ਜਿਸ ਚੀਜ਼ ਦਾ ਮੁੱਲ ਤਾਰਿਆ ਹੋਵੇ ਉਸ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ।ਜਿਸ ਚੀਜ਼ ਪਿੱਛੇ ਮਿਹਨਤ ਲੱਗੀ ਹੋਵੇ ਉਹ ਮਨ ਨੂੰ ਵੱਖਰੀ ਹੀ ਖਿੱਚ ਪਾਉਂਦੀ ਹੈ। (ਸਮਾਜ ਵੀਕਲੀ)
ਜੋ ਵਸਤ ਮਿਹਨਤ ਨਾਲ ਮਿਲਦੀ ਹੈ ਉਸ ਦੀ ਕੀਮਤ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਮਿਹਨਤ ਨਾਲ ਪ੍ਰਾਪਤ ਕੀਤੀ ਚੀਜ਼ ਦਾ ਮਾਣ ਹੀ ਵੱਖਰਾ ਹੁੰਦਾ ਹੈ।ਇਕ ਕਹਾਣੀ ਸੁਣਾਉਂਦੇ ਹਨ।ਕੋਈ ਨੌਜਵਾਨ ਮੁੰਡਾ ਪਸ਼ਮੀਨੇ ਦਾ ਦੁਸ਼ਾਲਾ ਮੋਢੇ ਤੇ ਰੱਖੀ ਸੜਕ ਤੇ ਤੁਰਿਆ ਜਾ ਰਿਹਾ ਸੀ।ਰਾਹ ਵਿਚ ਬਹੁਤ ਸਾਰੀ ਮਿੱਟੀ ਉਸ ਦੀ ਜੁੱਤੀ ਤੇ ਪੈ ਗਈ।ਨੌਜਵਾਨ ਨੇ ਉਸ ਕੀਮਤੀ ਦੁਸ਼ਾਲੇ ਨਾਲ ਜੁੱਤੀ ਤੋਂ ਮਿੱਟੀ ਝਾੜੀ।ਇਹ ਦੇਖ ਕਿਸੇ ਰਾਹਗੀਰ ਨੇ ਉਸ ਨੂੰ ਪੁੱਛਿਆ ਕਿ ਇੰਨੇ ਕੀਮਤੀ ਦੁਸ਼ਾਲੇ ਨਾਲ ਤੂੰ ਜੁੱਤੀ ਦੀ ਮਿੱਟੀ ਝਾੜ ਰਿਹਾ ਹੈ।ਤੇਰੀ ਜੁੱਤੀ ਇੱਕ ਆਮ ਜਿਹੀ ਚਮੜੇ ਦੀ ਜੁੱਤੀ ਹੈ।ਨੌਜਵਾਨ ਨੇ ਜਵਾਬ ਦਿੱਤਾ ਕਿ ਦੁਸ਼ਾਲਾ ਮੇਰੇ ਪਿਤਾ ਜੀ ਦਾ ਹੈ ਅਤੇ ਜੁੱਤੀ ਮੇਰੀ ਕਮਾਈ ਦੀ।
ਇੱਥੇ ਸਮਝ ਆਉਂਦੀ ਹੈ ਗੱਲ ਮਿਹਨਤ ਦੀ।ਜਿਸ ਚੀਜ਼ ਦਾ ਮੁੱਲ ਤਾਰਨਾ ਪਏ ਉਸ ਦੀ ਖੂਬਸੂਰਤੀ ਅਲੱਗ ਹੀ ਹੁੰਦੀ ਹੈ।ਸਤਰੰਗੀ ਪੀਂਘ ਆਪਣੇ ਆਪ ਵਿੱਚ ਬਹੁਤ ਖ਼ੂਬਸੂਰਤ ਹੁੰਦੀ ਹੈ ਪਰ ਜੇਕਰ ਕਿਤੇ ਟਿਕਟ ਲੱਗਦੀ ਹੋਵੇ ਤਾਂ ਸ਼ਾਇਦ ਇਸ ਦੀ ਖੂਬਸੂਰਤੀ ਕਈ ਗੁਣਾ ਵਧ ਜਾਵੇਗੀ।
ਇੱਕ ਮਿਹਨਤਕਸ਼ ਇਨਸਾਨ ਲਈ ਉਸਦੀ ਕਮਾਈ ਬਹੁਤ ਕੀਮਤੀ ਹੁੰਦੀ ਹੈ ਅਤੇ ਓਸ ਸਾਂਭ ਸਾਂਭ ਕੇ ਇਸ ਨੂੰ ਵਰਤਦਾ ਹੈ।ਮਾਂ ਬਾਪ ਤੋਂ ਵਿਰਾਸਤ ਵਿੱਚ ਮਿਲੀ ਹੋਈ ਦੌਲਤ ਨੂੰ ਵਰਤਿਆ ਨਹੀਂ ਉਡਾਇਆ ਜਾਂਦਾ ਹੈ।
ਕੋਸ਼ਿਸ਼ ਕਰੋ ਕਿ ਜ਼ਿੰਦਗੀ ਵਿੱਚ ਹਰ ਚੀਜ਼ ਮੁੱਲ ਦੀ ਲਓ।ਮੁੱਲ ਸਿਰਫ਼ ਪੈਸਾ ਨਹੀਂ ਹੁੰਦਾ।ਮੁੱਲ ਭਾਵਨਾਵਾਂ ਅਤੇ ਅਹਿਸਾਸ ਵਿੱਚ ਵੀ ਹੁੰਦਾ ਹੈ।ਮੁੱਲ ਤੋਂ ਭਾਵ ਹੈ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੇ ਬਦਲੇ ਵਿਚ ਕੁਝ ਦੇਣਾ।
ਜੇ ਸਤਰੰਗੀ ਪੀਂਘ ਦਾ ਆਨੰਦ ਉਠਾਉਣਾ ਚਾਹੁੰਦੇ ਹੋ ਤਾਂ ਇਸ ਦੀ ਟਿਕਟ ਜ਼ਰੂਰ ਲਓ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly