ਇਲਤੀ ਬਾਬਾ

ਨਾਟਕ ਨਾਟਕ ਨਾਟਕ

(ਸਮਾਜ ਵੀਕਲੀ) ਗੁਰਸ਼ਰਨ ਭਾਅ ਜੀ ਦਾ ਨਾਟਕ ਸੀ, ਜਿਸ ਦਾ ਨਾਮ ਹੀ ਨਾਟਕ ਨਾਟਕ ਨਾਟਕ ਸੀ। ਉਹਨਾਂ ਨੇ ਇਸ ਨਾਟਕ ਰਾਹੀਂ ਭਾਰਤੀ ਸਟੇਟ ਦੀਆਂ ਧੱਜੀਆਂ ਉਡਾਈਆਂ ਸਨ। ਹੁਣ ਇੱਕ ਹੋਰ ਨਵਾਂ ਖੁਲਾਸਾ ਹੋਇਆ ਹੈ ਕਿ, ਕੜਾਹ ਛਕਾਉਣ ਦੇ ਨਿਰਮਾਤਾ ਨੇ ਆਪਣੀ ਹੋਂਦ ਬਚਾਉਣ ਲਈ ਨਵਾਂ ਨਾਟਕ ਲਿਖਿਆ ਹੈ। ਇਸ ਦਾ ਨਾਮ ਵੀ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਨਾਟਕ ਐ। ਇਸ ਨਾਟਕ ਦੇ ਪਾਤਰ ਤਖਤਾਂ ਦੇ ਜਥੇਦਾਰ, ਕਮੇਟੀ ਸ਼੍ਰੋਮਣੀ ਦੇ ਮੈਂਬਰ, ਅਹੁਦੇਦਾਰ, ਚਾਪਲੂਸ, ਟਰੋਲ ਮੀਡੀਆ, ਗੋਦੀ ਮੀਡੀਆ, ਰਾਗੀ, ਢਾਡੀ ਕਵੀਸ਼ਰ ਤੇ ਕੀਰਤਨੀਏ ਹਨ।
ਇਹ ਨਾਟਕ ਹੋਰ ਰੋਜ਼ ਖੇਡਿਆ ਜਾਂਦਾ ਹੈ। ਇਸ ਦੇ ਪਾਤਰ ਓਹੀ ਹਨ। ਸਭ ਆਪੋ ਆਪਣਾ ਕੰਮ ਮੁਕੰਮਲ ਕਰ ਕੇ ਸਟੇਜ ਤੋਂ ਲਾਂਭੇ ਹੋ ਜਾਂਦਾ ਹੈ। ਇਸ ਨਾਟਕ ਦਾ ਇੱਕੋ ਇੱਕ ਮਕਸਦ ਹੈ ਕਿ ਚੰਡੀਗੜ੍ਹ ਦੀ ਕੁਰਸੀ ਨੂੰ ਹੱਥ ਕਿਵੇਂ ਪਾਇਆ ਜਾਵੇ। ਉਹਨਾਂ ਲਈ ਕੋਈ ਧਰਮ, ਧਾਰਮਿਕ ਸੰਸਥਾਵਾਂ, ਰਾਜਨੀਤੀ, ਪੈਸਾ, ਮਰਿਆਦਾ, ਇੱਜ਼ਤ, ਬੇਇੱਜ਼ਤੀ, ਬੇਅਦਬੀ, ਲਾਹ ਪਾਹ, ਲਾਹਨਤਾਂ, ਗਾਲਾਂ ਦੀ ਕੋਈ ਪ੍ਰਵਾਹ ਨਹੀਂ। ਉਹਨਾਂ ਵਲੋਂ ਹਰ ਕਿਸੇ ਨੂੰ ਵਰਤਿਆ ਜਾਂਦਾ ਹੈ ਤੇ ਸੁੱਟਿਆ ਜਾਂਦਾ ਹੈ। ਉਹ ਕਿਸੇ ਵੀ ਧਾਰਮਿਕ ਸੰਸਥਾਵਾਂ ਦਾ ਮੁਖੀ ਹੋਵੇ ਜਾਂ ਕੋਈ ਹੋਰ ਵਿਅਕਤੀ ਹੋਵੇ। ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਮੁੱਖ ਮੰਤਰੀ ਦੀ ਕੁਰਸੀ ਹੈ। ਜਿਵੇਂ ਅਰਜਨ ਨੂੰ ਮੱਛੀ ਦੀ ਅੱਖ ਦਿਖਦੀ ਸੀ, ਉਵੇਂ ਉਸਨੂੰ ਸਿਰਫ਼ ਕੁਰਸੀ ਦਿਖਦੀ ਹੈ। ਉਸ ਦੇ ਆਲੇ ਦੁਆਲੇ ਮੁਫ਼ਤ ਦਾ ਮਾਲ ਛਕਣ ਵਾਲਿਆਂ ਦੀ ਗਿਣਤੀ ਦੀ ਭੀੜ ਹੈ। ਇਹ ਭੀੜ ਵੀ ਦਾਅ ਲਗਾਉਣ ਲਈ ਤਰਲੋ ਮੱਛੀ ਹੋਈ ਹੈ। ਉਹ ਨਿੱਤ ਨਵੀਆਂ ਸਕੀਮਾਂ ਦੱਸਦੀ ਹੈ। ਉਵੇਂ ਜਿਵੇਂ ਗੁਰਸ਼ਰਨ ਭਾਅ ਜੀ ਕਰਦੇ ਸਨ। ਉਹਨਾਂ ਕੋਲ ਦੇ ਔਰਤ ਪਾਤਰ ਨਾ ਵੀ ਹੁੰਦੇ ਤਾਂ ਉਹ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦੇਂਦੇ ਕਿ ਜੇ ਮੈਂ ਇਥੇ ਹੋਵਾਂਗਾ ਤਾਂ ਜੈਲਦਾਰ ਹੋਵਾਂਗਾ ਤੇ ਜੇ ਇਧਰ ਹੋਵਾਂ ਤਾਂ ਬੇਗਮੋ ਦੀ ਧੀ ਮਾਸਟਰਨੀ ਹੋਵਾਂਗਾ। ਉਹਨਾਂ ਦਾ ਮਕਸਦ ਲੋਕਾਂ ਨੂੰ ਆਪਣੀ ਗੱਲ ਕਹਿਣ ਤੇ ਸਮਝਾਉਣ ਦਾ ਤਰੀਕਾ ਹੁੰਦਾ ਸੀ। ਪਰ ਇਸ ਨਾਟਕ ਵਿੱਚ ਮੇਲ, ਫੀਮੇਲ, ਚੀਨੇ ਕਬੂਤਰ, ਬਘਿਆੜ, ਲਗੜ ਬੱਗੇ, ਭੇੜੀਏ, ਗਿੱਦੜ, ਬਿੱਲੇ, ਵਲਟੋਹੀਆਂ, ਵਲਟੋਏ, ਕੜਾਹੇ, ਲੂੰਬੜੀਆਂ, ਲੂੰਬੜ, ਕੀਮੇ, ਬਾਂਟੇ, ਕੌਲੀਆਂ, ਚਮਚੇ, ਕੜਛੀਆਂ ਤੇ ਖੁਰਚਨਿਆਂ ਦੀ ਕੋਈ ਘਾਟ ਨਹੀਂ। ਉਹਨਾਂ ਨੂੰ ਸ਼ਿਕਾਰੀ ਵਾਂਗ ਮੌਕਾ ਦੇਖ ਕੇ ਛੱਡਿਆ ਜਾਂਦਾ ਹੈ। ਉਹਨਾਂ ਨੂੰ ਦਰਸ਼ਕਾਂ ਦੀ ਘਾਟ ਨਹੀਂ। ਸਾਰੀ ਦੁਨੀਆਂ ਦੇ ਪੰਜਾਬੀ ਉਹਨਾਂ ਦੇ ਨਾਟਕਾਂ ਦੇ ਦਰਸ਼ਕ ਹਨ। ਉਹ ਕੜਾਹ ਛਕਣ ਲਈ ਪੱਲਿਉਂ ਪੈਸੇ ਵੀ ਦੇਦੇ ਹਨ, ਤਾਂ ਕਿ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਣ।
ਨਾਟਕ ਨਾਟਕ ਨਾਟਕ ਨਾਟਕ ਨਾਟਕ
ਖੁੱਲ੍ਹ ਗਿਆ ਅਸਤੀਫਿਆਂ ਦਾ ਫ਼ਾਟਕ
ਹੁਣ ਨਵਾਂ ਉਡੇਗਾ ਰਾਕਟ
ਕਰੇਗਾ ਉਹ ਨਵਾਂ ਨਾਟਕ
ਨਾਟਕ ਨਾਟਕ ਨਾਟਕ ਨਾਟਕ

ਇਸ ਨਾਟਕ ਦਾ ਉਦੋਂ ਤੱਕ ਅੰਤ ਨਹੀਂ ਹੁੰਦਾ ਜਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ਥੱਲੇ ਨਹੀਂ ਆਉਂਦੀ।

ਇਲਤੀ ਬਾਬਾ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਹਰਭਜਨ ਲਾਖਾ ਐਕਸ ਐਮ ਪੀ ਸਪੋਰਟਸ ਕਲੱਬ ਕਰਨਾਣਾ ਦੇ ਵੇਟਲਿਫਟਰ ਲੜਕੇ ਅਤੇ ਲੜਕੀਆਂ ਅਤੇ ਕੋਚ ਸਾਹਿਬਾਨ ਕਬੱਡੀ ਦੇ ਮਹਾਂਕੁੰਭ ਘੁਮਣਾ ਟੂਰਨਾਮੈਂਟ ਤੇ ਸਨਮਾਨਿਤ।
Next articleਉਸ ਦਾ ਦਿਮਾਗ ਗੰਦਗੀ ਨਾਲ ਭਰਿਆ ਹੋਇਆ ਹੈ’… ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆ ਨੂੰ ਫਟਕਾਰ ਲਗਾਈ