ਚੰਡੀਗੜ੍ਹ, (ਸਮਾਜ ਵੀਕਲੀ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਂਡ ਨਾਲ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੁੱਦਿਆਂ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ 18 ਨੁਕਾਤੀ ਏਜੰਡੇ ’ਤੇ ਅਟਲ ਹਨ। ਸਿੱਧੂ ਨੇ ਅੱਜ ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਵਿੱਤੀ ਸਥਿਤੀ ਸੁਧਾਰੇ ਬਿਨਾਂ ਬਹੁਤੇ ਮਸਲੇ ਹੱਲ ਹੋਣ ਵਾਲੇ ਨਹੀਂ ਹਨ।
ਉਨ੍ਹਾਂ ਪੰਜਾਬ ਦੀ ਆਮਦਨੀ ਵਿੱਚ ਵਾਧਾ ਕੀਤੇ ਜਾਣ ਦਾ ਮਾਮਲਾ ਵੀ ਚੁੱਕਿਆ। ਨਵਜੋਤ ਸਿੱਧੂ ਵੀਰਵਾਰ ਨੂੰ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ। ਹਰੀਸ਼ ਰਾਵਤ ਨੇ ਬੀਤੇ ਦਿਨ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਨਵਜੋਤ ਸਿੰਘ ਸਿੱਧੂ 14 ਅਕਤੂਬਰ ਨੂੰ ਉਨ੍ਹਾਂ ਨਾਲ ਤੇ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਕਰਨ ਲਈ ਦਿੱਲੀ ਆ ਰਹੇ ਹਨ। ਇਸ ਮੀਟਿੰਗ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਵਿਚਾਰ-ਵਟਾਂਦਰਾ ਹੋਣਾ ਹੈ।
ਮੀਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਆਪਣੇ ਸਟੈਂਡ ਨੂੰ ਦੁਹਰਾਇਆ ਹੈ। ਅੱਜ ਨਵਜੋਤ ਸਿੱਧੂ ਨੇ ਬੇਰੁਜ਼ਗਾਰੀ ਦਾ ਮਸਲਾ ਵੀ ਚੁੱਕਿਆ ਹੈ ਤੇ ਵਿਰੋਧੀਆਂ ਦੀ ਘੇਰਾਬੰਦੀ ਵੀ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly