(ਸਮਾਜ ਵੀਕਲੀ)
ਮੈਂ ਫਿਰ ਆਵਾਂਗੀ
ਦੁਨੀਆਂ ਤੇ ਮਾਂ ਬਣਕੇ।
ਅਗਲੇ ਜਨਮ, ਸ਼ਾਇਦ ਸੱਤ ਜਨਮ,
ਪਰ ਡਰ ਜਾਂਦੀ ਹਾਂ ,
ਤੇਰਾ ਉਦਾਸ ਜਿਹਾ ਚਿਹਰਾ ਦੇਖਕੇ,
ਤੇਰਾ ਭੁਖੇ ਸੌਂ ਜਾਣਾ,
ਤਪਦੀਆਂ ਧੁੱਪਾਂ, ਵਿਚ ਨੰਗੇ ਪੈਰੀਂ,
ਕੰਮ ਤੇ ਜਾਣਾ,
ਮੈਂ ਇਸ ਜਨਮ ਰੋਕ ਨਾ ਸਕੀ,
ਛੱਤਾਂ ਚੋ ਟਿਪ ਟਿਪ ਕਰਦਾ ਪਾਣੀ,
ਮੈਂ ਫਿਰ ਆਵਾਂਗੀ,
ਇੱਕ ਘਰ ਦੀ ਉਮੀਦ ਬਣਕੇ,
ਪਰ ਡਰ ਜਾਂਦੀ ਹਾਂ, ਕਿ
ਕਿਸੇ ਦੀ ਰੱਖੜੀ ਨੂੰ ਕੁੱਖ
ਵਿੱਚ ਹੀ ਨਾ ਤੋੜ ਦੇਵੇ ਕੋਈ,
ਪਰ ਮੈਂ ਇਹ ਨਹੀਂ ਹੋਣ ਦੇਵਾਂਗੀ,
ਮੈਂ ਅਜ਼ਾਦ ਬਣਕੇ ਆਵਾਂਗੀ,
ਮੈਂ ਫਿਰ ਆਵਾਂਗੀ।
ਪਰ ਡਰ ਜਾਂਦੀ ਹਾਂ ਕਿ,
ਜ਼ਿੰਦਗੀ ਕਰਜ਼ ਦੇ ਸਾਏ ਹੇਠ
ਫਿਰ ਤੋਂ ਨਰਕ ਨਾ ਬਣ ਜਾਏ,
ਬਾਪੂ ਤੇਰਾ ਫਿਰ ਤੋਂ ਖ਼ੁਦਕੁਸ਼ੀ,
ਨਾ ਕਰ ਜਾਏ।
ਪਰ ਮੈਂ ਤੇ ਚਹੁੰਦੀ ਸੀ ਕਿ ਤੂੰ,
ਸ਼ਹਿਨਸ਼ਾਹ ਬਣੇਂ ਜ਼ਿੰਦਗੀ ਦਾ,
ਸੁਪਨਾ ਅਧੂਰਾ ਸੀ ਮੇਰਾ, ਇਸੇ ਲਈ,
ਮੈਂ ਫਿਰ ਆਵਾਂਗੀ,
ਦੁਨੀਆਂ ਚ ਮਾਂ ਬਣਕੇ। ਫਿਰ
ਡਰ ਜਾਂਦੀ ਹੈ ਕਿ
ਨਸ਼ੇ ਦਾ ਸੱਪ ਫਿਰ ਨਾ ਨਿਗਲ ਜਾਏ,
ਤੇਰੇ ਭਰਾਵਾਂ ਨੂੰ, ਤੂੰ ਬੈਠ ਕੇ ਰੋਂਦਾ ਰਹੇ,
ਆਪਣੀ ਕਿਸਮਤ ਨੂੰ,
ਮੈਂ ਬਰਦਾਸ਼ਤ ਨਹੀਂ ਕਰਾਂਗੀ ਹਰਗਿਜ਼,
ਇਸੇ ਲਈ ਮੈਂ ਫਿਰ ਆਵਾਂਗੀ,
ਦੁਨੀਆਂ ਤੇ ਮਾਂ ਬਣਕੇ।
ਸਿਰਫ ਤੇਰੇ ਲਈ ਹੀ ਨਹੀਂ,
ਦੁਨੀਆਂ ਲਈ, ਦੇਸ਼ ਭਗਤ, ਯੋਧੇ, ਸੂਰਮੇ,
ਪੈਦਾ ਹੁੰਦੇ ਰਹਿਣ, ਇਸ ਲਈ,
ਮੈਂ ਆਂਦੀ ਰਹਾਂਗੀ।
ਮੈਂ ਫਿਰ ਆਵਾਂਗੀ
ਦੁਨੀਆਂ ਤੇ ਮਾਂ ਬਣਕੇ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly