HOME “ਐਸਾ ਚਾਹੂੰ ਰਾਜ ਮੈਂ ———-

“ਐਸਾ ਚਾਹੂੰ ਰਾਜ ਮੈਂ ———-

1
   (ਸਮਾਜ ਵੀਕਲੀ)  14ਵੀਂ ਸਦੀ ਦੇ ਮਹਾਨ ਕ੍ਰਾਂਤੀਕਾਰੀ ਵਿਚਾਰਕ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਹੀ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਮਿਸ਼ਨ ਕੀ ਸੀ। ਗੁਰੂ ਰਵਿਦਾਸ ਜੀ ਜ਼ਾਤੀ ਵਿਵਸਥਾ ਦੇ ਖਿਲਾਫ ਸਨ ਉਨ੍ਹਾਂ ਦਾ ਮੰਨਣਾ ਸੀ ਕਿ ਸਭ ਮਨੁੱਖ ਬਰਾਬਰ ਹਨ ਫਿਰ ਜ਼ਾਤ ਪਾਤ ਦੀ ਨਫ਼ਰਤ ਕਿਓਂ ? ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਵਿੱਚ ਇਕਸਾਰਤਾ ਲਿਆਉਣ, ਮਨੁੱਖਤਾ ਦੀ ਭਲਾਈ ਅਤੇ ਸਮਾਜ ਵਿਚੋਂ ਅੰਧਵਿਸ਼ਵਾਸ ਦੇ ਖਾਤਮੇ ਲਈ ਨਿਛਾਵਰ ਕਰ ਦਿੱਤੀ ਸੀ। ਚੰਗੇ ਰਾਜ, ਸਮਾਜ ਅਤੇ ਮਨੁੱਖੀ ਸਮਾਨਤਾ ਲਈ ਉਨ੍ਹਾਂ ਦੀ ਸੋਚ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਸਾਫ ਝਲਕਦੀ ਹੈ।
ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਭਨ ਕੋ ਅੰਨ,
ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ॥
ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੇ ਵਿਚਾਰਾਂ ਰਾਹੀਂ ਮੱਧਕਾਲੀ ਸਮੇਂ ਵਿੱਚ ਉਨ੍ਹਾਂ ਲੋਕਾਂ ਨੂੰ ਚਣੌਤੀ ਦਿਤੀ ਜੋ ਜ਼ਾਤੀ ਅਧਾਰ ਤੇ ਮਨੁੱਖਤਾ ਨੂੰ ਨਫ਼ਰਤ ਕਰਦੇ ਸਨ ਇਹ ਉਹ ਵਕਤ ਸੀ ਜਦੋਂ ਜ਼ਾਤੀ ਭੇਦਭਾਵ ਆਪਣੇ ਪੂਰੇ ਜ਼ੋਰਾ ਤੇ ਸੀ। ਸਦੀਆਂ ਪਹਿਲਾਂ ਭਾਰਤ ਵਿੱਚ ਮਨੂੰ ਸਮਰਿਤੀ ਦੁਆਰਾ ਮਨੁੱਖਤਾ ਨੂੰ ਚਾਰ ਵਰਣਾਂ ਵਿੱਚ ਵੰਡ ਕੇ ਜ਼ਾਤੀ ਵਿਵਸਥਾ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਮਾਜਿਕ ਵੰਡ ਨੂੰ ਧਾਰਮਿਕ ਪ੍ਰਮਾਣਕਤਾ ਦਿੱਤੀ ਗਈ ਜਿਸ ਤੇ ਬੜੇ ਕਠੋਰ ਨਿਯਮ ਬਣਾਏ ਗਏ ਬ੍ਰਾਹਮਣ, ਖੱਤਰੀ, ਅਤੇ ਵੈਸ਼ ਨੂੰ ਮਨੂੰ ਸਿਮਰਤੀ ਅਨੁਸਾਰ ਉਪਰਲੇ ਤਿੰਨ ਵਰਗਾ ਵਿੱਚ ਰੱਖਿਆ ਗਿਆ ਅਤੇ ਚੌਥੇ ਵਰਗ ਸ਼ੂਦਰ ਨੂੰ ਸਭ ਤੋਂ ਨੀਚੇ ਦਾ ਦਰਜਾ ਦਿੱਤਾ ਗਿਆ ਸੀ ਇਹੋ ਜਿਹੀ ਵਰਣ ਵਿਵਸਥਾ ਵਿੱਚ ਉਪਰਲੇ ਤਿੰਨ ਵਰਗਾ ਦਾ ਚੌਥੇ ਵਰਗ ਨੂੰ ਬਹੁਤ ਹੀ ਨੀਵਾਂ ਸਮਝਣਾ ਅਤੇ ਭੇਦਭਾਵ ਕਰਨਾ ਸੁਭਾਵਿਕ ਸੀ। ਇਸ ਵਰਣ ਵਿਵਸਥਾ ਦੀਆਂ ਜੜ੍ਹਾਂ ਇਨੀਆ ਫੈਲ ਚੁੱਕੀਆ ਸਨ ਕਿ ਸਦੀਆਂ ਤੋਂ ਹੁਣ ਤੱਕ ਇਸ ਦਬੇ ਕੁਚਲੇ ਵਰਗ ਨੂੰ ਅਛੂਤ ਅਤੇ ਨੀਚ ਸਮਝਿਆ ਜਾਂਦਾ ਆ ਰਿਹਾ ਹੈ। ਮਨੂੰ ਸਿਮਰਤੀ ਅਨੁਸਾਰ ਔਰਤ ਅਤੇ ਸ਼ੂਦਰ ਨੂੰ ਪਸ਼ੂ ਤੋਂ ਵੀ ਨੀਚ ਦਾ ਦਰਜਾ ਦਿੱਤਾ ਗਿਆ ਸੀ। ਜਿਸ ਦੀ ਝਲਕ ਉਸ ਵਿੱਚ ਲਿਖੀ ਪੰਗਤੀ ਤੋਂ ਵੀ ਮਿਲਦੀ ਹੈ।
“ਢੋਲ, ਗਵਾਰ, ਸ਼ੂਦਰ, ਪਸ਼ੂ ਔਰ ਨਾਰੀ।
ਯੇਹ ਸਭ ਤਾੜਨ ਕੇ ਅਧਿਕਾਰੀ।
ਦੇਸ਼ ਦੇ ਕੁੱਝ ਸ਼ਾਤਿਰ ਅਤੇ ਚਲਾਕ ਲੋਕਾਂ ਨੇ ਸਮਾਜ ਨੂੰ ਅਜਿਹੀ ਜ਼ਾਤੀ ਵਿਵਸਥਾ ਵਿੱਚ ਜਕੜ ਦਿੱਤਾ ਸੀ ਕਿ ਇੱਕ ਵਰਗ ਨੂੰ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸ਼ੂਦਰ ਅਤੇ ਔਰਤ ਨੂੰ ਗੁਲਾਮ ਬਣਾ ਦਿੱਤਾ ਗਿਆ ਗੁਰੂ ਜੀ ਦੇ ਕਾਲ ਸਮੇਂ ਸ਼ੂਦਰ ਨੂੰ ਪੜਨ ,ਲਿਖਣ, ਧਾਰਮਿਕ ਸਥਾਨਾਂ ਤੇ ਜਾਣ ਦੇ ਅਧਿਕਾਰ ਨਹੀਂ ਸਨ ਇਸੇ ਤਰ੍ਹਾਂ ਔਰਤਾਂ ਨੂੰ ਵੀ ਗੁਲਾਮੀ ਦਾ ਸ਼ਿਕਾਰ ਹੋਣਾ ਪਿਆ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਪੂਰੀ ਚਰਮ ਸੀਮਾ ਤੇ ਸਨ ਬੇਸ਼ੱਕ ਭਾਰਤ ਦੇਸ਼ ਵਿੱਚ ਕੁਝ ਕੁ ਸ਼ਾਤਿਰ ਲੋਕਾਂ ਵਲੋਂ ਨਫ਼ਰਤ ਦੇ ਅਧਾਰ ਤੇ ਬਣਾਈ ਗਈ ਅਜਿਹੀ ਜ਼ਾਤੀ ਵਿਵਸਥਾ ਦੇ ਕਲੰਕ ਨੂੰ ਮਿਟਾਉਣ ਅਤੇ ਜ਼ਾਤੀ ਭੇਦਭਾਵ ਖਤਮ ਕਰਨ ਲਈ ਦੇਸ਼ ਦੇ ਇਤਿਹਾਸ ਵਿੱਚ ਆਪਣੇ ਆਪਣੇ ਸਮਿਆਂ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਹੈ ਜਿਨ੍ਹਾਂ ਵਿੱਚੋ ਸ੍ਰੀ ਗੁਰੂ ਰਵਿਦਾਸ ਜੀ ਨੂੰ ਇਸ ਲਹਿਰ ਦਾ ਮੋਢੀ ਮੰਨਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਕਰਕੇ ਗੁਰੂ ਜੀ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਜਾਤਾਂ ਪਾਤਾਂ ਦੇ ਵਿਤਕਰੇ ਅਤੇ ਅਨਿਆਂ ਦੇ ਦੌਰ ਵਿੱਚ ਇਸ ਮਹਾਨ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਨੇ 14ਵੀਂ ਸਦੀ ਵਿੱਚ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਸਾਂ ਦੇਵੀ ਦੇ ਘਰ ਸੀਰ ਗੋਵਰਧਨ ,ਜ਼ਿਲ੍ਹਾ ਬਨਾਰਸ (ਉੱਤਰ ਪ੍ਰਦੇਸ਼) ਵਿਖੇ ਇੱਕ ਅਛੂਤ ਕਹੇ ਜਾਣ ਵਾਲੇ ਵਰਗ ਵਿੱਚ ਜਨਮ ਲਿਆ ਉਹ ਆਪਣੀ ਬਾਣੀ ਵਿੱਚ ਵੀ ਆਪਣੀ ਜ਼ਾਤੀ ਬਾਰੇ ਡੰਕੇ ਦੀ ਚੋਟ ਨਾਲ ਆਖਦੇ ਹਨ ਕਿ
ਮੇਰੀ ਜਾਤਿ ਕੁਟ ਬਾਂਢਲਾ
ਢੋਰ ਢੋਵੰਤਾ ਨਿਤਹਿ ਬਨਾਰਸੀ ਆਸ ਪਾਸਾ ॥
ਭਾਵ ਮੇਰੀ ਜਾਤੀ ਦੇ ਲੋਕ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂ ਚੁੱਕਦੇ ਹਨ ਤੇ ਉਨ੍ਹਾਂ ਦੇ ਚੰਮ ਨੂੰ ਨਿੱਤ ਕੁੱਟਣ-ਵੱਢਣ ਦਾ ਕੰਮ ਕਰਦੇ ਹਨ। ਆਮ ਲੋਕਾਂ ਦੀ ਭਾਸ਼ਾ ਵਿਚ ਲਿਖੀ ਗਈ ਉਨ੍ਹਾਂ ਦੀ ਬਾਣੀ ਵਿਚ ਕ੍ਰਾਂਤੀਕਾਰੀ ਜਜ਼ਬਾ ਭਰਿਆ ਪਿਆ ਹੈ। ਦਲਿਤਾਂ ਲਈ ਲੜਨ ਵਾਲੇ ਅਮਰੀਕਨ ਭਾਰਤੀ ਸਮਾਜ ਸ਼ਾਸਤਰੀ ਗੇਲ ਓਮਵੇਟ ਦੇ ਸ਼ਬਦਾਂ ਵਿੱਚ ਗੁਰੂ ਰਵਿਦਾਸ ਦੀ ਬਾਣੀ ਸ਼ੋਸ਼ਣਕਾਰੀਆ, ਹਾਕਮਾਂ ਅਤੇ ਧਰਮ, ਜ਼ਾਤੀ ਦੇ ਨਾਂ ਤੇ ਕੀਤੇ ਜਾਂਦੇ ਅੱਤਿਆਚਾਰ ਖਿਲਾਫ ਲੜਾਈ ਅਤੇ ਬਿਹਤਰ ਸੰਸਾਰ ਦੀ ਆਸ ਦਾ ਸੁਨੇਹਾ ਹੈ ਅਤੇ ਇਹ ਦੱਬੇ ਕੁਚਲੇ ਲੋਕਾਂ ਦੀਆਂ ਸਮਾਜਿਕ ਤੇ ਰੂਹਾਨੀ ਲੋੜਾਂ ਦੇ ਦ੍ਰਿਸ਼ਟੀਕੋਣ ਦੀ ਪ੍ਰਤੀਕ ਹੈ ਅਤੇ ਉਨ੍ਹਾਂ ਨੂੰ ਸਮਾਨਤਾ ਅਤੇ ਅਜ਼ਾਦੀ ਨਾਲ ਜਿਉਣ ਲਈ ਸੰਘਰਸ਼ ਕਰਨ ਦਾ ਪ੍ਰੇਰਨਾ ਸਰੋਤ ਹੈ ਇਸੇ ਲਈ ਸਮਾਜ ਅੰਦਰ ਸਭ ਤੋਂ ਲਿਤਾੜੇ ਅਛੂਤ ਵਰਗ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਸ਼੍ਰੋਮਣੀ ਇਨਕਲਾਬੀ ਵਿਚਾਰਧਾਰਾ ਦੇ ਮਾਲਕ ਸ੍ਰੀ ਗੁਰੂ ਰਵਿਦਾਸ ਤਾਂ ਉੱਚੀ ਆਵਾਜ਼ ਵਿੱਚ ਆਪਣੀ ਬਾਣੀ ਵਿੱਚ ਵੀ ਆਖਦੇ ਹਨ ਕਿ
ਮੇਰੀ ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ ॥ਤੁਮ ਸ਼ਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥
ਦੇਸ਼ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਸਰਮਾਏਦਾਰੀ ਨਿਜ਼ਾਮ ਅੰਦਰ ਹਮੇਸ਼ਾ ਹੀ ਸ਼ੈਤਾਨ ਅਤੇ ਸਵਾਰਥੀ ਲੋਕਾਂ ਨੇ ਗ਼ਰੀਬ ਜਨਤਾ ਨੂੰ ਗੁਲਾਮ ਬਣਾ ਕੇ ਰੱਖਿਆ ਹੈ। ਇਨ੍ਹਾਂ ਨੇ ਹਮੇਸ਼ਾ ਨਾਦਰਸ਼ਾਹੀ ਹੁਕਮ ਚਲਾਕੇ ਆਪਣੇ ਸਵਾਰਥ ਅਤੇ ਸੁੱਖਾਂ ਲਈ ਝੂਠ ਬੇਈਮਾਨੀ ਭ੍ਰਿਸ਼ਟਾਚਾਰ ਪਾਪ ਅਤੇ ਜ਼ੁਲਮਾਂ ਦੇ ਹੱਦਾਂ ਬੰਨ੍ਹੇ ਟੱਪ ਜਾਤ ਪਾਤ ਦੇ ਨਾਂ ਤੇ ਵੰਡੀਆਂ ਪਾਕੇ ਅਤੇ ਕੌਮਾਂ ਧਰਮਾਂ ਤੇ ਮਜ਼੍ਹਬਾਂ ਵਿੱਚ ਉਲਝਾ ਕੇ ਭ੍ਰਿਸ਼ਟ ਨਿਜ਼ਾਮ ਦੀ ਉਮਰ ਲੰਬੀ ਕੀਤੀ ਹੈ। ਕੁਦਰਤ ਨੇ ਸਿਰਫ ਮਨੁੱਖ ਜਾਤੀ ਦੀ ਸਿਰਜਣਾ ਕੀਤੀ ਹੈ ਅਤੇ ਸ਼ਕਲ ਸੂਰਤ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਸਭ ਨੂੰ ਦੋ ਕੰਨ, ਦੋ ਅੱਖਾਂ,ਦੋ ਲੱਤਾਂ, ਲਾਲ ਰੰਗ ਦੇ ਖੂਨ ਨਾਲ ਨਿਵਾਜਿਆ ਗਿਆ ਹੈ ਪ੍ਰੰਤੂ ਸਾਡੇ ਮੁਲਕ ਵਿੱਚ ਜਨਮ ਤੋਂ ਹੀ ਜ਼ਾਤੀ ਵਿਵਸਥਾ, ਸਮਾਜਿਕ ਅਤੇ ਧਾਰਮਿਕ ਅਨਿਆਂ ਕਾਰਨ ਦੱਬੇ ਕੁੱਚਲੇ ਵਰਗ ਵਿੱਚ ਜਨਮ ਲੈਣ ਦੀ ਜ਼ਾਤੀ ਮੋਹਰ ਲੱਗਾ ਦਿਤੀ ਜਾਂਦੀ ਹੈ ਅਤੇ ਇਹ ਮੋਹਰ ਇਨਸਾਨ ਦੇ ਮਰਨ ਤੋਂ ਬਾਅਦ ਵੀ ਨਹੀਂ ਮਿਟਦੀ। ਗੁਰੂ ਜੀ ਦੀ ਬਾਣੀ ਵਿੱਚੋ ਅਜਿਹੇ ਭੇਦਭਾਵ ਅੰਧਵਿਸ਼ਵਾਸ਼ ਅਤੇ ਨਫ਼ਰਤ ਖਿਲਾਫ ਇਨਕਲਾਬੀ ਝਲਕ ਮਿਲਦੀ ਹੈ।
ਬੇਗਮਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥੧॥
ਉਨ੍ਹਾਂ ਨੇ ਇਹੋ ਜਿਹੇ ਦੇਸ਼, ਸ਼ਹਿਰ, ਪਿੰਡ ਅਤੇ ਸਮਾਜ ਦੀ ਕਲਪਨਾ ਕੀਤੀ ਸੀ ਜਿਥੇ ਕੋਈ ਉਚ ਨੀਚ ਅਤੇ ਭੇਦਭਾਵ ਦੀ ਗੱਲ ਨਾ ਹੋਵੇ ਜਿਥੇ ਸਿਰਫ਼ ਮਾਨਸ ਦੀ ਜ਼ਾਤ ਹੋਵੇ। ਗੁਰੂ ਰਵਿਦਾਸ ਜੀ ਨੇ ਅੰਧਵਿਸ਼ਵਾਸ ਖਿਲਾਫ ਵੀ ਲੜਾਈ ਲੜੀ। ਗੁਰੂ ਰਵਿਦਾਸ ਤੋਂ ਬਾਅਦ ਵੀ ਨਾ ਬਰਾਬਰਤਾ ਅਤੇ ਜ਼ਾਤੀ ਵਿਵਸਥਾ ਖ਼ਿਲਾਫ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਜਿਨ੍ਹਾਂ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਵੀ ਨਾਂ ਆਉਂਦਾ ਹੈ ਜੋ ਆਪਣੀ ਮਿਹਨਤ ਸਦਕਾ ਇਸ ਵਰਗ ਨੂੰ ਕਾਫੀ ਹੱਦ ਤੱਕ ਰਾਹਤ ਦਿਵਾਉਣ ਵਿੱਚ ਕਾਮਯਾਬ ਵੀ ਹੋਏ। ਹਰ ਸਾਲ ਹੀ ਅਸੀਂ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਉਨ੍ਹਾਂ ਦੀ ਮੂਰਤੀ ਤੇ ਫੁੱਲ ਚੜਾ ਕੇ ਅਤੇ ਪੁਜਾ ਕਰਕੇ ਸੁਰਖ਼ਰੂ ਹੋ ਜਾਂਦੇ ਹਾਂ ਉਨ੍ਹਾਂ ਦਾ ਸੁਪਨਾ ਸੀ ਕਿ ਦੇਸ਼ ਵਿੱਚੋ ਜ਼ਾਤੀ ਵਿਵਸਥਾ ਖਤਮ ਹੋਵੇ ਅਤੇ ਸਾਰੇ ਹੀ ਮਾਨਸ ਦੀ ਜਾਤੀ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਨ ਪਰ ਅਫਸੋਸ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਇਹ ਸੁਪਨਾ ਅਜੇ ਤੱਕ ਵੀ ਪੂਰਾ ਨਹੀਂ ਹੋਇਆ। ਅਜੇ ਵੀ ਸਾਡੇ ਦੇਸ਼ ਅਤੇ ਸਮਾਜ ਵਿੱਚ ਜਾਤੀਵਾਦ ਦੇ ਨਾਂ ਤੇ ਭੇਦਭਾਵ, ਨਫ਼ਰਤ ਫਿਰਕਾਪ੍ਰਸਤੀ ਅਤੇ ਨਾ ਬਰਾਬਰੀ ਦਾ ਬੋਲਬਾਲਾ ਹੈ। ਸੱਤਾ ਹਾਸਿਲ ਕਰਨ ਲਈ ਜ਼ਿਆਦਾਤਰ ਪਾਰਟੀਆਂ ਜ਼ਾਤ ਪਾਤ ਅਤੇ ਧਰਮ ਦੇ ਨਾਂ ਤੇ ਪੱਤਾ ਖੇਡਦੀਆਂ ਹਨ ਅਤੇ ਕਾਮਯਾਬ ਵੀ ਹੋ ਜਾਂਦੀਆਂ ਹਨ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਦੇਸ਼ ਵਿਚੋਂ ਜ਼ਾਤ ਪਾਤ ਦੀ ਨਫ਼ਰਤ ਅਤੇ ਭੇਦਭਾਵ ਦੀ ਜਨਨੀ ਜ਼ਾਤੀ ਵਿਵਸਥਾ ਨੂੰ ਖਤਮ ਕਰਨ ਦਾ ਅਜੇ ਤੱਕ ਸੁਪਨਾ ਵੀ ਨਹੀਂ ਲਇਆ। ਅੱਜ ਵੀ ਦੇਸ ਦੇ ਬਹੁਤ ਸਾਰੇ ਖੇਤਰਾਂ ਵਿੱਚ ਇਹ ਭੇਦਭਾਵ ਵਾਲਾ ਸਿਲਸਿਲਾ ਜਾਰੀ ਹੈ। ਚੰਗਾ ਹੋਵੇਗਾ ਅਗਰ ਉਨ੍ਹਾਂ ਦੇ ਜਨਮ ਦਿਨ ਤੇ ਮੂਰਤੀ ਪੂਜਾ ਅਤੇ ਪਖੰਡ ਬਾਜ਼ੀ ਛੱਡ ਕੇ ਉਨ੍ਹਾਂ ਦੇ ਵਿਚਾਰਾ ਤੇ ਚਰਚਾ ਕੀਤੀ ਜਾਵੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਗਰੀਬ ਬਸਤੀਆਂ ਵਿੱਚ ਸਿੱਖਿਆ ਦੇ ਚਾਨਣ ਲਈ ਸੈਮੀਨਾਰ, ਕੈਂਪ ਅਤੇ ਬੱਚਿਆਂ ਨੂੰ ਸਿੱਖਿਆ ਸਬੰਧੀ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਕਰਵਾਏ ਜਾਣ। ਸਰਕਾਰਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਤਰਜ਼ ਤੇ ਜ਼ਾਤੀ ਵਿਵਸਥਾ ਉਤੇ ਬਹਿਸ ਕਰਵਾਉਣ ਅਤੇ ਜ਼ਾਤੀ ਅਧਾਰਿਤ ਨਫ਼ਰਤ, ਨਾ ਬਰਾਬਰੀ ਜਿਹੇ ਕਲੰਕ ਨੂੰ ਧੋਣ ਲਈ ਯਤਨ ਸ਼ੀਲ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਦੇ ਅਸਲੀ ਹੱਕਦਾਰ ਹੋਵਾਂਗੇ।
ਕੁਲਦੀਪ ਸਿੰਘ ਸਾਹਿਲ 
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ-ਯੂਕਰੇਨ ਸਮਝੌਤਾ ਜਲਦੀ ਹੀ ਹੋ ਜਾਵੇਗਾ, ਇਹ ਕਹਿੰਦੇ ਹੋਏ, “ਜ਼ੇਲੇਂਸਕੀ ਅਤੇ ਪੁਤਿਨ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਨ।”
Next articleਫਾਸਟੈਗ ਨਿਯਮਾਂ ਵਿੱਚ ਵੱਡਾ ਬਦਲਾਅ: ਨਵੇਂ ਵਾਹਨਾਂ ਲਈ KYV ਪ੍ਰਕਿਰਿਆ ਖਤਮ, ਬੈਂਕ ਖੁਦ ਡੇਟਾ ਦੀ ਤਸਦੀਕ ਕਰਨ