(ਸਮਾਜ ਵੀਕਲੀ)
ਨੇੜਲੇ ਸਕੂਲ ‘ਚ ਡਿਊਟੀ ਤੋਂ ਆ ਕੇ ਬੰਟੀ ਨੇ ਬੇਬੇ ਦੇ ਪੈਰ ਛੁੰਹਦਿਆ ਕਿਹਾ, “ਜੇ ਮਾਵਾਂ ਠੰਡੀਆਂ ਛਾਂਵਾਂ ਨੇ, ਦਾਦੀ ਵੀ ਰੁੱਖ ਤੋਂ ਘੱਟ ਨਹੀਂ..।”
“ਜਿਉਂਦਾ ਰਹਿ ਪੁੱਤ! ਜਵਾਨੀਆਂ ਮਾਣੇ! ਤੇਰੀ ਲੰਬੀ ਉਮਰ ਹੋਵੇ ।” ਬੇਬੇ ਨੇ ਬੰਟੀ ਦੇ ਮੋਢੇ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ।
“ਮੈਂ ਤਾਂ ਪੁੱਤ, ਤੇਰੀ ਮਾਂ ਤੇ ਤੇਰੀ ਵੱਡੀ ਮਾਂ ਨੇ ਬਹੁਤ ਸੁਖੀ ਕਰਤੀ, ਕਰਮਾਂ ਆਲੀਆਂ ਨੇ ਸਾਰਾ ਕੰਮ ਸਾਂਭ ਲਿਆ ” ਬੇਬੇ ਆਪਣੀਆਂ ਨੂੰਹਾਂ ਦੀਆਂ ਸਿਫਤਾਂ ਦੇ ਪੁਲ ਬੰਨ ਦੀ ਜਾ ਰਹੀ ਸੀ, ਐਨੇ ਸਕੂਲ ‘ਚੋਂ ਡਿਊਟੀ ਨਿਭਾਅ ਕੇ ਆਈ ਪੋਤ ਨੂੰਹ, ਬੇਬੇ ਜੀ ਦੇ ਪੈਰੀਂ ਹੱਥ ਲਾ ਕੇ ਪੁੱਛਣ ਲੱਗੀ, “ਮੈਂ ਕੀ ਥੋਨੂੰ ਦੁਖੀ ਕਰਦੀ ਆਂ ਬੇਬੇ ਜੀ ?”
“ਜੁਗ -ਜੁਗ ਜੀਵੇ ਜੋੜੀ! ਜਵਾਨੀਆਂ ਮਾਣੋ ਪੁੱਤ!…ਪੁੱਤ, ਤੂੰ ਵੀ ਮੇਰੇ ਪੋਤੇ ਨਾਲ ਦੀ ਲੈਕ ਆ ਗੀ , ਤੁਸੀਂ ਤਾਂ ਮੇਰੀ ਉਮਰ ਵਧਾ ਤੀ….।” ਬੇਬੇ ਨੇ ਲੰਬਾ ਜਿਹਾ ਸਾਹ ਲੈ ਕੇ ਅਸ਼ੀਰਵਾਦਾਂ ਦੀ ਝੜੀ ਲਾ ਦਿੱਤੀ ।
“ਬੇਬੇ ਜੀ ਇਹ ਦੱਸੋ ਬਈ ਥੋਡੀ ਸੇਵਾ ‘ਚ ਕੋਈ ਕਸਰ ਤਾਂ ਨਹੀਂ ਰਹਿੰਦੀ?…ਆਹ ਮਾਸਟਰਨੀ, ਥੋਡੀ ਸੇਵਾ ਕਰਦੀ ਐ?” ਬੰਟੀ ਨੇ ਪ੍ਰੀਤ ਵੱਲ ਇਸ਼ਾਰਾ ਕਰਕੇ ਕਿਹਾ।
“ਹਾਂ ਪੁੱਤ, ਇਹ ਤਾਂ ਵਿਚਾਰੀ ਡਿਊਟੀ ਤੋਂ ਘਰ ਆ ਕੇ ਤੇਰੀ ਵੱਡੀ ਮਾਂ ਨਾਲ ਤਰਪਾਈ ਤੇ ਸਲਾਈ ‘ਚ ਵੀ ਹੱਥ ਵਟਾਉਂਦੀ ਐ , ਤੇਰੀ ਮਾਂ…. ਘਰ ਸਾਂਭ ਲੈਂਦੀ ਐ ਤੇ ਮੇਰੀ ਸੇਵਾ… ‘ਚ ਲੱਗੀ ਰਹਿੰਦੀ ਐ.. ” ਬੇਬੇ ਨੇ ਬੰਟੀ ਕੋਲ ਭਾਵਨਾਵਾਂ ਜਾਹਰ ਕੀਤੀਆਂ।
“ਬੇਬੇ ਤੂੰ ਹੀ ਵਾਹਲੀ ਚੰਗੀ ਐ। ਪੰਜੀਰੀ ਤੂੰ ਇਹਨਾਂ ਦੀ ਮੁੱਕਣ ਨੀਂ ਦਿੰਦੀ, ਕਦੇ ਖੋਆ, ਕਦੇ ਗਾਜਰਪਾਕ ਕੱਢ ਕੱਢ ਦਿੰਨੀ ਐਂ ਤੇ ਨਵੇਂ ਨਵੇਲੇ ਸੂਟ ਖਰੀਦ ਕੇ ਦਿੰਨੀ ਐਂ ਤਾਂ ਹੀ ਤੇਰੀਆਂ ਨੂੰਹਾਂ ਤੇ ਲੜਾਕੋ ਪੋਤ ਨੂੰਹ ਤੇਰਾ ਪਿਆਰ ਕਰਦੀਆਂ ਨੇ ” ਬੰਟੀ ਬੇਬੇ ਦੀਆਂ ਸਿਫਤਾਂ ਤੇ ਸਿਫਤਾਂ ਕਰ ਰਿਹਾ ਸੀ । ਕੋਲ ਕੰਮ ਕਰਦੀ ਪ੍ਰੀਤ ਨੂੰ ‘ਲੜਾਕੋ’ ਕਹਿ ਕੇ ਚਿੜ੍ਹਾ ਰਿਹਾ ਸੀ।
“ਦੇਖ ਲਓ ਬੇਬੇ ਜੀ, ਮੈਨੂੰ ‘ਲੜਾਕੋ’ ਕਹਿ ਰਿਹੈ ।” ਪ੍ਰੀਤ, ਬੰਟੀ ਦੇ ਪਿੱਛੇ ਭੱਜਦੀ ਹੋਈ ਬੇਬੇ ਨੂੰ ਸ਼ਿਕਾਇਤ ਲਾਉਂਦੀ ਹੈ।
“ਵੇ ਨਾ ਪੁੱਤ, ਇਹ ਤਾਂ ਮੇਰੀ ਸ਼ੇਰਨੀ ਐ…” ਬੇਬੇ ਨੇ ਪ੍ਰੀਤ ਨੂੰ ਬੁੱਕਲ ‘ਚ ਲੈਂਦਿਆਂ ਕਿਹਾ।
“ਲੋਕ ਕਹਿੰਦੇ ਨੇ ਕਿ ਬੇਗਾਨੀਆਂ ਧੀਆਂ ਆਪਣੀਆਂ ਨਹੀਂ ਬਣਦੀਆਂ, ਪਰ ਮੇਰੀਆਂ ਦੋਨੋਂ ਨੂੰਹਾਂ ਮੇਰੇ ਨਿਕੰਮੇ ਪੁੱਤਾਂ ਤੋਂ ਬਹੁਤ ਵਧੀਆ ਨੇ, ਮੇਰੀ ਪੋਤ ਨੂੰਹ ਹੋਰ ਵੀ ਬਥੇਰੀ ਚੰਗੀ ਆ ਗਈ ।” ਬੇਬੇ ਨੇ ਬੰਟੀ ਕੋਲ ਜਿਵੇੰ ਪੁੱਤਾਂ ਦੀ ਫਰਿਆਦ ਲਗਾਈ।
“ਓਹੋ…।, ਬੇਬੇ ਤੇਰੇ ਪੋਤੇ ਦੀ ਤਾਂ ਕੋਈ ਸ਼ਿਕਾਇਤ ਨੀਂ… ਤੇਰੀ ਪੋਤ ਨੂੰਹ ਈ ਸ਼ੇਰਨੀ ਆਂਗੂੰ ਦਹਾੜ ਦੀ ਰਹਿੰਦੀ ਐ ।” ਬੰਟੀ ਨੇ ਬੇਬੇ ਨੂੰ ਘੁੱਟ ਕੇ ਜੱਫ਼ੀ ‘ਚ ਲੈ ਕੇ ਕਿਹਾ।
“ਘੁੱਟ ਕੇ ਮਾਰ ਨਾ ਦਿਓ ਕਿਤੇ ਬੇਬੇ ਨੂੰ ।” ਪ੍ਰੀਤ ਬੇਬੇ ਦੇ ਪਿਆਰ ‘ਚ ਖੀਵੀ ਹੋ ਕੇ ਬੋਲੀ ।
“ਕਿਧਰੇ ਨੀਂ ਮਰਦੀ …ਪ੍ਰੀਤ ਧੀਏ …ਮੈਨੂੰ ਪਤੈ ਇਹਦੇ ਲਾਡ ਦਾ ।” ਬੇਬੇ ਨੇ ਕਿਹਾ ।
ਮੈਂ ਸਦਕੇ ਜਾਵਾਂ! ਮੇਰੇ ਪੋਤੇ ਵਰਗੇ ਘਰ ਘਰ ਜੰਮਣ, ਮੇਰੀ ਪੋਤ ਨੂੰਹ ਵਰਗੀਆਂ ਸਿਆਣੀਆਂ, ਸੁਚੱਜੀਆਂ ਘਰ -ਘਰ ਆਉਣ ।” ਇੱਕ ਹੀ ਸਾਹ ਵਿੱਚ ਬੇਬੇ ਅਸੀਸਾਂ ਦਿੰਦੀ ਕਹਿ ਰਹੀ ਸੀ।
ਹੁਣ ਤੇਰਾ ਬਾਪ ਭਾਵੇਂ ਵਿਹਲੜ ਰਹਿੰਦੈ, ਪਰ ਦਾਰੂ ਛੱਡ ਗਿਆ, ਤੇਰਾ ਤਾਇਆ ਨਸ਼ਾ ਕੇਂਦਰ ‘ਚ ਜਾ ਕੇ ਨਸ਼ੇ ਛੱਡ ਗਿਆ, ਕੋਈ ਖਰਾਬੀਆਂ ਨੀਂ ਕਰਦਾ । ਜਦੋਂ ਤੇਰਾ ਬਾਪ ਸਪੈਂਡ ਹੋਇਆ, ਦਾਰੂ ਬਹੁਤ ਪੀਂਦਾ ਸੀ, ਅਜੇ ਵੀ ਜਿਹਨ ‘ਚ ਪਈਆਂ ਨੇ, ਸੁਣਾਵਾਂ ਜੇ ਸੁਣੇਗਾ? ” ਬੇਬੇ ਜਿਵੇਂ ਅਜੇ ਵੀ ਗਲ ਤੱਕ ਭਰੀ ਪਈ ਸੀ, ਬੰਟੀ ਤੋਂ ਹੁੰਗਾਰਾ ਭਰਾਉਂਦਿਆਂ ਪੁੱਛਣ ਲੱਗੀ।
“ਹਾਂ.. ਜਰੂਰ ਸੁਣਾਓ ਬੇਬੇ ਜੀ ” ਬੰਟੀ ਹੱਥ ਜੋੜ ਕੇ ਕਹਿਣ ਲੱਗਾ।
“ਲੈ ਸੁਣ….” ਬੇਬੇ ਨੇ ਕਹਾਣੀ ਵਾਂਗ ਸੁਣਾਉਣਾ ਸ਼ੁਰੂ ਕੀਤਾ :
“ਲਿਆ ਰੋਟੀ, ਭੁੱਖਾ ਮਰ ਗਿਆ, ਕੋਈ ਨੀਂ ਪੁੱਛਦਾ ।” ਤੇਰਾ ਬਾਪ ਗਲੀ ਚੋਂ ਉੱਚੀ -ਉੱਚੀ ਬੋਲਦਾ ਆਉਂਦਾ ।”
ਮੈਥੋਂ ਬੋਲੇ ਬਿਨਾਂ ਰਿਹਾ ਨਾ ਜਾਂਦਾ, “ਆ ਗਿਆ ਰੱਜ ਕੇ, ਕਦੇ ਤਾਂ ਸੋਫੀ ਰਹਿ ਜਾਇਆ ਕਰ..।” (ਰੁਕ ਕੇ )
“ਹਾਂ…, ਹਾਂ…ਬੇਬੇ ਜੀ, ਰੁਕੋ ਨਾ ।” ਬੰਟੀ ਬੇਬੇ ਦੀਆਂ ਗੱਲਾਂ ਸੁਣਕੇ ਹੁੰਗਾਰਾ ਭਰਦਾ ਹੋਇਆ। (ਬੇਬੇ ਦੀ ਕਹਾਣੀ ਜਾਰੀ ਹੈ)
“ਬਹੂ ਫੜਾ ਦੇ ਰੋਟੀ, ਆ ਗਿਆ ਅੱਜ ਵੀ ਪੀ ਕੇ ।” ਤੇਰੀ ਦਾਦੀ ਨਮੋਸ਼ੀ ‘ਚ ਆਖਦੀ ।
“ਲਿਆਈ ਬੇਬੇ ਜੀ ਹੁਣੇ, ਮੈਂ ਦੇਖ ਲਿਆ ਰੱਜਿਆ ਹੋਇਆ। ” ਮਨੀ ਕਹਿੰਦੀ ।
“ਪੁਲਿਸ ਦੀ ਨੌਕਰੀ ਤੋਂ ਸਸਪੈਂਡ ਹੋ ਗਿਆ….ਬੇਬੇ ਤੇਰਾ ਪੁੱਤ, ਜੰਟਾ ” ਪੀਤੀ ਹੋਈ ‘ਚ ਦਰਦ ਫਰੋਲਦਾ ।
“ਜਦੋ ਡੱਕਨੋਂ ਨੀਂ ਹਟਦਾ, ਸਪੈਂਡ ਈ ਕਰਨਗੇ ਉਹ ਤੈਨੂੰ ਹੋਰ ਕੀ ਤੇਰੇ ਫੁੱਲਾਂ ਦੇ ਹਾਰ ਪਾਉਣਗੇ ।” ਮੈਥੋਂ ਫਿਰ ਗੁੱਸੇ ‘ਚ ਕਿਹਾ ਜਾਂਦਾ ।
“ਆ ਖਾ ਲਓ ਰੋਟੀ ।” ਤੇਰੀ ਮਾਂ ਨੇ ਰੋਟੀ ਫੜਾਉਂਦਿਆਂ ਕਿਹਾ।
“ਠੰਡੀਆਂ ਮੱਥੇ ਮਾਰੀਆਂ…ਬੇਬੇ ਤੇਰੀ ਨੂੰਹ ਨੇ ।” ਤੇਰਾ ਬਾਪ ਫਿਰ ਆਵਾ ਤਾਵਾ ਬੋਲਦਾ…।”
ਤੇਰੀ ਵੱਡੀ ਮਾਂ ਰੋਟੀ ਗਰਮ ਕਰਕੇ ਥਾਲ ਫੜਾਉਂਦਿਆਂ ਕਹਿੰਦੀ , “ਲੈ ਵੇ ਦਿਓਰਾ…ਖਾ ਲੈ ਗਰਮ ਗਰਮ ਰੋਟੀ ।”
ਮੈਥੋਂ ਫੇਰ ਨਾ.. ਚੁੱਪ ਰਿਹਾ ਜਾਂਦਾ, “ਝੁਲਸ ਲੈ, ਨਿੱਤ ਡੱਕ ਦੈ, ਨਾ ਪੀਆ ਕਰ ਪੁੱਤ, ਕਿੰਨਾ ਕੁ ਚਿਰ ਇਹ ਬੇਗਾਨੀਆਂ ਧੀਆਂ ਤੱਤੀਆਂ- ਤੱਤੀਆਂ ਦੇਣਗੀਆਂ, ਸਾਰੇ ਪਿੰਡ ਨੂੰ ਪਤਾ ਲੱਗ ਗਿਆ ਤੇਰੀ ਕਰਤੂਤ ਦਾ… ਤੇਰਾ ਵੱਡਾ ਭਾਈ ਨਸ਼ੇ ‘ਚ ਗੁਲਤਾਨ ਰਹਿੰਦੈ…. ਵੇ ਮੈਂ ਖਾ..ਲੀ.. ਥੋਡੇ ਫਿਕਰਾਂ ਨੇ ।”
ਕਹਿ ਕੇ ਬੇਬੇ ਨੇ ਹਨੇਰੇ ਵਰਗੀ ਚੁੱਪੀ ਧਾਰ ਲਈ…. ਤੇ ਰੁਕ ਕੇ… ਕਹਿਣ ਲੱਗੀ, “ਬੰਟੀ ਪੁੱਤ…ਤੇਰੇ ਨਾਲ ਗੱਲਾਂ ਕਰਕੇ ਮਨ ਨੂੰ ਸ਼ਾਂਤੀ ਮਿਲਗ਼ੀ… ਹੁਣ ਦਿਲ ਦੀਆਂ ਵੀ ਸੁਣ ਲੈ..। ….ਸੋਹਣੀ ਸੁਨੱਖੀ, ਜਵਾਨੀ ‘ਚ ਰੰਡੀ ਹੋਈ ਤੇਰੀ ਦਾਦੀ ਨੇ ਮਸਾਂ ਆਹ ਦਿਨ ਸੁੱਖ ਦੇ ਦੇਖੇ ਨੇ….ਦੋਨਾਂ ਮੁੰਡਿਆਂ ਨੂੰ ਪਾਲਿਆ, ਪੜਾਇਆ.. ਜੱਗਾ ਵੱਡਾ ਪੁੱਤ ਫੌਜ ‘ਚ ਭਰਤੀ ਹੋ ਗਿਆ ਅਤੇ ਛੋਟਾ ਜੰਟਾ ਪੁਲਿਸ ਦੀ ਨੌਕਰੀ ਕਰਨ ਲੱਗ ਪਿਆ । ਦੋਨਾਂ ਦਾ ਇੱਕੋ ਘਰ ‘ਚ ਦੋਨੋਂ ਭੈਣਾਂ ਨਾਲ ਵਿਆਹ ਹੋ ਗਿਆ ।
ਚੰਗੇ ਘਰ ਦੀਆਂ, ਤੇਰੀ ਮਾਂ ਤੇ ਤੇਰੀ ਵੱਡੀ ਮਾਂ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ।.. ਮਾੜੀ ਕਿਸਮਤ ਜੱਗੇ ਦੀ, ਫੌਜ ‘ਚੋਂ ਕਿਸੇ ਨਾਲ ਲੜਕੇ ਭੱਜ ਆਇਆ… ਨਾ ਕੋਈ ਇਹਨੂੰ ਰੱਬ ਨੇ ਜਵਾਕ ਦਿੱਤਾ । ਥੋਨੂੰ ਦੋਨਾਂ ਜੀਆਂ ਨੇ ਆਪਦੇ ਜਵਾਕ ਸਮਝਿਆ । ਅੱਜ ਦੋਨਾਂ ਭੈਣਾਂ ‘ਚ ਕੋਈ ਫਰਕ ਨੀਂ… ਅੱਜ ਮੈਂ ਥੋਡੇ ਕਰਕੇ ‘ਪੁੱਤ, ਬਹੁਤ ਸੁਖੀ ਆਂ… ਜੇ ਧੀਆਂ ਵਾਂਗ ਰੱਖੀਏ ‘ਨੂੰਹਾਂ’, ਪੁੱਤਾਂ ਨਾਲੋਂ ਵੱਧ ਲੋਚਦੀਆਂ ਨੇ..।” ਕਹਿ ਕੇ ਬੇਬੇ ਸ਼ਾਂਤ ਜਿਹੀ ਹੋਕੇ ਬੈਠ ਗਈ ।
ਨਿਰਲੇਪ ਕੌਰ ਸੇਖੋਂ