ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

Punjab Chief Minister Charanjit Singh Channi

ਚੰਡੀਗੜ੍ਹ (ਸਮਾਜ ਵੀਕਲੀ):  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਮਗਰੋਂ ਉੱਠੀਆਂ ਬਗਾਵਤੀ ਸੁਰਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਆਜ਼ਾਦ ਚੋਣ ਲੜਨ ਤੋਂ ਰੋਕਣ ਲਈ ਰਜ਼ਾਮੰਦ ਕਰ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਨਹੀਂ ਅਤੇ ਬਸੀ ਪਠਾਣਾਂ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੀ ਸਾਡਾ ਭਰਾ ਹੀ ਹੈ| ਦੋਵਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਮਸਲਾ ਹੱਲ ਕਰ ਲਿਆ ਜਾਵੇਗਾ|

ਬਸੀ ਪਠਾਣਾਂ ਤੋਂ ਚੰਨੀ ਦੇ ਭਰਾ ਮਨੋਹਰ ਸਿੰਘ ਨੇ ਟਿਕਟ ਨਾ ਮਿਲਣ ਮਗਰੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਭਰਾ ਨਾਲ ਗੱਲ ਕਰਨਗੇ| ਚੰਨੀ ਨੇ ਕਿਹਾ ਕਿ ਉਸ ਦਾ ਭਰਾ ਸਰਕਾਰੀ ਨੌਕਰੀ ਕਰਦਾ ਸੀ ਅਤੇ ਹਲਕੇ ਦੇ ਵਿਧਾਇਕ ਜੀਪੀ ਨੇ ਉਸ ਦੀ ਬਦਲੀ ਕਰਾ ਦਿੱਤੀ ਜਿਸ ਮਗਰੋਂ ਉਸ ਨੇ ਨੌਕਰੀ ਹੀ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਉਨ੍ਹਾਂ ਦੇ ਭਰਾ ਨੂੰ ਲੋਕਾਂ ਨੇ ਚੋਣ ਲੜਨ ਲਈ ਆਖ ਦਿੱਤਾ। ਚੰਨੀ ਨੇ ਆਦਮਪੁਰ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਮਹਿੰਦਰ ਸਿੰਘ ਕੇਪੀ ਬਾਰੇ ਕਿਹਾ ਕਿ ਕੇਪੀ ਪਾਰਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਟਿਕਟ ਕੱਟੇ ਜਾਣ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਜਾਇਜ਼ ਹੈ ਜਿਸ ਬਾਰੇ ਪਾਰਟੀ ਜ਼ਰੂਰ ਸੋਚੇਗੀ। ਮੁੱਖ ਮੰਤਰੀ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਦੇ ਐਲਾਨੇ ਉਮੀਦਵਾਰ ਆਸ਼ੂ ਬੰਗੜ ਜਿਨ੍ਹਾਂ ਨੇ ‘ਆਪ’ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਸੀ, ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਾਇਆ| ਮੁੱਖ ਮੰਤਰੀ ਨੇ ਕਿਹਾ ਕਿ ਹਲਕਾ ਦਿਹਾਤੀ ਤੋਂ ਹੁਣ ਆਸ਼ੂ ਬੰਗੜ ਨੂੰ ਚੋਣ ਲੜਾਈ ਜਾਵੇਗੀ। ਚੰਨੀ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਹਲਕਾ ਦਿਹਾਤੀ ਤੋਂ ਵਿਧਾਇਕ ਸਤਿਕਾਰ ਕੌਰ ਦੀ ਟਿਕਟ ਕੱਟੀ ਜਾਣੀ ਤੈਅ ਹੈ।

ਕਾਂਗਰਸ ਪਾਰਟੀ ਵਿਚ ਇਸ ਮੌਕੇ ‘ਆਪ’ ਦੇ ਜਨਰਲ ਸਕੱਤਰ ਅਜਮੇਰ ਸਿੰਘ ਵੀ ਸ਼ਾਮਲ ਹੋਏ। ਮੁੱਖ ਮੰਤਰੀ ਨੇ ਆਸ਼ੂ ਬੰਗੜ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ‘ਆਪ’ ਦਾ ਅਖਾੜਾ ਉੱਖੜ ਗਿਆ ਹੈ।

ਚੰਨੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਭ ਖਬਰ

ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਅੱਜ ਜ਼ੀਰਾ ਇਲਾਕੇ ਤੋਂ ਕੁੱਝ ਅਕਾਲੀ ਆਗੂ ਖਰੜ ਆਏ ਸਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ| ਇਨ੍ਹਾਂ ਅਕਾਲੀ ਆਗੂਆਂ ਦਾ ਪਾਰਟੀ ਵਿਚ ਸਵਾਗਤ ਕੀਤਾ ਗਿਆ। ਚੰਨੀ ਨੇ ਦੱਸਿਆ ਕਿ ਇੱਕ ਘੰਟੇ ਮਗਰੋਂ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਆਗੂ ਦਾ ਫ਼ੋਨ ਆਖਿਆ ਜਿਸ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਤੁਹਾਡੇ ਨਾਲ ਮੁਲਾਕਾਤ ਮਗਰੋਂ ਚੰਗੀ ਖਬਰ ਆਈ ਤੇ ਉਨ੍ਹਾ ਦੇ ਘਰ ਮੁੰਡਾ ਜੰਮਿਆ ਹੈ। ਚੰਨੀ ਨੇ ਕਿਹਾ ਕਿ ਘੰਟਾ ਪਹਿਲਾਂ ਮੁੰਡਾ ਹੋਇਆ ਹੁੰਦਾ ਤਾਂ ਅਕਾਲੀ ਹੋਣਾ ਸੀ, ਹੁਣ ਕਾਂਗਰਸੀ ਜੰਮਿਆ ਹੈ।

ਚੰਨੀ ਵੱਲੋਂ ਚੋਣ ਕਮਿਸ਼ਨ ਦਾ ਧੰਨਵਾਦ

ਮੁੱਖ ਮੰਤਰੀ ਚੰਨੀ ਨੇ ਅੱਜ ਪੰਜਾਬ ਚੋਣਾਂ ਵਿਚ ਤਬਦੀਲੀ ਕੀਤੇ ਜਾਣ ’ਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਸਭ ਤੋਂ ਪਹਿਲਾਂ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਗੁਰੂ ਰਵਿਦਾਸ ਦੇ ਗੁਰਪੁਰਬ ਦੇ ਮੱਦੇਨਜ਼ਰ ਚੋਣ ਤਰੀਕ ਵਿਚ ਤਬਦੀਲੀ ਕੀਤੀ ਜਾਵੇ। ਹੁਣ ਉਨ੍ਹਾਂ ਨੇ ਚੋਣ ਕਮਿਸ਼ਨ ਦਾ ਧੰਨਵਾਦ ਕਰਨ ਲਈ ਚਿੱਠੀ ਲਿਖੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਸ਼ਲ ਮੀਡੀਆ ’ਤੇ ਸਿਆਸੀ ਮੁਹਿੰਮ ਚਲਾਉਣ ਲਈ ਪ੍ਰਵਾਨਗੀ ਜ਼ਰੂਰੀ
Next articleਅਗਲੇ 25 ਸਾਲਾਂ ’ਚ ਭਾਰਤ ਦਾ ਵਿਕਾਸ ‘ਟਿਕਾਊ ਤੇ ਭਰੋਸੇਯੋਗ’ ਹੋਵੇਗਾ: ਮੋਦੀ