ਮੈਂ ਕੱਲ ਨੂੰ ਮੂੰਹ ਬਣਾਉਣ ਜਾਣਾ !

(ਸਮਾਜ ਵੀਕਲੀ)

ਕੰਮ ਤੇ ਆਉਂਦੇ ਸਾਰ ਜਿਸ ਦੇ ਮੱਥੇ ਚਾਰ ਤਿਊੜੀਆਂ ਹਰ ਰੋਜ਼ ਪਈਆਂ ਹੁੰਦੀਆਂ ਸੀ ਅੱਜ ਉਹ ਸਤਿੰਦਰ ਘੁੱਗੀ ਵਾਂਗ ਉੱਡਦੀ ਕੰਮ ਤੇ ਆਈ ਤੇ ਉੱਪਰੋਂ ਸਾਰਾ ਜਬਾੜ੍ਹਾ ਬਾਹਰ , ਚਿਹਰੇ ਤੇ ਪੂਰੀ ਰੌਣਕ , ਪੂਰਾ ਹਾਸਾ , ਸਭ ਨੂੰ ਕੋਲ ਜਾ ਜਾ ਕੇ ਸਵੇਰ ਦੀ ਸੱਤ ਸ੍ਰੀ ਅਕਾਲ ਕਹਿ ਰਹਿ ਸੀ , ਸ਼ੁੱਕਰਵਾਰ ਹੋਣ ਕਰਕੇ ਬਾਕੀ ਦੀਆਂ ਔਰਤਾਂ ਵੀ ਆਪਣੇ ਆਪ ਵਿੱਚ ਹਮੇਸ਼ਾ ਦੀ ਤਰਾਂ ਬਹੁਤ ਖੁਸ਼ ਸਨ । ਇਹ ਗੋਰੀਆਂ ਔਰਤਾਂ ਹਰ ਸ਼ੁੱਕਰਵਾਰ ਬਹੁਤ ਖੁਸ਼ ਹੁੰਦੀਆਂ ਹਨ ਕਿਉਕਿ ਇੱਕ ਤਾਂ ਪੂਰਾ ਹਫ਼ਤਾ ਕੰਮ ਕਰਕੇ ਦੋ ਦਿਨ ਛੁੱਟੀ ਹੁੰਦੀ ਹੈ ਤੇ ਉੱਪਰ ਤੇ ਕਿਸੇ ਨੇ ਆਪਣੇ ਮਿੱਤਰ ਘਰੇ ਦੋ ਦਿਨ ਰਹਿਣ ਜਾਣਾ ਹੁੰਦਾ , ਕਿਸੇ ਦੇ ਮਿੱਤਰ ਨੇ ਉਸ ਨਾਲ ਦੋ ਰਾਤਾਂ ਗੁਜ਼ਾਰਨ ਆਉਣਾ ਹੁੰਦਾ, ਕਿਸੇ ਦੇ ਬੱਚਿਆ ਨੇ ਮਿਲਣ ਆਉਣਾ , ਕਿਸੇ ਦੇ ਪੋਤੇ ਪੋਤਰੀਆਂ ਨੇ ਆਉਣਾ ਤੇ ਕਿਸੇ ਦੇ ਦੋਹਤੇ ਦੋਹਤਰਿਆ ਦੀ ਸਾਂਭ ਸੰਭਾਲ਼ ਕਰਨੀ ਹੁੰਦੀ , ਕਈ ਬਾਹਰ ਖਾਣਾ ਖਾਣ ਜਾਂਦੀਆਂ , ਕਈ ਕਸਰਤ ਕਰਨ ਜਾਂਦੀਆਂ ਤੇ ਕਈ ਖੁੱਲ੍ਹੇ ਤਲਾਅ ਵਿੱਚ ਨਹਾਉਣ ਜਾਣ ਦਾ ਪ੍ਰੋਗਰਾਮ ਬਣਾਈ ਫਿਰਦੀਆਂ । ਇਹ ਗੋਰੇ ਲੋਕ ਤਾਂ ਮਨ ਭਾਉਂਦਾ ਖਾਣਾ ਵੀ ਛੁੱਟੀ ਵਾਲੇ ਦਿਨ ਹੀ ਬਣਾ ਕੇ ਖਾਂਦੇ ਹਨ ਨਹੀਂ ਤਾਂ ਇਹ ਲੋਕ ਪੰਜ ਦਿਨ ਗਰਮ ਪਾਣੀ ਵਿੱਚ ਚਾਹ ਜਾ ਕਾਫ਼ੀ ਘੋਲ ਕੇ ਬਰੈਡ ਨਾਲ ਢਿੱਡ ਭਰਕੇ ਸਾਰ ਲੈੰਦੇ ਹਨ ।

ਮੈਂ ਸਤਿੰਦਰ ਨੂੰ ਇੰਨੀ ਖੁਸ਼ ਕਦੇ ਵੀ ਨਹੀਂ ਸੀ ਵੇਖਿਆ । ਮੇਰੇ ਕੋਲ਼ੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਲਿਆ । ਤੁਸੀ ਅੱਜ ਇੰਨੇ ਖੁਸ਼ ਕਿਵੇਂ ?
ਸਤਿੰਦਰ , ਮੈਂ ਕੱਲ ਨੂੰ ਆਪਣਾ 1000€ ਦਾ ਮੂੰਹ ਬਣਾਉਣ ਜਾਣਾ ਤੇ ਅੱਜ ਕੰਮ ਤੋਂ ਬਾਅਦ 50 ਕਿੱਲੋਮੀਟਰ ਤੇ ਵਾਲ ਕਟਾਉਣ ਤੇ ਸਿੱਧੇ ਕਰਾਉਣ ਜਾਣਾ ਉਹ ਵੀ ਸਿਰਫ 270 ਯੂਰੋ ਵਿੱਚ ਤੇ , ਤੈਨੂੰ ਪਤਾ ਇੱਕ ਹੀ ਟੀਕਾ ਲਵਾਉਣ ਨਾਲ ਇੱਕ ਸਾਲ ਸੁਰਖ਼ੀ ਲਾਉਣ ਦੀ ਲੋੜ ਨੀ ਪੈਂਦੀ ਬੁੱਲ੍ਹ ਲਾਲ ਗੁਲਾਬੀ ਰਹਿੰਦੇ ਹਨ , ਮੈਨੂੰ ਪਹਿਲਾ ਪਤਾ ਨਹੀਂ ਸੀ ਕਿੱਥੇ ਕਰਦੇ ਆ ਪਰ ਕੱਲ ਮੈਂ ਸਭ ਪਤਾ ਕਰਕੇ ਦੂਜੇ ਸ਼ਹਿਰ ਇੱਕ ਥਾਂ ਮੀਟਿੰਗ ਲਈ ਵਕਤ ਲੈ ਲਿਆ । ਪਰਸੋ ਅਸੀਂ ਪੰਜਾਬ ਜਾਣਾ ਇਸ ਲਈ ਤਿਆਰੀ ਕਰ ਰਹੀ ਹਾਂ ।

ਮੇਰਾ ਹਾਸਾ ਨਾ ਰੁਕੇ ਤੇ ਮੈਂ ਮਜ਼ਾਕ ਨਾਲ ਫੇਰ ਕਹਿ ਦਿੱਤਾ , ਨਾ ਤੂੰ ਜੋ ਇੱਥੇ ਵਾਲ ਸਿੱਧੇ ਕਰਾਉਣ ਲਈ ਇੰਨੇ ਪੈਸੇ ਖਰਾਬ ਕਰ ਰਹੀ ਏ ਕੀ ਲੋੜ ਸੀ ? ਸੱਸ ਨੇ ਬਥੇਰੇ ਕਰ ਦੇਣੇ ਆ ਸਿੱਧੇ ਤੇ ਮੂੰਹ ਵੀ ਸੋਹਣਾ ਬਣਾ ਦੇਣਾ ਲਾਲੀ ਗੁਲਾਲੀ ਵਾਲਾ , ਬਸ ਤੂੰ ਉਹਨੂੰ ਰੁਪਏ ਦੱਸ ਦੇਈ ਕਿੰਨੇ ਲਾਏ ਆ, ਉਹਨੇ ਤਾਂ ਮੁਫ਼ਤੋ ਮੁਫਤੀ ਸਾਰੇ ਟੱਬਰ ਦੇ ਵਾਲ ਸਿੱਧੇ ਕਰ ਦੇਣੇ ਤੇ ਮੂੰਹ ਬਣਾ ਦੇਣੇ । ਕਿੱਧਰ ਨੂੰ ਤੁਰ ਪਇਆ ਅਸੀਂ ? ਕੀ ਕੁਝ ਕਰ ਰਹੀਆਂ ਅਸੀਂ ? ਸੋਹਣਾ ਬਣਨ ਲਈ ਜਾ ਚੰਡਾਲਾਂ ਚੇਹਰਾ ਲੁਕਾਉਣ ਲਈ , ਅਸਲ ਸੋਹਣੀ ਤਾਂ ਉਹ ਹੁੰਦੀ ਜਿਸ ਦੇ ਵਿਚਾਰ ਤੇ ਸੁਭਾਅ ਚੰਗਾ ਹੁੰਦਾ , ਜਿਸ ਔਰਤ ਦੀ ਜ਼ੁਬਾਨ ਵਿੱਚ ਰਸ ਤੇ ਦੂਜਿਆਂ ਲਈ ਆਦਰ ਸਤਿਕਾਰ ਹੋਵੇ ਉਹ ਬਿਨਾ ਕਿਸੇ ਬਾਹਰੀ ਸ਼ਿੰਗਾਰ ਦੇ ਵੀ ਸਭ ਦਾ ਮਨ ਮੋਹ ਲੈੰਦੀ ਹੈ। ਔਰਤ ਵਿੱਚ ਜਿੰਨੇ ਜ਼ਿਆਦਾ ਗੁਣ ਹੋਣ ਉਹ ਉਨੀ ਜ਼ਿਆਦਾ ਪਿਆਰੀ ਲੱਗਦੀ ਹੈ , ਦੁਨੀਆ ਗੁਣਾ ਨੂੰ ਸਲਾਮਾਂ ਕਰਦੀ ਨਾ ਕਿ ਸੋਹਣੀ ਚਮੜੀ ਨੂੰ ।

ਜੇਕਰ ਕਿਸੇ ਔਰਤ ਵਿੱਚ ਇਹ ਸਭ ਗੁਣ ਹੋਣ ਤਾਂ ਉਸ ਨੂੰ ਬਹੁਤੇ ਬਾਹਰੀ ਦਿਖਾਵੇ ਵਾਲੇ ਸ਼ਿੰਗਾਰ ਦੀ ਲੋੜ ਨਹੀਂ । ਸ਼ਿੰਗਾਰ ਕਰਨਾ ਚਾਹੀਦਾ ਪਰ ਹੱਦ ਵਿੱਚ ਰਹਿ ਕੇ ਨਾ ਕਿ ਨਵੀਆਂ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਤੇ ਕੁਦਰਤ ਦੇ ਨਿਯਮਾਂ ਖ਼ਿਲਾਫ਼ ਜਾ ਕੇ ।
1 ਸਬਰ ਸੰਤੋਖ ਵਿਰਤੀ ਹੋਵੇ ।

2. ਧੀਰਜ ਤੇ ਸਹਿਨਸ਼ੀਲਤਾ ਵਾਲੀ ਹੋਵੇ ।

3. ਕਰੋਧਵਾਨ ਨਾ ਹੋ ਕੇ ਨਰਮ ਸੁਭਾਅ ਦੀ ਹੋਵੇ ।

4. ਮਿੱਠੇ ਤੇ ਪਿਆਰੇ ਬੋਲ ਬੋਲਣ ਵਾਲੀ ਹੋਵੇ ।

5. ਹਰ ਰਿਸ਼ਤੇ ਨੂੰ ਸਾਂਭ ਕੇ ਰੱਖਣ ਵਾਲੀ , ਆਦਰ ਸਤਿਕਾਰ ਕਰਨ ਵਾਲੀ ਹੋਵੇ ।

6. ਪੜਾਈ ਦੇ ਨਾਲ ਨਾਲ ਸਲਾਈ , ਕਢਾਈ , ਖਾਣਾ ਬਣਾਉਣਾ ਜਾਣਦੀ ਹੋਵੇ ਤਾਂ ਜੋ ਘਰ ਨੂੰ ਸੁਚੱਜੇ ਢੰਗ ਨਾਲ ਚਲਾ ਸਕੇ ।

7. ਹਰ ਔਰਤ ਧਾਰਮਿਕ ਵਿਚਾਰਾਂ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਰੱਬ ਦੇ ਭੈਅ ਵਿੱਚ ਰਹਿੰਦੀ ਹੋਈ ਪਰਿਵਾਰ ਨੂੰ ਚੰਗੀ ਸੇਧ ਦੇ ਸਕੇ ।

8. ਦਲੇਰ ਹੋਣੀ ਚਾਹੀਦੀ ਤਾਂ ਜੋ ਗਲਤ ਸਹੀ ਦੇ ਨਿਰਣੇ ਤੇ ਅਟੱਲ ਰਹਿ ਸਕੇ ।

9. ਪੱਖਪਾਤੀ ਨਾ ਹੋਵੇ ।

10. ਅੱਜ ਦੇ ਦੌਰ ਲਈ ਅਹਿਮ ਗੁਣ ਘੱਟ ਤੋਂ ਘੱਟ ਇਨਰਨੈਟ ਦਾ ਪ੍ਰਯੋਗ ਕਰਨ ਵਾਲੀ ਹੋਵੇ । ਟਿਕ ਟੋਕ ਤੋਂ ਨਫ਼ਰਤ ਕਰਦੀ ਹੋਵੇ ।

11. ਨੰਗੇਜ ਤੋਂ ਪਰਹੇਜ਼ ਕਰਦੀ ਹੋਵੇ ਤੇ ਵਿਰਸੇ ਨੂੰ ਸਾਂਭਣ ਵਾਲੀ ਹੋਵੇ ।

12. ਆਪਣੇ ਅਧਿਕਾਰਾਂ ਤੇ ਕਰਤੱਵਾਂ ਨੂੰ ਜਾਨਣ ਵਾਲੀ ਤੇ ਅਸੂਲਾਂ ਲਈ ਖੜਨ ਵਾਲੀ ਹੋਵੇ ।
ਮੈਂ ਤਾਂ ਆਪਣੀ ਅਣਜਾਣ ਬੁੱਧੀ ਨਾਲ ਕੁਝ ਗੁਣ ਲਿਖ ਦਿੱਤੇ ਜੀ ਕਿਰਪਾ ਕਰਕੇ ਤੁਸੀ ਆਪਣੇ ਸੁਝਾਅ ਜ਼ਰੂਰ ਦੇਣੇ ਜੀ । ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ।

ਸਰਬਜੀਤ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDefExpo 2022: DRDO to showcase 430 strategic, tactical weapon systems
Next articleAnti-incumbency weighs heavy on Himachal government