ਉੱਤਰਾਖੰਡ ਵਿੱਚ ਪ੍ਰਚਾਰ ਮੁਹਿੰਮ ਦੀ ਅਗਵਾਈ ਕਰਾਂਗਾ: ਰਾਵਤ

ਨਵੀਂ ਦਿੱਲੀ (ਸਮਾਜ ਵੀਕਲੀ):   ਉੱਤਰਾਖੰਡ ਕਾਂਗਰਸ ਦੇ ਵੱਖ-ਵੱਖ ਗੁੱਟਾਂ ਵਿਚਾਲੇ ਟਕਰਾਅ ਦੀ ਸਮਾਪਤੀ ਦਾ ਸੰਕੇਤ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕਿਹਾ ਕਿ ਉਹ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਚੋਣ ਮੁਹਿੰਮ ਦੀ ਅਗਵਾਈ ਕਰਨਗੇ। ਹਾਲਾਂਕਿ ਪਾਰਟੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਦੇ ਨਤੀਜੇ ਮਗਰੋਂ ਹੀ ਮੁੱਖ ਮੰਤਰੀ ਦੇ ਚਿਹਰੇ ਲਈ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।

ਦਰਅਸਲ, ਹਰੀਸ਼ ਰਾਵਤ ਵੱਲੋਂ ਬਗ਼ਾਵਤੀ ਸੁਰਾਂ ਵਿਖਾਉਣ ਦੇ ਦੋ ਦਿਨਾਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਵਤ ਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਸ੍ਰੀ ਗਾਂਧੀ ਨਾਲ ਮੀਟਿੰਗ ਕਰਨ ਮਗਰੋਂ ਬਾਹਰ ਆਏ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਰਾਵਤ ਨੇ ਕਿਹਾ,‘ਅਸੀਂ ਲੀਡਰਸ਼ਿਪ ਅੱਗੇ ਆਪਣੀਆਂ ਸਮੱਸਿਆਵਾਂ ਰੱਖੀਆਂ ਅਤੇ ਉਨ੍ਹਾਂ ਵੱਲੋਂ ਲਏ ਫ਼ੈਸਲਿਆਂ ਨੂੰ ਮੰਨ ਲਿਆ ਹੈ। ਮੈਂ ਉੱਤਰਾਖੰਡ ਚੋਣਾਂ ਵਿੱਚ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਾਂਗਾ।’ ਉਨ੍ਹਾਂ ਕਿਹਾ ਕਿ ਉਹ ਉੱਤਰਾਖੰਡ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਚੁਣੇ ਹੋਏ ਵਿਧਾਇਕਾਂ ਨਾਲ ਗੱਲਬਾਤ ਕਰਨ ਮਗਰੋਂ ਕਾਂਗਰਸ ਪ੍ਰਧਾਨ ਕੋਲ ਕਾਂਗਰਸੀ ਵਿਧਾਇਕ ਦਲ ਦੇ ਆਗੂ ਬਾਰੇ ਫ਼ੈਸਲਾ ਲੈਣ ਦਾ ਵਿਸ਼ੇਸ਼ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਇਸ ਗੱਲ ਦਾ ਮਾਣ ਰੱਖੇਗਾ ਅਤੇ ਕਾਂਗਰਸ ਪ੍ਰਧਾਨ ਦੇ ਫ਼ੈਸਲੇ ਨੂੰ ਮੰਨੇਗਾ। ਇਸ ਦੌਰਾਨ ਸ੍ਰੀ ਗਾਂਧੀ ਵੱਲੋਂ ਵੱਖਰੇ ਤੌਰ ’ਤੇ ਕਾਂਗਰਸ ਦੇ ਸੂਬਾਈ ਮੁਖੀ ਗਣੇਸ਼ ਗੋਡਿਆਲ ਨਾਲ ਮੁਲਾਕਾਤ ਕੀਤੀ ਗਈ, ਜਿਨ੍ਹਾਂ ਹਰੀਸ਼ ਰਾਵਤ ਦਾ ਪੱਖ ਪੂਰਿਆ ਸੀ।

ਇਸ ਦੌਰਾਨ ਸ੍ਰੀ ਗਾਂਧੀ ਨੇ ਉੱਤਰਾਖੰਡ ਦੇ ਏਆਈਸੀਸੀ ਦੇ ਇੰਚਾਰਜ ਦਵੇਂਦਰ ਯਾਦਵ ਅਤੇ ਕਈ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਰਾਜ ਸਭਾ ਮੈਂਬਰ ਪ੍ਰਦੀਪ ਤਾਮਤਾ, ਕਾਂਗਰਸ ਦੇ ਵਿਧਾਇਕ ਦਲ ਦੇ ਆਗੂ ਪ੍ਰੀਤਮ ਸਿੰਘ, ਯਸ਼ਪਾਲ ਆਰੀਆ ਤੇ ਪਾਰਟੀ ਦੀ ਸੂਬਾਈ ਇਕਾਈ ਦੇ ਸਾਬਕਾ ਮੁਖੀ ਕਿਸ਼ੋਰ ਉਪਾਧਿਆਏ ਦੇ ਨਾਂ ਸ਼ਾਮਲ ਹਨ। ਇਸ ਮੌਕੇ ਇਹ ਸਪੱਸ਼ਟ ਕਰ ਦਿੱਤਾ ਗਿਆ ਕਿ ਜੇਕਰ ਪਾਰਟੀ ਚੋਣਾਂ ’ਚ ਜਿੱਤਦੀ ਹੈ ਤਾਂ ਮੁੱਖ ਮੰਤਰੀ ਦੇ ਨਾਂ ਬਾਰੇ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਲਿਆ ਜਾਵੇਗਾ। ਸ੍ਰੀ ਯਾਦਵ ਨੇ ਕਿਹਾ,‘ਸਾਡੀ ਮੀਟਿੰਗ ਕਾਫ਼ੀ ਸਫ਼ਲ ਰਹੀ ਹੈ।’ ਸ੍ਰੀ ਗੋਡਿਆਲ ਨੇ ਕਿਹਾ ਕਿ ਸ੍ਰੀ ਰਾਵਤ ਲਈ ਢੁੱਕਵਾਂ ਮਾਹੌਲ ਸਿਰਜਿਆ ਜਾਵੇਗਾ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ: ਦੋ ਕਾਰੋਬਾਰੀਆਂ ਦੇ ਟਿਕਾਣਿਆਂ ਤੋਂ ਆਮਦਨ ਕਰ ਵਿਭਾਗ ਨੇ 150 ਕਰੋੜ ਬਰਾਮਦ ਕੀਤੇ
Next articleਅਜੈ ਮਿਸ਼ਰਾ ਤੋਂ ਢਾਈ ਕਰੋੜ ਦੀ ਫਿਰੌਤੀ ਮੰਗਣ ਵਾਲੇ 5 ਗ੍ਰਿਫ਼ਤਾਰ