ਐਸਾ ਚਾਹੂੰ ਰਾਜ ਮੈਂ •••••••••••

(ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ)

ਬਲਵੀਰ ਸਿੰਘ ਬਾਸੀਆਂ

(ਸਮਾਜ ਵੀਕਲੀ)  ਗੁਰੂ ਰਵਿਦਾਸ ਜੀ ਦਾ ਜਨਮ ਉਸ ਸਮੇਂ ਹੋਇਆ, ਜਦੋਂ ਸਮਾਜ ਅੰਦਰ ਚੌਧਰ ਦਾ ਬੋਲਬਾਲਾ ਸੀ ਤੇ ਆਪਣੀ ਚੌਧਰ ਨੂੰ ਚੱਲਦੀ ਰੱਖਣ ਖਾਤਰ ਸਿਸਟਮ ਤੇ ਕਾਬਜ ਧਿਰਾਂ  ਨੇ ਬ੍ਰਹਮਣਵਾਦੀ ਕਰਮ ਕਾਂਡਾਂ ਦਾ ਡਰਾਵਾ ਦੇ ਆਮ ਲੋਕਾਈ ਨੂੰ ਜਨਮ-ਮਰਨ ਦੇ ਚੱਕਰਾਂ ਵਿੱਚ ਪਾ ਰੱਖਿਆ ਸੀ। ਉਹਨਾਂ ਅਨੁਸਾਰ ਲੋਕ ਚਾਰ ਵਰਣਾਂ ਚ ਪੈਦਾ ਹੁੰਦੇ ਹਨ ਤੇ ਸੂਦਰ ਜਾਤੀ ਵਿੱਚ ਪੈਦਾ ਹੋਏ ਲੋਕਾਂ ਲਈ ਉਹਨਾਂ ਦੀ ਕਿਸਮਤ ਜਾਂ ਪਿਛਲੇ ਜਨਮਾਂ ਦਾ ਚੱਕਰ ਆਖ ਉਹਨਾਂ ਨੂੰ ਜਲਾਲਤ ਭਰੀ ਜਿੰਦਗੀ ਵਿੱਚ ਹੀ ਜਿਉਣ ਲਈ ਮਜਬੂਰ ਕੀਤਾ ਜਾਂਦਾ ਸੀ ਤੇ ਇਸੇ ਵਿੱਚ ਹੀ ਰੱਬ ਦੀ ਰਜਾ ਆਖ ਉਹਨਾਂ ਨਾਲ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਸੀ। ਵਿੱਦਿਆ ਪ੍ਰਾਪਤ ਕਰਨ ਦਾ ਹੱਕ ਸਿਰਫ਼ ਉੱਚ ਜਾਤੀ ਦੇ ਲੋਕਾਂ ਨੂੰ ਹੀ ਪ੍ਰਾਪਤ ਹੋਇਆ ਦੱਸ ਕੇ ਉਹਨਾਂ ਨੂੰ ਵਿੱਦਿਆ ਦੇ ਹੱਕ ਤੋਂ ਵਾਂਝੇ ਰੱਖਿਆ ਜਾਂਦਾ ਸੀ।

ਇਹੀ ਸਾਰੇ ਭੇਦਭਾਵਾਂ ਨੂੰ ਗੁਰੂ ਰਵਿਦਾਸ ਜੀ ਨੇ ਵੀ ਆਪਣੇ ਪਿੰਡੇ ਤੇ ਹੰਢਾਇਆ ਪਰ ਨਾਲੋ-ਨਾਲ ਇਸ ਮਨੁੱਖ ਵਿਰੋਧੀ ਸਿਸਟਮ ਦੇ ਖਿਲਾਫ ਅਵਾਜ ਵੀ ਬੁਲੰਦ ਕੀਤੀ। ਉਹਨਾਂ ਨੂੰ ਵੀ ਮੰਦਰਾਂ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਸੰਖ ਵਜਾਉਣ, ਧੋਤੀ, ਟਿੱਕਾ ਜਾਂ ਤਿਲਕ ਲਗਾਉਣ ਤੋਂ ਵੀ ਵਰਜਿਆ ਜਾਂਦਾ ਸੀ। ਪਰ ਆਪ ਇਸ ਸਿਸਟਮ ਦੇ ਖਿਲਾਫ ਲਗਾਤਾਰ ਲੜਦੇ ਰਹੇ । ਇਸ ਸਿਸਟਮ ਦਾ ਵਿਰੋਧ ਉਹਨਾਂ ਆਪਣੇ ਵਿਚਾਰਾਂ ਨਾਲ ਤੇ ਤਰਕ ਦੇ ਅਧਾਰ ਤੇ ਕੀਤਾ।
” ਏਕੁ ਮਾਟੀ ਕੇ ਸਭਿ ਭਾਂਡੇ ਸਭਨਾਂ ਏਕੈ ਸਿਰਜਨਹਾਰਾ। ।”
ਦਾ ਕਥਨ ਦੇ ਕੇ ਆਪ ਨੇ ਸਭ ਮਨੁੱਖ ਇੱਕ ਪ੍ਰਮਾਤਮਾ ਦੀ ਸੰਤਾਨ ਆਖ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਦੀ ਅਵਾਜ ਉਠਾਈ। ਉਹਨਾਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਹੋਏ ਕਿਹਾ ਕਿ ਨੀਵੀਂ ਜਾਤੀ ਵਿੱਚ ਪੈਦਾ ਹੋਣਾ ਰੱਬ ਦੀ ਰਜਾ  ਨਹੀਂ ਸਮਝਣਾ ਤੇ  ਪਿਛਲੇ ਜਨਮਾਂ ਦਾ ਫਲ਼ ਆਖ ਸਵੀਕਾਰ ਵੀ ਨਹੀਂ ਕਰਨਾਂ, ਸਗੋਂ ਪ੍ਰਮਾਤਮਾ ਦੇ ਬਰਾਬਰਤਾ ਦੇ ਸੰਦੇਸ਼ ਨੂੰ ਵੀ ਲਾਗੂ ਕਰਨਾ ਤੇ ਇਸ ਲਈ ਅਵਾਜ ਉਠਾਉਣੀ ਵੀ ਸੱਚੀ ਭਗਤੀ ਦੇ ਬਰਾਬਰ ਹੈ। ਇਸ ਤਰ੍ਹਾਂ ਜਦੋਂ ਆਪ ਦੇ ਇਹ ਉਪਦੇਸ਼ ਲੋਕਾਂ ਤੱਕ ਪਹੁੰਚਣ ਲੱਗੇ ਤਾ ਬ੍ਰਹਮਣਵਾਦੀ ਵਿਚਾਰਧਾਰਕਾਂ ਨੇ ਆਪਣੀ ਦੁਕਾਨਦਾਰੀ ਚੱਲਦੀ ਰੱਖਣ ਖਾਤਰ ਆਪ ਦਾ ਵਿਰੋਧ ਕਰਨਾ ਲਾਜਮ ਸਮਝਿਆ। ਪਰ ਆਪ ਆਪਣੀ ਧੁਨ ਵਿੱਚ ਲੱਗੇ ਰਹੇ।
ਭਗਤ ਭਗਤੁ ਜਗਿ ਵਜਿਆ ਚਹੁ ਚੁਕਾਂ ਦੇ ਵਿਚਿ ਚਮਰੇਟਾ। ।
ਪਾਹਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੇਰ ਸਮੇਟਾ।।
ਜਿਓ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ।
ਚਹੁੰ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ।
ਆਪ ਜਿੱਥੇ ਰੱਬ ਦੀ ਬੰਦਗੀ ਕਰਦੇ, ਉੱਥੇ ਆਪਣੀ ਕਿਰਤ ਮਰੇ ਹੋਏ ਪਸੂਆਂ ਨੂੰ ਚੁੱਕ ਚਮੜੇ ਦੀਆਂ ਜੁੱਤੀਆਂ ਗੰਢਣ ਦਾ ਕੰਮ ਵੀ ਕਰਦੇ। ਹੱਥੀਂ ਕਿਰਤ ਕਮਾਈ ਦਾ ਉਪਦੇਸ਼ ਦਿੰਦੇ। ਉਹਨਾਂ ਸਮਿਆਂ ਵਿੱਚ ਇਹ ਨਵੀਂ ਸੋਚ ਤੇ ਨਵੇਂ ਫਲਸਫੇ ਨੂੰ ਜਨਮ ਦੇ ਆਪ ਇੱਕ ਦਾਰਸ਼ਨਿਕ ਦੇ ਰੂਪ ਵਿੱਚ ਵੀ ਜਾਣੇ ਜਾਣ ਲੱਗੇ, ਕਿਉਂਕਿ ਆਪ ਦੀ ਸਮਝ ਸੀ ਕਿ ਮਨੁੱਖ ਆਪਣੇ ਜਨਮ ਜਾਤ ਕਰਕੇ ਵੱਡਾ ਛੋਟਾ ਨਹੀਂ ਗਿਣਿਆ ਜਾਣਾ ਚਾਹੀਦਾ ਸਗੋਂ ਉਸ ਦੁਆਰਾ ਸਮਾਜ ਵਿੱਚ ਕੀਤੇ ਚੰਗੇ ਮਾੜੇ ਕੰਮਾਂ ਦੇ ਅਧਾਰ ਤੇ ਵੱਡਾ-ਛੋਟਾ ਨਿਰਧਾਰਤ ਕਰਨ ਦਾ ਫਲਸਫਾ ਹੋਣਾ ਚਾਹੀਦਾ ਹੈ  । ਆਪ ਦੇ ਅਜਿਹੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਰਾਣੀ ਝਾਲੀ ਵਰਗੀਆਂ ਰਾਣੀਆਂ ਵੀ ਆਪ ਦੀਆਂ ਮੁਰੀਦ ਬਣੀਆਂ।
ਬੇਗਮਪੁਰਾ ਸਹਰ ਕੋ ਨਾਓ
ਦੁੱਖ ਅੰਦੋਹ ਨਹੀਂ ਤਹਿ ਠਾਓ। ।
ਆਪ ਨੇ ਲੱਗਭਗ ਸਵਾ-ਸਾਢੇ ਛੇ ਸਦੀਆਂ ਪਹਿਲਾਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ, ਜਿੱਥੇ ਕੋਈ ਵੀ ਭੇਦਭਾਵ ਵਾਲੀ ਗੱਲ ਨਾਂ ਹੋਵੇ ਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਆਪਣੇ ਗੂੜ-ਗਿਆਨ ਦੇ ਬਲ ਤੇ ਹੀ ਆਪ ਦੀ ਚਾਰੇ ਪਾਸੇ ਪ੍ਰਸ਼ੰਸਾ ਹੋਈ। ਆਪ ਦੇ 40 ਦੇ ਕਰੀਬ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।
ਪਰ ਜੇਕਰ ਅਸੀਂ ਅੱਜ ਵੀ ਲੱਗਭਗ ਸਾਢੇ ਛੇ ਸੌ ਸਾਲ ਬਾਅਦ  ਦੇਖਦੇ ਹਾਂ ਕਿ ਸਿਸਟਮ ਤੇ ਕਾਬਜ ਧਿਰਾਂ ਦੀ ਸੋਚ ਕਿੱਥੇ ਖੜੀ ਹੈ ਤਾਂ ਗੁਰੂ ਰਵਿਦਾਸ ਜੀ ਵਾਲਾ ਸਮਾਂ ਫਿਰ ਯਾਦ ਆਉਂਦਾ ਹੈ ਕਿ ਕਿਤੇ ਸਿਸਟਮ ਦੁਆਰਾ ਇਤਿਹਾਸ ਨੂੰ ਪੁੱਠਾ ਗੇੜ ਤਾਂ ਨੀ ਦਿੱਤਾ ਜਾ ਰਿਹਾ? ਅੱਜ ਵੀ ਆਪਣਾ ਦਾਅ ਖੇਡ ਹਾਕਮ  ਆਪਣੀ ਗੱਦੀ ਚੱਲਦੀ ਰੱਖਣ ਖਾਤਰ ਆਮ ਲੋਕਾਈ ਨੂੰ ਜਾਤ-ਪਾਤ ਚ ਵੰਡਣ ਤੋਂ ਗੁਰੇਜ ਨਹੀਂ ਕਰਦੇ ਤੇ ਵਿੱਦਿਆ ਨੂੰ ਬੜੀ ਚਲਾਕੀ ਨਾਲ ਆਮ ਲੋਕਾਈ ਤੋਂ ਦੂਰ ਕੀਤਾ ਜਾ ਰਿਹਾ ਹੈ। ਜਨਮ-ਮਰਨ, ਕਰਮ-ਕਾਂਡਾਂ ਚ ਫਿਰ ਤੋਂ ਲੋਕਾਈ ਨੂੰ ਫਸਾਇਆ ਜਾ ਰਿਹਾ ਹੈ। ਨਰਕ ਸਵਰਗ ਦੇ ਡਰਾਵੇ ਅੱਜ ਵੀ ਮਾਇਆਧਾਰੀ ਭੇਖੀਆਂ ਦੁਆਰਾ ਦਿੱਤੇ ਜਾ ਰਹੇ ਹਨ ਤੇ ਗਰੀਬ  ਤੇ ਅਨਪੜ੍ਹ ਜਨਤਾ ਨੂੰ ਉਹ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਵੋਟ ਰਾਜਨੀਤੀ ਭਾਰੂ ਹੋ  ਆਪਸੀ ਭਾਈਚਾਰਕ ਸਾਂਝ ਖਤਮ ਕਰ ਰਹੀ ਹੈ। ਸੋ ਸਾਨੂੰ ਅੱਜ ਵੀ ਜਾਗਰੂਕ ਹੋ ਕੇ  ਗੁਰੂ ਰਵਿਦਾਸ ਜੀ ਦੇ “ਐਸਾ ਚਾਹੂੰ ਰਾਜ ਮੈਂ” ਦੇ ਨਾਅਰੇ ਤੇ ਪਹਿਰਾ ਦੇਣ ਅਤੇ ਸਰਬ-ਸਾਂਝੀਵਾਲਤਾ ਵਾਲ਼ੀ ਸੋਚ ਦਾ ਪ੍ਰਚਾਰ ਤੇ ਪਸਾਰ ਕਰਨ  , ਸੱਚ ਦੇ ਰਾਹ ਤੇ ਚੱਲਣ ਦੀ ਲੋੜ ਹੈ। ਫਿਰ ਹੀ ਅਸੀਂ ਅਸਲ ਰੂਪ ਵਿੱਚ ਉਹਨਾਂ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਕਾਬਲ ਕਹੇ ਜਾ ਸਕਦੇ ਹਾਂ।
ਆਮੀਨ।
ਬਲਵੀਰ ਸਿੰਘ ਬਾਸੀਆਂ 
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:)
8437600371
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਟੰਟ ਰਾਈਡਿੰਗ ‘ਚ ਵਿਕਰਮਪ੍ਰਤਾਪ ਸਿੰਘ ਨੇ ਹਾਸਿਲ ਕੀਤਾ ਵੱਖਰਾ ਮੁਕਾਮ
Next articleਜਰਖੜ ਖੇਡਾਂ ਤੇ ਕੈਬਨਿਟ ਮੰਤਰੀ ਅਤੇ ਆਪ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ “ਪੰਜਾਬ ਦਾ ਮਾਣ ਐਵਾਰਡ” ਨਾਲ ਹੋਇਆ ਸਨਮਾਨ ।