ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਚੀਨ ਨੇ ਤਾਇਵਾਨ ’ਤੇ ਹਮਲਾ ਕੀਤਾ ਤਾਂ ਅਮਰੀਕਾ ਉਸ ਦਾ ਬਚਾਅ ਕਰੇਗਾ। ਸੀਐੱਨਐੱਨ ਦੇ ਟਾਊਨ ਹਾਲ ਦੌਰਾਨ ਉਨ੍ਹਾਂ ਅਮਰੀਕਾ ਵੱਲੋਂ ਤਾਇਵਾਨ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਖੁਦਮੁਖਤਿਆਰ ਮੁਲਕ ’ਤੇ ਹਮਲੇ ਦਾ ਕੋਈ ਹੱਕ ਨਹੀਂ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਨ ਵੱਲੋਂ ਪ੍ਰਮਾਣੂ ਬਾਲਣ ਲਿਜਾਣ ਦੇ ਸਮਰੱਥ ਹਾਈਪਰਸੋਨਿਕ ਮਿਜ਼ਾਈਲਾਂ ਵਿਕਸਤ ਕੀਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਹ ਚੀਨ ਦੀ ਇਸ ਪੇਸ਼ਕਦਮੀ ਤੋਂ ਫ਼ਿਕਰਮੰਦ ਹੈ।
ਹਾਈਪਰਸੋਨਿਕ ਮਿਜ਼ਾਈਲਾਂ ਘੱਟੋ-ਘੱਟ ਮੈਕ ਪੰਜ ਦੀ ਰਫ਼ਤਾਰ ਨਾਲ ਚਲਦੀ ਹੈ, ਜੋ ਆਵਾਜ਼ ਦੀ ਗਤੀ ਦਾ ਪੰਜ ਗੁਣਾ ਹੈ। ਰੋਜ਼ਨਾਮਚਾ ‘ਫਾਇਨਾਂਸ਼ੀਅਲ ਟਾਈਮਜ਼’ ਨੇ ਇਸ ਹਫ਼ਤੇ ਖ਼ਬਰ ਦਿੱਤੀ ਸੀ ਕਿ ਚੀਨ ਨੇ ਅਗਸਤ ਮਹੀਨੇ ਪ੍ਰਮਾਣੂ ਸਮਰਥਾ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਹਾਲਾਂਕਿ ਚੀਨ ਨੇ ਇਸ ਖ਼ਬਰ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਸ ਨੇ ਇਕ ਹਾਈਪਰਸੋਨਿਕ ਵਹੀਕਲ ਦਾ ਪ੍ਰੀਖਣ ਕੀਤਾ ਸੀ, ਨਾ ਕਿ ਪ੍ਰਮਾਣੂ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦਾ।
ਇਕ ਪ੍ਰਮੁੱਖ ਬਰਤਾਨਵੀ ਰੋਜ਼ਨਾਮਚੇ ਨੇ ਆਪਣੀ ਖ਼ਬਰ ਵਿੱਚ ਦਾਅਵਾ ਕੀਤਾ ਸੀ ਕਿ ਚੀਨ ਨੇ ਉੱਨਤ ਪੁਲਾੜ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਤੇ ਇਹ ਲਗਪਗ 24 ਮੀਲ ਦੀ ਦੂਰੀ ਦੇ ਵਕਫ਼ੇ ਤੋ ਆਪਣੇ ਟੀਚੇ ਨੂੰ ਫੁੰਡਣ ਤੋਂ ਖੁੰਝ ਗਈ। ਖ਼ਬਰ ਮੁਤਾਬਕ ਚੀਨ ਨੇ ਇਕ ਪ੍ਰਮਾਣੂ ਸਮਰੱਥ ਮਿਜ਼ਾਈਲ ਦਾ ਪ੍ਰੀਖਣ ਕੀਤਾ, ਜਿਸ ਨੇ ਆਪਣੇ ਟੀਚੇ ਵੱਲ ਤੇਜ਼ੀ ਨਾਲ ਵਧਣ ਤੋਂ ਪਹਿਲਾਂ ਧਰਤੀ ਦਾ ਚੱਕਰ ਕੱਢਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਪ੍ਰੀਖਣ ਤੋਂ ਅਮਰੀਕੀ ਖੁਫੀਆ ੲੇਜੰਸੀਆਂ ਵੀ ਹੈਰਾਨ ਹੋ ਗਈਆਂ।
‘ਨੈਸ਼ਨਲ ਪਬਲਿਕ ਰੇਡੀਓ’ ਅਨੁਸਾਰ ਇਹ ਨਵਾਂ ਹਥਿਆਰ ਬਹੁਤ ਅਹਿਮ ਹੋਵੇਗਾ ਕਿਉਂਕਿ ਇਹ ਅਮਰੀਕਾ ’ਤੇ ਦੱਖਣੀ ਧਰੁਵ ਜਿਹੀ ਦਿਸ਼ਾ ਤੋਂ ਹਮਲਾ ਕਰ ਸਕਦਾ ਹੈ। ਰੇਡੀਓ ਨੇ ਕਿਹਾ, ‘‘ਅਮਰੀਕਾ ਦੀ ਮਿਜ਼ਾਈਲ ਰੱਖਿਆ ਤੇ ਅਗਾਊਂ ਚੇਤਾਵਨੀ ਦੇਣ ਵਾਲੀ ਰਡਾਰ ਪ੍ਰਣਾਲੀ ਉੱਤਰੀ ਧੁਰੇ ਦੀ ਦਿਸ਼ਾ ’ਤੇ ਨਜ਼ਰ ਰੱਖਦੇ ਹਨ, ਜੋ ਅੰਤਰ-ਮਹਾਦੀਪੀ ਬੈਲਸਟਿਕ ਮਿਜ਼ਾਈਲਾਂ ਲਈ ਮਾਨਕ ਮਾਰਗ ਹੈ, ਲਿਹਾਜ਼ਾ ਮੁਲਕ ਉਲਟ ਦਿਸ਼ਾ ਤੋਂ ਹਮਲੇ ਲਈ ਤਿਆਰ ਨਹੀਂ ਹੋਵੇਗਾ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly