(ਸਮਾਜ ਵੀਕਲੀ)
ਰਾਤ ਦੇ ਦੋ ਵਜੇ ਹਨ। ਰਾਮ ਨਰਾਇਣ ਨੂੰ ਨੀਂਦ ਨਹੀਂ ਆ ਰਹੀ। ਉਹ ਵਾਰ ਵਾਰ ਪਾਸੇ ਪਲਟ ਰਿਹਾ ਹੈ। ਥੋੜੀ ਥੋੜੀ ਦੇਰ ਬਾਅਦ ਉੱਠਦਾ ਹੈ, ਪਾਣੀ ਦਾ ਘੁਟ ਪੀਂਦਾ ਹੈ ਅਤੇ ਫੇਰ ਸੌਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਨੀਂਦ ਹੈ ਆਉਣ ਦਾ ਨਾਂ ਨਹੀਂ ਲੈਂਦੀ। ਅਤੇ ਆਵੇਗੀ ਵੀ ਕਿਵੇਂ? ਆਫਿਸ ਦਾ ਬੌਸ ਉਸ ਦੇ ਕੰਮ ਦੇ ਨੁਕਸ ਕੱਢਦਾ ਰਹਿੰਦਾ ਹੈ ਅਤੇ ਲੇਡੀ ਸਟਾਫ ਅੱਗੇ ਉਸ ਦੀ ਬੇਇਜ਼ਤੀ ਕਰਦਾ ਰਹਿੰਦਾ ਹੈ। ਉਸ ਦੇ ਕਿਸੇ ਵੀ ਕੰਮ ਦੀ ਸ਼ਾਬਾਸ਼ੀ ਨਹੀਂ ਦਿੰਦਾ। ਇਸ ਕਰਕੇ ਉਸਦਾ ਮਨ ਪ੍ਰੇਸ਼ਾਨ ਰਹਿੰਦਾ ਹੈ। ਇਸ ਤੋਂ ਇਲਾਵਾ ਬੇਟੀ ਵਾਸਤੇ ਕੋਈ ਯੋਗ ਮੁੰਡਾ ਮਿਲਣ ਵਿਚ ਬਹੁਤ ਦਿੱਕਤ ਆ ਰਹੀ ਹੈ। ਕਿਵੇਂ ਹੋਵੇਗਾ ਇਹ ਸਭ ਕੁੱਝ? ਉਸਨੇ ਤਾਂ ਕੁੜੀ ਦੇ ਵਿਆਹ ਵਾਸਤੇ ਰੁਪਏ ਪੈਸੇ ਦਾ ਅਜੇ ਤਕ ਕੋਈ ਪ੍ਰਬੰਧ ਨਹੀਂ ਕੀਤਾ। ਇਸ ਦੇ ਨਾਲ ਨਾਲ ਘਰ ਦਾ ਖਰਚ ਵੀ ਦਿਨੋ ਦਿਨ ਵਧ ਰਿਹਾ ਹੈ। ਪ੍ਰੋਵਿਡੇਂਟ ਫੰਡ ਦੇ ਪੈਸੇ ਕਢਵਾ ਕੇ ਕੰਮ ਚਲਾ ਰਿਹਾ ਹੈ। ਲੇਕਿਨ ਇਹ ਸਭ ਕੁਝ ਕਦ ਤਕ ਚਲੇਗਾ?
ਉਸਨੂੰ ਕੋਈ ਸਹਾਇਤਾ ਜਾਂ ਸਹਾਰਾ ਦੇਣ ਵਾਲਾ ਵੀ ਦਿਖਾਈ ਨਹੀਂ ਦਿੰਦਾ। ਏਸ ਵੇਲੇ ਉਸਨੂੰ ਆਪਣੀ ਮਾਂ ਬਹੁਤ ਯਾਦ ਆ ਰਹੀ ਹੈ ਉਸਨੂੰ ਯਾਦ ਹੈ ਕਿ ਜਦੋਂ ਉਹ ਛੋਟਾ ਹੁੰਦਾ ਸੀ ਅਤੇ ਜਦੋਂ ਉਸ ਨੂੰ ਕੋਈ ਚਿੰਤਾ, ਫਿਕਰ, ਡਰ ਜਾਂ ਹੋਰ ਕੋਈ ਪ੍ਰੇਸ਼ਾਨੀ ਹੁੰਦੀ ਸੀ ਤਾਂ ਉਹ ਆਪਣੀ ਮਾਂ ਦੀ ਗੋਦੀ ਵਿੱਚ ਲੇਟ ਜਾਂਦਾ ਹੁੰਦਾ ਸੀ ਅਤੇ ਉਸ ਦੀ ਮਾਂ ਜਾਦੂਈ ਹਥ ਉਸਦੇ ਸਿਰ ਤੇ ਫੇਰਦੀ ਹੁੰਦੀ ਸੀ ਅਤੇ ਉਹ ਆਪਣੇ ਆਪ ਨੂੰ ਬਿਲਕੁਲ ਠੀਕ ਸਮਝਣ ਲਗ ਜਾਂਦਾ ਸੀ।ਉਹ ਸੋਚਦਾ ਹੈ ਕਾਸ਼!ਇਸ ਵੇਲੇ ਉਸਦੀ ਮਾਂ ਜਿਉਂਦੀ ਹੁੰਦੀ ਅਤੇ ਉਹ ਉਸਦੀ ਗੋਦੀ ਵਿੱਚ ਲੇਟ ਜਾਂਦਾ ਅਤੇ ਉਸਦੀ ਮਾਂ ਉਸਨੂੰ ਹੌਂਸਲਾ ਬਨਾਉਂਦੇ ਕਹਿੰਦੀ…. ਕਿਓਂ ਚਿੰਤਾ ਕਰਦੈਂ, ਪਰਮਾਤਮਾ ਸਭ ਠੀਕ ਕਰ ਦੇਵੇਗਾ… ਅਤੇ ਉਹ ਚਿੰਤਾਮੁਕਤ ਹੋ ਜਾਂਦਾ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ _124001(ਹਰਿਆਣਾ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly