ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਅੱਜ ਐਲਾਨ ਕੀਤਾ ਕਿ ਜੇਕਰ ਵਿਰੋਧੀ ਧਿਰ ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੀ ਚੋਣ ਲੜੀ ਤਾਂ ਉਨ੍ਹਾਂ ਦੇ ਕਾਨੂੰਨਸਾਜ਼ (ਸੰਸਦ ਮੈਂਬਰ) ਅਸਤੀਫ਼ੇ ਦੇਣਗੇ। ਸੀਨੀਅਰ ਪਾਰਟੀ ਆਗੂ ਤੇ ਸਾਬਕਾ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਇਹ ਐਲਾਨ ਅੱਜ ਇਥੇ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਪੀਟੀਆਈ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੌਧਰੀ ਨੇ ਦੱਸਿਆ ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ ‘ਜੇਕਰ ਸ਼ਾਹਬਾਜ਼ ਸ਼ਰੀਫ਼ ਦੇ ਨਾਮਜ਼ਦਗੀ ਪੱਤਰਾਂ ਨਾਲ ਜੁੜੇ ਸਾਡੇ ਇਤਰਾਜ਼ਾਂ ਨੂੰ ਮੁਖਾਤਿਬ ਨਾ ਹੋਇਆ ਗਿਆ ਤਾਂ ਅਸੀਂ ਭਲਕੇ ਅਸਤੀਫ਼ੇ ਦੇਵਾਂਗੇ।’’
ਚੌਧਰੀ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ ਵਿੱਚ ਉਤਾਰਨ ਦੀ ਗੱਲ ਕਰਦਿਆਂ ਕਿਹਾ ਕਿ ਸ਼ਾਹਬਾਜ਼ ਠੀਕ ਉਸ ਦਿਨ ਪ੍ਰਧਾਨ ਮੰਤਰੀ ਦੀ ਚੋਣ ਲੜੇਗਾ, ਜਿਸ ਦਿਨ ਉਸ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਚੌਧਰੀ ਨੇ ਕਿਹਾ, ‘‘ਪਾਕਿਸਤਾਨ ਲਈ ਇਸ ਤੋਂ ਵੱਧ ਅਪਮਾਨਜਨਕ ਹੋਰ ਕੀ ਹੋ ਸਕਦਾ ਹੈ ਕਿ ਵਿਦੇਸ਼ੀ ਤਾਕਤਾਂ ਵੱਲੋਂ ਚੁਣੀ ਹੋਈ ਸਰਕਾਰ ਇਸ ’ਤੇ ਥੋਪੀ ਜਾ ਰਹੀ ਹੈ ਤੇ ਸ਼ਾਹਬਾਜ਼ ਜਿਹੇ ਵਿਅਕਤੀ ਨੂੰ ਇਸ ਦਾ ਮੁਖੀ ਬਣਾਇਆ ਜਾ ਰਿਹੈ।’’ ਦੱਸ ਦੇਈਏ ਕਿ ਸੰਘੀ ਜਾਂਚ ਏਜੰਸੀ ਦੀ ਵਿਸ਼ੇਸ਼ ਕੋਰਟ ਨੇ ਸ਼ਾਹਬਾਜ਼ ਤੇ ਉਸ ਦੇ ਪੁੱਤਰ ਹਮਜ਼ਾ ਨੂੰ 14 ਅਰਬ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ 11 ਅਪਰੈਲ ਨੂੰ ਅਪਰਾਧੀ ਠਹਿਰਾਉਣ ਦਾ ਐਲਾਨ ਕੀਤਾ ਹੋਇਆ ਹੈ।
ਚੌਧਰੀ ਨੇ ਬੇਭਰੋਸਗੀ ਮਤੇ ਨੂੰ ਸਾਜ਼ਿਸ਼ ਦੱਸਦੇ ਹੋਏ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਇਹ ਪਾਕਿਸਤਾਨ ਦੇ ਲੋਕਾਂ ਦੇ ਮੂੰਹ ’ਤੇ ਚਪੇੜ ਹੈ। ਪੂਰਾ ਮੁਲਕ ਇਮਰਾਨ ਖ਼ਾਨ ਲੀਡਰਸ਼ਿਪ ਤੇ ਪੀਟੀਆਈ ਤੋਂ ਉਮੀਦ ਕਰਦਾ ਹੈ ਕਿ ਉਹ ਇਸ ਵਿਦੇਸ਼ ਸਾਜ਼ਿਸ਼ ਦੇ ਵਿਰੋਧ ’ਚ ਸੜਕਾਂ ’ਤੇ ਉਤਰਨਗੇ।’’ ਉਧਰ ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੱਤਾ ’ਚੋਂ ਬਾਹਰ ਕੀਤੇ ਜਾਣ ਮਗਰੋਂ ਪਾਕਿਸਤਾਨ ਦਾ ‘ਆਜ਼ਾਦੀ ਸੰਘਰਸ਼’ ਮੁੜ ਸ਼ੁਰੂ ਹੋ ਗਿਆ ਹੈ। ਖ਼ਾਨ ਨੇ ਟਵੀਟ ਕੀਤਾ ਕਿ ਮੁਲਕ 1947 ਵਿੱਚ ਆਜ਼ਾਦ ਹੋਇਆ ਸੀ, ਪਰ ਸਰਕਾਰ ਤਬਦੀਲੀ ਪਿੱਛੇ ਵਿਦੇਸ਼ੀ ਸਾਜ਼ਿਸ਼ ਖਿਲਾਫ਼ ਆਜ਼ਾਦੀ ਲਈ ਸੰਘਰਸ਼ ਅੱਜ ਤੋਂ ਮੁੜ ਸ਼ੁਰੂ ਹੋ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly