ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਅਤੇ ਬੰਗਲਾਦੇਸ਼ ਵੱਲੋਂ ਅੱਜ ‘ਮੈਤਰੀ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨਾਲ ਦੁਵੱਲੇ ਸਬੰਧ ਹੋਰ ਗੂੜ੍ਹੇ ਕਰਨ ਲਈ ਕੰਮ ਕਰਨਾ ਜਾਰੀ ਰੱਖਣਗੇ। ਸ੍ਰੀ ਮੋਦੀ ਨੇ ਟਵੀਟ ਕੀਤਾ,‘‘ਅੱਜ ਭਾਰਤ ਅਤੇ ਬੰਗਲਾਦੇਸ਼ ਮੈਤਰੀ ਦਿਵਸ ਮਨਾ ਰਹੇ ਹਨ। ਅਸੀਂ ਸਾਂਝੇ ਤੌਰ ’ਤੇ ਦੋਸਤੀ ਦੇ 50 ਵਰ੍ਹਿਆਂ ਦਾ ਜਸ਼ਨ ਮਨਾ ਰਹੇ ਹਾਂ।’’ ਜ਼ਿਕਰਯੋਗ ਹੈ ਕਿ 1971 ’ਚ ਬੰਗਲਾਦੇਸ਼ ਨੂੰ ਨਵੇਂ ਮੁਲਕ ਵਜੋਂ ਭਾਰਤ ਵੱਲੋਂ ਮਾਨਤਾ ਦਿੱਤੇ ਜਾਣ ’ਤੇ ਇਹ ਦਿਵਸ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੋਵੇਂ ਮੁਲਕਾਂ ਵਿਚਕਾਰ ਸਬੰਧ ਹੋਰ ਗੂੜ੍ਹੇ ਕਰਨ ਲਈ ਸ਼ੇਖ ਹਸੀਨਾ ਨਾਲ ਕੰਮ ਕਰਨਾ ਜਾਰੀ ਰੱਖਣਗੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਵੀ ਟਵੀਟ ਕਰਕੇ ਅੱਜ ਦੇ ਦਿਨ ਦੀ ਮਹਾਨਤਾ ਦੱਸੀ। ਉਨ੍ਹਾਂ ਕਿਹਾ ਕਿ ਭਾਰਤ-ਬੰਗਲਾਦੇਸ਼ ਮੈਤਰੀ (ਦੋਸਤੀ) ਮੁਕਤੀ ਜੰਗ ਦੌਰਾਨ ਗੂੜ੍ਹੀ ਹੋਈ ਅਤੇ 50 ਸਾਲ ਦੇ ਸਫ਼ਰ ਨੇ ਦੁਵੱਲੇ ਸਬੰਧਾਂ ’ਚ ਸੁਨਹਿਰਾ ਅਧਿਆਏ ਲਿਖਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਦੋਵੇਂ ਮੁਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਹੇਠ ‘ਮੈਤਰੀ ਦਿਵਸ ਮਨਾ ਰਹੇ ਹਨ। ਸ੍ਰੀ ਮੋਦੀ ਦੇ ਮਾਰਚ ’ਚ ਬੰਗਲਾਦੇਸ਼ ਦੇ ਦੌਰੇ ਵੇਲੇ ਇਹ ਤੈਅ ਹੋਇਆ ਸੀ ਕਿ ਉਹ ‘ਮੈਤਰੀ ਦਿਵਸ’ ਮਨਾਉਣਗੇ। ਭਾਰਤ ਨੇ 6 ਦਸੰਬਰ, 1971 ’ਚ ਬੰਗਲਾਦੇਸ ਨੂੰ ਉਸ ਦੀ ਮੁਕਤੀ ਤੋਂ 10 ਦਿਨ ਪਹਿਲਾਂ ਹੀ ਆਜ਼ਾਦ ਮੁਲਕ ਵਜੋਂ ਮਾਨਤਾ ਦੇ ਦਿੱਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly