(ਸਮਾਜ ਵੀਕਲੀ)
ਮੈਂ ਬੋਹੜ ਬਣਨਾ ਲੋਚਦੀ ਹਾਂ
ਮਾਤਾ ਗੁਜਰੀ ਵਾਂਗ
ਸਬਰ-ਸਿਦਕ ਦੀ ਮੂਰਤ ਬਣ
ਨਫ਼ਰਤ ਦੇ ਤਪਦੇ ਬੁਰਜਾ ਨੂੰ ਕਰ ਦੇਵਾਂ ਕੱਖੋਂ ਹੌਲਾ
ਮੈਂ ਤਾਂ ਲੋਚਦੀ ਹਾਂ
ਮਾਈ ਭਾਗ ਕੌਰ ਵਾਂਗ
ਕਲਮ ਦੀ ਨੋਕ ਉੱਤੇ ਸਿਰ ਰੱਖ
ਹਨ੍ਹੇਰਿਆਂ ਨੂੰ ਲਲਕਾਰਨਾਂ
ਦੁਰਗਾ ਵਾਂਗ
ਮੂੰਹਾਂ’ ਚੋਂ ਅੱਗ ਉਗਲਣ ਵਾਲਿਆਂ
ਦੇ ਗਾਟੇ ਜੋ ਲਾਹੁਣਾ
ਹੀਰ
ਜੋ ਸਮਾਜ ਦੇ ਟੀਰ ਨਾਲ ਲੜ ਜਾਵੇ
ਸੱਸੀ
ਜੋ ਇਸ਼ਕ ਦੀ ਭੱਠੀ ਤਪ ਖਿੱਲ ਵਾਂਗ ਖਿੜ ਜਾਵੇ
ਕਲਪਨਾ ਚਾਵਲਾ
ਜੋ ਸੁਪਨਿਆਂ ਨਾਲ ਬੁਣ ਦੇਵੇ ਆਸਮਾਨ
ਨਹੀਂ ਲੋਚਦੀ ਮੈਂ ਦਰੋਪਦੀ ਵਾਂਗ
ਭਰੀ ਮਹਿਫ਼ਲ ‘ਚ ਨਿਰਵਸਤਰ ਹੋਣਾ
ਮੈਂ ਤਾਂ ਲੋਚਦੀ ਹਾਂ
ਲਾਚਾਰੀ ਦੀਆਂ ਮਾਰੀਆਂ ਗਣਿਕਾਵਾਂ
ਜੋ ਢਿੱਡ ਦੀ ਅੱਗ ਪਿੱਛੇ
ਪਰੋਸ ਦਿੰਦੀਆਂ ਹਨ ਆਪਣੀ ਦੇਹ
ਦੇ ਵੀ ਕੱਪੜੇ ਪਾਉਣਾ
ਨਹੀਂ ਲੋਚਦੀ ਮੈਂ
ਅਹੱਲਿਆ ਵਾਂਗ ਪੱਥਰ ਹੋਣਾ
ਮੈਂ ਤਾਂ ਲੋਚਦੀ ਹਾਂ
ਗਿਆਨ ਦੇ ਚਾਨਣ ਨਾਲ
ਪੱਥਰਾਂ ‘ਚ ਵੀ ਜਾਨ ਪਾਉਣਾ।
ਵਿਰਕ ਪੁਸ਼ਪਿੰਦਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly