ਚੰਡੀਗੜ੍ਹ, (ਸਮਾਜ ਵੀਕਲੀ): ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ਦੇ ਸੰਕੇਤਾਂ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ਅਗਾਮੀ ਚੋਣਾਂ ’ਚ ਕਾਂਗਰਸ ਨੂੰ ਜਿਤਾਉਣ ਲਈ ਸਾਲ 2017 ਵਾਂਗ ਖੁ਼ਦ ਅਗਵਾਈ ਕਰਨਗੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਅਮਰਿੰਦਰ ਸਿੰਘ ਦੇ ਅਸਤੀਫ਼ੇ ਬਾਰੇ ਚੱਲ ਰਹੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਮੀਡੀਆ ਗਲਤ ਕਿਆਸ ਲਾਉਣ ਤੋਂ ਗੁਰੇਜ਼ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਹਾਈਕਮਾਨ ਨੂੰ ਅਜਿਹੀ ਕੋਈ ਪੇਸ਼ਕਸ਼ ਨਹੀਂ ਕੀਤੀ।
ਕਾਬਿਲੇਗੌਰ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਹਵਾਲੇ ਨਾਲ ਅੱਜ ਦੁਪਹਿਰੇ ਖ਼ਬਰਾਂ ਨਸ਼ਰ ਹੋਈਆਂ ਸਨ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਨੂੰ ਸਮੇਟਦਿਆਂ ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹ ਵੀ ਕਿਹਾ ਗਿਆ ਕਿ ਆਗਾਮੀ ਚੋਣਾਂ ਜਿੱਤਣ ਲਈ ਹਾਈਕਮਾਨ ਨੇ ਲੰਮੇ ਸਿਆਸੀ ਮੰਥਨ ਦੌਰਾਨ ਪੰਜਾਬ ਕਾਂਗਰਸ ਵਿਚਲੇ ਆਪਸੀ ਮੱਤਭੇਦਾਂ ਦੇ ਖਾਤਮੇ ਲਈ ਜੋ ਸ਼ਾਂਤੀ ਫਾਰਮੂਲਾ ਤਿਆਰ ਕੀਤਾ ਹੈ, ਉਸ ਮੁਤਾਬਿਕ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੱਧੂ ਨੂੰ ਸੌਂਪੀ ਜਾਣੀ ਹੈ। ਅਧਿਕਾਰਤ ਸਰੋਤਾਂ ਨੇ ਹਾਲਾਂਕਿ ਇਸ ਤੱਥ ਦੀ ਨਾ ਪੁਸ਼ਟੀ ਕੀਤੀ ਤੇ ਨਾ ਹੀ ਇਸ ਨੂੰ ਰੱਦ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly