ਮੈਂ ਤੋਂ ਮੇਰੇ ਤੱਕ

ਅਮਨ ਜੱਖਲਾਂ
(ਸਮਾਜ ਵੀਕਲੀ) ਬੁੱਧਾਂ ਨੇ ਜੋ ਵੀ ਉਚਾਰਿਆ ਹੈ ਬਿਲਕੁਲ ਸਪੱਸ਼ਟ ਹੀ ਉਚਾਰਿਆ ਹੈ ਤੇ  ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਉਚਾਰਨ ਵਿੱਚ ਸਪੱਸ਼ਟਤਾ ਤੋਂ ਬਿਨਾ ਕੁਝ ਨਜ਼ਰ ਵੀ ਨਹੀਂ ਆਵੇਗਾ। ਇਸ ਦਾ ਮੂਲ ਕਾਰਨ ਇਹ ਵੀ ਹੈ ਕਿ ਬੋਧ ਦੀ ਕੋਈ ਵਿਧਾ ਨਹੀਂ ਹੈ, ਬੋਧ ਆਪਣੇ ਆਪ ਵਿੱਚ ਹੀ ਵਿਧਾ ਦਾ ਅਨਿੱਖੜਵਾਂ ਰੂਪ ਹੈ ਪਰ ਮਨੁੱਖ ਦੀ ਇੱਕ ਫਿਤਰਤ ਰਹੀ ਹੈ  ਜੋ ਜਾਣ ਬੁੱਝ ਕੇ ਹੀ ਸਪੱਸ਼ਟਤਾ ਨੂੰ ਵੀ ਅਸਪੱਸ਼ਟਤਾ ਦਾ ਰੂਪ ਦੇ ਦਿੰਦਾ ਹੈ ਤੇ ਹਮੇਸ਼ਾਂ ਹੀ ਖੁਦ ਨੂੰ ਦੁਚਿੱਤੀ ਵਿੱਚ ਉਲਝਾ ਕੇ ਰੱਖਣ ਦਾ ਯਤਨ ਕਰਦਾ ਰਹਿੰਦਾ ਹੈ। ਮਨੁੱਖ ਹੀ ਮਨੁੱਖ ਨੂੰ ਅਜਿਹੀ ਅਵਸਥਾ ਵਿੱਚ ਲਿਆ ਕੇ ਖੜਾ ਕਰਦਾ ਰਿਹਾ ਹੈ ਜੋ ਅਸਪੱਸ਼ਟਤਾ ਜਾਂ ਉਲਝੇਵੇਂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਇਸੇ ਕਰਕੇ ਇਹ ਸੰਸਾਰ ਉਲਝੀਆਂ ਤੰਦਾਂ ਦਾ ਇੱਕ ਸਮੂਹ ਪ੍ਰਤੀਤ ਹੁੰਦਾ ਹੈ।
ਸ਼ਾਇਦ ਤੁਸੀਂ ਕਦੇ ਧਿਆਨ ਦਿੱਤਾ ਹੋਵੇ ਜਦੋਂ ਅਸੀਂ ਅੱਧੀ ਰਾਤ ਨੂੰ ਪਾਣੀ ਪੀਣ ਲਈ ਨੀਂਦ ਵਿੱਚੋਂ ਉੱਠਦੇ ਹਾਂ, ਉਸ ਸਮੇਂ ਨਾ ਤਾਂ ਇਸ ਸੰਸਾਰ ਵਿੱਚ ਸਾਡਾ ਕੋਈ ਮਿੱਤਰ ਹੁੰਦਾ ਹੈ ਤੇ ਨਾ ਹੀ ਕੋਈ ਵੈਰੀ ਕਿਉਂਕਿ ਨੀਂਦ ਅਤੇ ਪਿਆਸ ਵਿਚਕਾਰ ਸਾਡਾ ਮਨ ਬਾਕੀ ਸਭ ਭਾਵਨਾਵਾਂ ਨੂੰ ਪਾਸੇ ਕਰ ਚੁੱਕਿਆ ਹੁੰਦਾ ਹੈ। ਜਦੋਂ ਦਿਨ ਚੜਦਿਆਂ ਮਨੁੱਖ ਨੀਂਦ ਵਿੱਚੋਂ ਜਾਗਦਾ ਹੈ, ਉਸ ਸਮੇਂ ਤੱਕ ਵੀ ਉਸ ਅੰਦਰ ਕੋਈ ਮਿੱਤਰਤਾ ਜਾਂ ਵੈਰ ਦਾ ਭਾਵ ਨਹੀਂ ਹੁੰਦਾ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਮਨੁੱਖ ਬੀਤੀਆਂ ਯਾਦਾਂ ਨੂੰ ਤਾਜਾ ਕਰਦਿਆਂ ਚਲਿਆ ਜਾਂਦਾ ਹੈ ਤੇ ਮੁੜ ਤੋਂ ਉਸੇ ਰੂਪ ਵਿੱਚ ਵਾਪਿਸ ਆ ਜਾਂਦਾ ਹੈ ਜਿਸਨੂੰ ਉਸਦੇ ਅਵਚੇਤਨ ਮਨ ਨੇ ਕਦੇ ਮਾਨਤਾ ਪ੍ਰਦਾਨ ਨਹੀਂ ਕੀਤੀ।
ਸਮਾਂ ਬਲਵਾਨ ਹੈ ਤੇ ਬਲਵਾਨਤਾ ਦੇ ਨਾਲ-ਨਾਲ ਸਮਾਂ ਸਭ ਤੋਂ ਇਮਾਨਦਾਰ ਵੀ ਹੈ। ਸਮੇਂ ਨੇ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਮਾਇਆ ਤੇ ਧੋਖਾਧੜੀ ਦੀ ਦੌੜ ਵਿੱਚ ਹਮੇਸ਼ਾਂ ਮਨੁੱਖ ਹੀ ਮਨੁੱਖ ਨੂੰ ਕੱਟ ਕੇ ਅੱਗੇ ਵਧਿਆ ਹੈ। ਸਮਾਂ ਉਸੇ ਦਿਨ ਮਨੁੱਖ ਦੇ ਹੱਕ ਵਿੱਚ ਆ ਕੇ ਖਲੋ ਜਾਵੇਗਾ ਜਿਸ ਦਿਨ ਮਨੁੱਖ ਨੇ ਸਮੇਂ ਦੀ ਇਮਾਨਦਾਰੀ ਦਾ ਗੁਣ ਅਪਣਾ ਕੇ ਆਪਣੇ ਆਪ ਨੂੰ ਨਿਰੰਤਰਤਾ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ।
-ਅਮਨ ਜੱਖਲਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ: ਭਵਿੱਖ
Next article~ ਕਮਲ ਝੀਲ ~