੰਦ ਕਰਕੇ ਬੈਠ ਜਾਂਦਾ ਸੀ, ਸ਼ਾਇਦ ਉਹ ਮਨ ਹੀ ਮਨ ਵਿੱਚ ਕੋਈ ਪਾਠ ਕਰਦਾ ਹੋਵੇਗਾ ਜਾਂ ਨਾਮ‌ ਸਿਮਰਨ ਕਰਦਾ ਹੋਵੇਗਾ। ਉਹ ਨਾ ਕਿਸੇ ਨਾਲ ਕਦੇ ਕੋਈ ਗੱਲ ਕਰਦਾ ਸੀ ਤੇ ਨਾ ਕਿਸੇ ਨੂੰ ਬਲਾਉਂਦਾ ਹੁੰਦਾ ਸੀ। ਬੱਸ ਦਾ ਪੁਰਾਣਾ ਕੰਡਕਟਰ ਤਾਂ ਜਾਣਦਾ ਹੁੰਦਾ ਸੀ ਉਹ ਬੱਸ ਵਿੱਚ ਚੜ੍ਹਦੇ ਨੂੰ ਹੀ ਫਤਿਹ ਬੁਲਾ ਕੇ ਅਗਾਂਹ ਲੰਘ ਜਾਂਦਾ ਸੀ ।ਪਰ ਹੁਣ ਪਿਛਲੇ ਦੋ ਕੁ ਮਹੀਨਿਆਂ ਤੋਂ ਇੱਕ ਪਤਲਾ ਜਿਹਾ ਮੁੰਡਾ ਨਵਾਂ ਕੰਡਕਟਰ ਆਇਆ ਸੀ।ਉਸ ਨੂੰ ਪੱਕੀਆਂ ਸਵਾਰੀਆਂ ਬਾਰੇ ਬਹੁਤਾ ਨਹੀਂ ਪਤਾ ਸੀ ਪਰ ਬਖਤੌਰ ਸਿਓਂ ਬਾਰੇ ਉਹ ਜ਼ਰੂਰ ਸੋਚਦਾ ਹੁੰਦਾ ਸੀ ਕਿਉਂ ਕਿ ਉਸ ਦੀ ਸ਼ਖ਼ਸੀਅਤ ਹੀ ਬਹੁਤ ਪ੍ਰਭਾਵਸ਼ਾਲੀ ਸੀ। ਉਹ ਸੋਚਦਾ ਹੁੰਦਾ ਸੀ ਕਿ ਕਿੰਨਾ ਭੱਦਰ ਪੁਰਸ਼ ਹੈ ਇਹ ਬੰਦਾ,ਨਾ ਕਦੇ ਕਿਸੇ ਨਾਲ ਕੋਈ ਗੱਲ ਕਰਦਾ ਹੈ,ਨਾ ਕਿਸੇ ਵੱਲ ਫ਼ਾਲਤੂ ਦੇਖਦਾ ਹੈ ਭਾਵੇਂ ਜਿੰਨੀ ਮਰਜ਼ੀ ਕਾਵਾਂ ਰੌਲੀ ਪਈ ਜਾਵੇ ।ਉਹ ਸੋਚਦਾ ਐਨਾ ਚੰਗਾ ਤੇ ਨਰਮ ਸੁਭਾਅ ਦਾ ਬੰਦਾ ਤਾਂ ਕੋਈ ਵਿਰਲਾ ਹੀ ਹੁੰਦਾ ਹੈ।

ਇੱਕ ਦਿਨ ਕੰਡਕਟਰ ਨੂੰ ਉਸ ਨੇ ਟਿਕਟ ਲੈਣ ਲਈ ਸੌ ਦਾ ਨੋਟ ਫੜਾਇਆ ਕਿਉਂ ਕਿ ਉਸ ਕੋਲ ਟੁੱਟੇ ਪੈਸੇ ਨਹੀਂ ਸਨ ਜਦ ਕਿ ਉਸ ਦਾ ਇਕ ਪਾਸੇ ਦਾ ਕਿਰਾਇਆ ਅਠਾਈ ਰੁਪਏ ਲੱਗਦਾ ਸੀ। ਕੰਡਕਟਰ ਨੇ ਟਿਕਟ ਕੱਟ ਕੇ ਨਾਲ ਹੀ ਬਕਾਇਆ ਮੋੜ ਦਿੱਤਾ।ਉਸ ਨੇ ਟਿਕਟ ਤੇ ਪੈਸੇ ਫ਼ੜ ਕੇ ਜੇਬ ਵਿੱਚ ਪਾ ਲਏ। ਕੰਡਕਟਰ ਸਾਰਿਆਂ ਦੀਆਂ ਟਿਕਟਾਂ ਕੱਟ ਕੇ ਡਰਾਇਵਰ ਵਾਲੇ ਕੈਬਿਨ ਵਿੱਚ ਸਾਈਡ ਵਾਲ਼ੀ ਲੰਬੀ ਸੀਟ ਤੇ ਬੈਠ ਗਿਆ। ਉਹ ਬਖਤੌਰ ਸਿਓਂ ਵੱਲ ਵਾਰ ਵਾਰ ਤੱਕ ਰਿਹਾ ਸੀ ਜਿਵੇਂ ਉਸ ਨੂੰ ਬਖਤੌਰ ਤੋਂ ਕੋਈ ਚੀਜ਼ ਮਿਲਣ ਦੀ ਆਸ ਹੋਵੇ।ਪਰ ਜਿਵੇਂ ਹੀ ਬਖਤੌਰ ਸਿਓਂ ਦੇ ਪਿੰਡ ਦਾ ਅੱਡਾ ਆਇਆ ਤਾਂ ਉਹ ਬੱਸ ਰੁਕਦੇ ਹੀ ਉਤਰ ਗਿਆ। ਕੰਡਕਟਰ ਕਾਫ਼ੀ ਮਾਯੂਸ ਨਜ਼ਰ ਆ ਰਿਹਾ ਸੀ।

ਅਗਲੇ ਦਿਨ ਐਤਵਾਰ ਸੀ। ਬਖਤੌਰ ਸਿੰਘ ਸੋਮਵਾਰ ਨੂੰ ਡਿਊਟੀ ਤੇ ਜਾਣ ਲਈ ਬੱਸ ਅੱਡੇ ਤੇ ਖੜਾ ਨਹੀਂ ਸੀ।ਪਰ ਕੰਡਕਟਰ ਨੇ ਡਰਾਈਵਰ ਨੂੰ ਪੱਕੀ ਸਵਾਰੀ ਕਹਿ ਕੇ ਦੋ ਮਿੰਟ ਬੱਸ ਰੋਕੀ ਰੱਖੀ। ਪਰ ਬਾਕੀ ਸਵਾਰੀਆਂ ਲੇਟ ਹੁੰਦੀਆਂ ਸਨ ਇਸ ਲਈ ਬੱਸ ਤੋਰ ਲਈ। ਬਖ਼ਤੌਰ ਸਿੰਘ ਮੰਗਲਵਾਰ ਨੂੰ ਵੀ ਨਾ ਆਇਆ। ਕੰਡਕਟਰ ਉਸ ਬਾਰੇ ਸੋਚਦਾ ਤੇ ਆਪਣੇ ਆਪ ਨਾਲ ਗੱਲਾਂ ਕਰਦਾ ,”ਮੈਂ ਉਸ ਨੂੰ ਕਿੰਨਾ ਭੱਦਰ ਪੁਰਸ਼ ਸਮਝੀ ਬੈਠਾ ਸੀ ।ਪਰ ਅੱਜ ਕੱਲ੍ਹ ਤਾਂ ਲੋਕ ਚਿਹਰੇ ਤੇ ਸ਼ਰਾਫਤ ਦਾ ਨਿਕਾਬ ਚੜ੍ਹਾਈ ਫਿਰਦੇ ਹਨ ।” ਬੁੱਧਵਾਰ ਨੂੰ ਜਦੋਂ ਕੰਡਕਟਰ ਨੇ ਬਖਤੌਰ ਸਿੰਘ ਨੂੰ ਬੱਸ ਅੱਡੇ ਤੇ ਖੜ੍ਹੇ ਦੇਖਿਆ ਤਾਂ ਉਸ ਦਾ ਬੱਸ ਰੁਕਵਾਉਣ ਨੂੰ ਜਮ੍ਹਾਂ ਜੀ ਨਾ ਕਰੇ ਪਰ ਹੋਰ ਸਵਾਰੀਆਂ ਵੀ ਚੱਕਣੀਆਂ ਸਨ।

ਬਖਤੌਰ ਸਿੰਘ ਆਮ ਵਾਂਗ ਪਿਛਲੇ ਦਰਵਾਜ਼ੇ ਰਾਹੀਂ ਬੱਸ ਚੜ੍ਹਿਆ ਤੇ ਪਿੱਛਿਓਂ ਇੱਕ ਲੰਮੀ ਸੀਟ ਛੱਡ ਕੇ ਦਰਵਾਜ਼ੇ ਦੇ ਸਾਹਮਣੇ ਵਾਲ਼ੀ ਸੀਟ ਤੇ ਬੈਠ ਗਿਆ। ਕੰਡਕਟਰ ਮੂਹਰੇ ਤੋਂ ਸਵਾਰੀਆਂ ਦੀਆਂ ਟਿਕਟਾਂ ਕੱਟਦਾ ਕੱਟਦਾ ਉਸ ਤੱਕ ਪਹੁੰਚਿਆ ਤਾਂ ਉਸ ਨੇ ਦੋ ਸੌ ਰੁਪਏ ਫੜਾਉਂਦੇ ਹੋਏ ਆਖਿਆ,”ਕੰਡਕਟਰ ਸਾਹਿਬ, ਤੁਸੀਂ ਪਿਛਲੇ ਸ਼ਨਿੱਚਰਵਾਰ ਮੈਨੂੰ ਗ਼ਲਤੀ ਨਾਲ ਕੁਝ ਜ਼ਿਆਦਾ ਪੈਸੇ ਮੋੜ ਦਿੱਤੇ ਸਨ , ਮੈਂ ਬਿਨਾਂ ਗਿਣੇ ਟਿਕਟ ਸਮੇਤ ਪੈਸੇ ਜੇਬ ਵਿੱਚ ਪਾ ਲਏ ਸਨ ,ਜਦ ਘਰ ਜਾ ਕੇ ਗਿਣਿਆ ਤਾਂ ਮੈਨੂੰ ਪੈਸੇ ਵੱਧ ਲੱਗੇ।ਦੋ ਦਿਨ ਤੋਂ ਮੈਂ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਹੁਣ ਅੱਜ ਦੀ ਟਿਕਟ ਸਮੇਤ ਆਪਣਾ ਹਿਸਾਬ ਬਰਾਬਰ ਹੋ ਗਿਆ।”

ਕੰਡਕਟਰ ਨੇ ਪਿਛਲੇ ਤਿੰਨ ਦਿਨਾਂ ਵਿੱਚ ਜੋ ਜੋ ਉਸ ਦੇ ਇੱਕ ਘਟੀਆ ਇਨਸਾਨ ਹੋਣ ਬਾਰੇ ਸੋਚਿਆ ਸੀ, ਉਸ ਤੇ ਉਸ ਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ।ਪਰ ਬਖਤੌਰ ਸਿੰਘ ਤੋਂ ਪੈਸੇ ਫ਼ੜ ਕੇ ਉਸ ਨੇ ਥੋੜ੍ਹਾ ਜਿਹਾ ਸੋਚਿਆ ਤੇ ਫਿਰ ਪੰਜਾਹ ਦਾ ਨੋਟ ਵਾਪਸ ਕਰਕੇ ਆਖਿਆ,”ਨਹੀਂ ਸਰਦਾਰ ਸਾਹਿਬ, ਮੈਂ ਤੁਹਾਨੂੰ ਬਹੱਤਰ ਰੁਪਏ ਦੀ ਥਾਂ ਇੱਕ ਸੌ ਬਾਈ ਰੁਪਏ ਮੋੜੇ ਸਨ, ਅੱਜ ਦੀ ਟਿਕਟ ਦੇ ਅਠਾਈ ਰੁਪਏ ਪਾ ਕੇ ਪੂਰਾ ਡੇਢ ਸੌ ਰੁਪਏ ਬਣਦੇ ਨੇ।ਆਹ ਫੜੋ ਪੰਜਾਹ ਦਾ ਨੋਟ, ਤੁਸੀਂ ਮੈਨੂੰ ਪੰਜਾਹ ਰੁਪਏ ਜ਼ਿਆਦਾ ਦੇ ਦਿੱਤੇ ਹਨ।”

ਦੋਵੇਂ ਇੱਕ ਦੂਜੇ ਵੱਲ ਜਿੱਤ ਦੀ ਨਿਗਾਹ ਨਾਲ ਵੇਖ ਕੇ ਮੁਸਕਰਾ ਰਹੇ ਸਨ।ਜੇ ਕੰਡਕਟਰ ਨੇ ਬਖਤੌਰ ਸਿੰਘ ਨੂੰ ਇਕਹਿਰੇ ਮਾਪਦੰਡ ਤੇ ਪਰਖਿਆ ਸੀ ਤਾਂ ਬਖਤੌਰ ਸਿੰਘ ਨੇ ਉਸ ਨੂੰ ਦੂਹਰੇ ਮਾਪਦੰਡ ਤੋਂ ਪਰਖ ਲਿਆ ਸੀ। ਕੰਡਕਟਰ ਨੂੰ ਪਰਖਣ ਲਈ ਹੀ ਉਸ ਨੂੰ ਵੱਧ ਪੈਸੇ ਦਿੱਤੇ ਸਨ ਕਿ ਕੰਡਕਟਰ ਨੇ ਬੇਧਿਆਨੇ ਨਹੀਂ ਬਲਕਿ ਜਾਣ ਬੁੱਝ ਕੇ ਵੱਧ ਪੈਸੇ ਮੋੜੇ ਸਨ ਤਾਂ ਹੀ ਉਸ ਨੂੰ ਸਹੀ ਰਕਮ ਬਾਰੇ ਪਤਾ ਸੀ ਕਿ ਕਿੰਨੇ ਪੈਸੇ ਵੱਧ ਮੋੜੇ ਸਨ। ਓਧਰ ਕੰਡਕਟਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਜੇ ਉਸ ਨੇ ਉਸ ਦਾ ਇਮਾਨ ਪਰਖ਼ਣ ਲਈ ਵੱਧ ਪੈਸੇ ਮੋੜੇ ਸਨ ਤਾਂ ਬਖਤੌਰ ਸਿੰਘ ਨੇ ਵੀ ਉਸ ਦਾ ਇਮਾਨ ਪਰਖ ਲਿਆ ਸੀ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰ੍ਰਸੀਪਲ ਪ੍ਰੇਮ ਕੁਮਾਰ ਵਲੋਂ ਲਸਾੜਾ ਵਿਖੇ ਕੀਤੀ ਵਲੰਟੀਅਰਾਂ ਨਾਲ ਮੀਟਿੰਗ
Next articleਬਹੁੜ ਘਰ ਘਰ ਦਾਰੂ (ਵਿਅੰਗ)