(ਸਮਾਜ ਵੀਕਲੀ)
ਹਰਫ਼ਾਂ ਨੂੰ ਪਾ ਕੇ ਝੋਲੀ,
ਵਾਂਗ ਸੂਰਜ ਦੇ ਮਘਦੇ ਰਹਿਣਾ ਹੈ,
ਹਰਫ਼ਾਂ ਨੇ ਸੰਦਲੀ ਪੈੜਾਂ ਕਰਦੇ ਰਹਿਣਾ ਹੈ…
ਔਕੜ, ਬਿਹਾਰੀ, ਕੰਨਾਂ ਲਾਕੇ,
ਬਿੰਦੀ, ਟਿੱਪੀ ਵਿੱਚ ਸਜਾਕੇ,
ਅੱਖਰਾਂ ਨੂੰ “ਅੱਖਰਕਾਰੀ’ ਵਿੱਚ ਮੜ੍ਹਦੇ ਰਹਿਣਾ ਹੈ,
ਹਰਫ਼ਾਂ ਨੇ ਸੰਦਲੀ ਪੈੜਾਂ ਕਰਦੇ ਰਹਿਣਾ ਹੈ…
ਵਾਰਿਸ ਰੰਗਿਆ ਹੁਸਨ ਗ਼ੁਲਾਬੀ,
ਬੁੱਲਾ ਲਿਖ ਗਿਆ ਠੇਠ ਪੰਜ਼ਾਬੀ,
ਬਾਣੀ ਗੁਰੂਆਂ ਦੀ ਉੱਠ ਸਵੇਰੇ ਪੜ੍ਹਦੇ ਰਹਿਣਾ ਹੈ,
ਹਰਫ਼ਾਂ ਨੇ ਸੰਦਲੀ ਪੈੜਾਂ ਕਰਦੇ ਰਹਿਣਾ ਹੈ….
ਭਾਈ ਵੀਰ ਸਿੰਘ ਦਾ ਕੁਦਰਤ ਜਲਵਾ
ਸ਼ਿਵ ਦਾ ਦਰਦ ਪਰੋਇਆ ਗਲਵਾ
ਲੱਗੀ ਨਜ਼ਰ ਉਤਾਰਨ ਖ਼ਾਤਰ,
ਮਿਰਚਾਂ ਪਾਤਰ ਨੇ ਵਾਰ ਦੇ ਰਹਿਣਾ ਹੈ,
ਹਰਫ਼ਾਂ ਨੇ ਸੰਦਲੀ ਪੈੜਾਂ ਕਰਦੇ ਰਹਿਣਾ ਹੈ….
ਨਿਰਲੇਪ ਕੌਰ ਸੇਖੋਂ