* ਮਹਤਾਬ–ਉਦ–ਦੀਨ
ਮੋਹਾਲੀ (ਸਮਾਜ ਵੀਕਲੀ)- ਮੰਗਲਵਾਰ ਨੂੰ ਸਿਆਸੀ ਗਲਿਆਰਿਆਂ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਹੈ। ਅਜਿਹੀਆਂ ਕੁਝ ਕਿਆਸਅਰਾਈਆਂ ਵੀ ਲੱਗ ਰਹੀਆਂ ਹਨ ਕਿ ‘ਭਾਜਪਾ ਹੁਣ ਕੈਪਟਨ ਨੂੰ ਕੇਂਦਰੀ ਖੇਤੀ ਮੰਤਰਾਲਾ ਸੌਂਪਣ ਜਾ ਰਹੀ ਹੈ’ – ਹਾਲ ਦੀ ਘੜੀ ਭਾਵੇਂ ਇਹ ਅਫ਼ਵਾਹਾਂ ਹੀ ਹਨ ਪਰ ਇਹ ਸੱਚਾਈ ਹੈ ਕਿ ਅੱਜ ਸ਼ਾਮੀਂ ਉਨ੍ਹਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੁੱਲ ਹਿੰਦ ਮੁਖੀ ਜੇ.ਪੀ. ਨੱਡਾ ਨਾਲ ਮੁਲਾਕਾਤ ਕਰਨੀ ਹੈ।
ਚਲੋ, ਇਹ ਮੰਨ ਕੇ ਚੱਲਦੇ ਹਾਂ ਕਿ ਜੇ ਕੈਪਟਨ ਅਮਰਿੰਦਰ ਸਿੰਘ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੰਦੇ ਹਨ, ਤਾਂ ਉਹ ਦਿੱਲੀ ’ਚ ਕੌਮੀ ਪੱਧਰ ਉੱਤੇ ਰਾਜਨੀਤੀ ਭਾਵੇਂ ਕਰੀ ਜਾਣ ਪਰ ਪੰਜਾਬ ਦੀ ਸਿਆਸਤ ’ਚੋਂ ਉਨ੍ਹਾਂ ਦਾ ਨਾਂਅ ਸਦਾ ਲਈ ਮਿਟ ਜਾਵੇਗਾ।
ਉਂਝ ਕਾਂਗਰਸ ਹਾਈ–ਕਮਾਂਡ ਨੂੰ ਆਪਣੀ ਰਾਸ਼ਟਰੀ ਪੱਧਰ ਦੀ ਵੁੱਕਤ ਵਿਖਾਉਣ ਲਈ ਕੈਪਟਨ ਅਮਰਿੰਦਰ ਸਿੰਘ ਭਾਜਪਾ ’ਚ ਸ਼ਾਮਲ ਹੋਣ ਦਾ ਫ਼ੈਸਲਾ ਲੈ ਵੀ ਸਕਦੇ ਹਨ। ਉਹ ਪਹਿਲਾਂ ਆਖ ਵੀ ਚੁੱਕੇ ਹਨ ਕਿ ਕਾਂਗਰਸ ਪਾਰਟੀ ’ਚ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ। ਪਰ ਭਾਜਪਾ ’ਚ ਸ਼ਾਮਲ ਹੋਣ ਦਾ ਕਦਮ ਉਨ੍ਹਾਂ ਲਈ ਇਸ ਵੇਲੇ ਠੀਕ ਨਹੀਂ ਹੋਵੇਗਾ।
ਦਰਅਸਲ, ਕਿਸਾਨ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਦੀ ਗੱਲ ਨਾ ਸੁਣਨ ਅਤੇ ਘੱਟ–ਗਿਣਤੀਆਂ ਨੂੰ ਨਿਸ਼ਾਨੇ ’ਤੇ ਲੈਣ ਤੋਂ ਬਾਅਦ ਭਾਜਪਾ, ਜਨਤਾ ਦੇ ਦਿਲਾਂ ਤੋਂ ਸਦਾ ਲਈ ਲੱਥ ਗਈ ਹੈ। ਇਸ ਵੇਲੇ ਜਿਹੜਾ ਵੀ ਲੀਡਰ ਹੁਣ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕਰੇਗਾ, ਉਸ ਨੂੰ ‘ਸੱਤਾ ਤੇ ਤਾਕਤ ਦਾ ਲਾਲਚੀ’ ਹੀ ਗਰਦਾਨਿਆ ਜਾਵੇਗਾ।
ਪੰਜਾਬ ’ਚ ਤਾਂ ਇਸ ਵੇਲੇ ਕਿਸੇ ਵੀ ਲੀਡਰ ਦੇ ਭਾਜਪਾ ’ਚ ਜਾਣ ਨੂੰ ‘ਸਿਆਸੀ ਖ਼ੁਦਕੁਸ਼ੀ’ ਹੀ ਮੰਨਿਆ ਤੇ ਸਮਝਿਆ ਜਾਵੇਗਾ।
ਜੂਨ 1984 ’ਚ ਬਲੂ–ਸਟਾਰ ਆਪਰੇਸ਼ਨ ਤੋਂ ਬਾਅਦ ਵੀ ਉਹ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਖ਼ਫ਼ਾ ਹੋ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਸਨ। ਉਦੋਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣਾ ਦਰੁਸਤ ਸਮਝਿਆ ਸੀ ਪਰ 1992 ’ਚ ਉਨ੍ਹਾਂ ਦਾ ਅਕਾਲੀ ਦਲ ਤੋਂ ਵੀ ਮੋਹ–ਭੰਗ ਹੋ ਗਿਆ ਸੀ ਤੇ ਉਨ੍ਹਾਂ ਤਦ ‘ਸ਼੍ਰੋਮਣੀ ਅਕਾਲੀ ਦਲ–ਪੰਥਕ’ ਕਾਇਮ ਕਰ ਲਿਆ ਸੀ ਪਰ 1998 ’ਚ ਉਨ੍ਹਾਂ ਦੇ ਇਸ ਦਲ ਦਾ ਕਾਂਗਰਸ ਪਾਰਟੀ ’ਚ ਰਲ਼ੇਵਾਂ ਹੋ ਗਿਆ ਸੀ।
ਉਪਰੋਕਤ ਹਕੀਕਤਾਂ ਦੇ ਬਾਵਜੂਦ ਅਸੀਂ ਇਹ ਵੀ ਮੰਨਦੇ ਹਾਂ ਕੈਪਟਨ ਅਮਰਿੰਦਰ ਸਿੰਘ ਵੱਡੀ ਸਿਆਸੀ ਸੂਝ–ਬੂਝ ਦੇ ਮਾਲਕ ਹਨ ਤੇ ਉਹ ਜੋ ਵੀ ਫ਼ੈਸਲਾ ਲੈਣਗੇ ਬਹੁਤ ਸੋਚ–ਸਮਝ ਕੇ ਲੈਣਗੇ। ਇਸ ਵੇਲੇ ਉਨ੍ਹਾਂ ਦੀ ਆਪਣੀ ਇੱਕ ਸੁਤੰਤਰ ਹੋਂਦ ਤੇ ਹਸਤੀ ਹੈ। ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਜਲੌਅ ਹੈ – ਜੋ ਕਿਸੇ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ ਦੇ ਅਹੁਦਿਆਂ ਦਾ ਮੁਥਾਜ ਨਹੀਂ ਹੈ।
Mehtab Ud Din +91 9815703226