(ਸਮਾਜ ਵੀਕਲੀ)
“ਪੁੱਤ ਆਹ ਦਵਾਈ ਲਿਆਈ ਅੱਜ ਆਉਂਦਿਆਂ ਵਕਤ”।
ਮਾਂ ਨੇ ਗੀਝੇ ਵਿਚੋਂ ਦਵਾਈ ਵਾਲੀ ਪਰਚੀ ਦਾ ਟੁਕੜਾ ਕੱਢਿਆ ਤੇ ਕੰਬਦੇ ਹੱਥਾਂ ਨਾਲ ਉਸ ਵੱਲ ਵਧਾਇਆ।
ਮਾਂ ਵੀ ਹੁਣ ਕਿੰਨਾ ਕੁ ਚਿਰ ਆ।ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਘਰੇ ਸੇਵਾ ਕਰੋ। ਅਜੇ ਪਿਛਲੇ ਮਹੀਨੇ ਹੀ ਤਾਂ ਮਾਂ ਨੂੰ ਬਠਿੰਡੇ ਦਿਖਾਇਆ ਹੈ। ਕੱਲ੍ਹ ਗੁਆਂਢੀ ਚਰਨਾ ਕਹਿੰਦਾ ਸੀ ਕਿ ਜੇ ਹੁਣ ਹਸਪਤਾਲ ਮਾਂ ਨੂੰ ਲਏ ਗਏ ਤਾਂ ਦਾਖਲ ਕਰਕੇ ਕਰੋਨਾ ਦਾ ਬਹਾਨਾ ਲਾ ਕੇ ਮਾਰ ਦੇਣਗੇ। ਪਤਾ ਨਹੀਂ ਚਰਨੇ ਦੀ ਗੱਲ ਵਿੱਚ ਕਿੰਨੀ ਕੁ ਸਚਾਈ ਹੈ ।, ਹੁਣ ਤਾਂ ਕੱਲੀ ਮਾਂ ਹੀ ਰਹਿ ਗਈ ਹੈ, ਜੇ ਕਿਤੇ ਮਾਂ ਵੀ..। ਉਸ ਦਾ ਸਿਰ ਚਕਰਾ ਜਿਹਾ ਗਿਆ। ਪਤਾ ਨਹੀਂ ਕਦੋਂ ਖਿਆਲਾ ਦੀ ਘੁੰਮਣਘੇਰੀ ਵਿਚ ਚਲਾ ਗਿਆ ਸੀ। ਆਪਣੇ ਆਪ ਚ ਹੋਸ਼ ਕਰ ,ਕਿਉਂ ਪੁੱਠਾ ਦਿਮਾਗ ਕੀਤਾ। ਉਸ ਦੇ ਅੰਦਰੋਂ ਕਿਸੇ ਹਿੰਮਤੀ ਸ਼ਕਤੀ ਨੇ ਫਿਰ ਉਸ ਦੇ ਦਿਲ ਨੂੰ ਧਰਵਾਸ ਦਿੱਤਾ। ਉਸ ਨੇ ਮੋਢੇ ਤੋਂ ਡੱਬੀਆਂ ਵਾਲਾ ਪਰਨਾ ਲਾਹਿਆ ਅਤੇ ਸੀਟ ਉੱਤੇ ਪਿਆ ਰੇਤਾ ਝਾੜਨ ਲੱਗ ਗਿਆ।
“ਗੋਲਡਿੱਗੀ, ਗੋਲਡਿੱਗੀ ,ਗੋਲਡਿੱਗੀ,ਰੇਲਵੇ ਸਟੇਸ਼ਨ- ਆਜੋ ਆਜੋ ਆਜੋ…।”
ਭਿੰਦਾ ਜ਼ੋਰ-ਜ਼ੋਰ ਦੀ ਸਵਾਰੀਆਂ ਨੂੰ ਆਵਾਜ਼ਾਂ ਮਾਰ ਰਿਹਾ ਸੀ ।ਉਸ ਨੇ ਚੰਦ ਦੇ ਆਟੋ ਰਿਕਸ਼ੇ ਦੇ ਮੂਹਰੇ ਆਵਦਾ ਆਟੋ ਲਾ ਲਿਆ ਸੀ । ਚੰਦ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਭਿੰਦਾ ਤਿੰਨ ਚਾਰ ਸਵਾਰੀਆਂ ਲੈ ਕੇ ਚਲਦਾ ਬਣਿਆ।
“ਉਏ ਚੰਦ ,ਆਹ ਸਾਲੇ ਭਿੰਦੇ ਨੂੰ ਦਿਖਾਉਣ ਆਲ਼ੀ ਆ ਦਿੱਲੀ , ਸਾਲਾ ਕੰਡ ਜੀ ਲਹਾਊ ਕਿਸੇ ਦਿਨ । ਜੜ੍ ਦੇਣੀਆਂ ਸੀ ਧੌਣ ‘ਚ, ਮੈਂ ਖੜ੍ਹਾ ਸੀ ਤੇਰੇ ਪਿੱਛੇ” । ਜੱਗੇ ਨੇ ਚੰਦ ਨੂੰ ਕਿਹਾ ਸੀ।
“ਕਾਹਦਾ ਬਾਈ, ਮੈਂ ਕਿਹਾ ਐਵੇਂ ਸਾਲਾ ਮੇਰੇ ਹੱਥੋਂ ਮਰਜੂ “। ਚੰਦ ਨੇ ਵੀ ਉਸੇ ਭਾਸ਼ਾ ਵਿਚ ਗੱਲ ਕੀਤੀ। ਹੁਣ ਉਹ ਕਾਫੀ ਕੁਝ ਡਰਾਇਵਰਾਂ ਵਾਲਾ ਸਿੱਖ ਗਿਆ ਸੀ ,ਬੋਲੀ ਵੀ ਡਰਾਈਵਰ ਵਾਲੀ ਤੇ ਪਹਿਰਾਵਾ ਵੀ। ਤਿੰਨ ਚਾਰ ਕੁੜੀਆਂ ਆਉਂਦੀਆਂ ਦੇਖ ਕੇ ਚੰਦ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗਿਆ” ਰੇਲਵੇ ਸਟੇਸ਼ਨ, ਹਨੂੰਮਾਨ ਚੌਕ ਆਜੋ- ਆਜੋ”।
“ਧੋਬੀ ਮਾਰਕੀਟ ਜਾਓਗੇ?”
“ਆਹੋ ਬੀਬਾ ਬਹਿ ਜੋ ਬੱਸ ਚਲਦੇ ਹਾਂ”।
ਚੰਦ ਨੇ ਪੁਲੀ ਨੂੰ ਰੱਸਾ ਖਿੱਚ ਕੇ ਆਟੋ ਸਟਾਰਟ ਕਿਤਾ। ਪਰਨੇ ਨਾਲ ਮੂੰਹ ਤੋਂ ਪਸੀਨਾ ਪੂੰਝਿਆ ਤੇ ਆਟੋ ਲੈ ਤੁਰਿਆ। ਹਨੂੰਮਾਨ ਚੌਕ ਕੋਲ਼ ਤੁਰੀ ਜਾਂਦੀ ਸਵਾਰੀ ਨੇੜੇ ਆਟੋ ਹੌਲ਼ੀ ਕਰਕੇ ਕਿਹਾ “ਗੋਲਡਿੱਗੀ, ਗੋਲਡਿੱਗੀ ” ਸਵਾਰੀ ਦੇ ਹੱਥ ਦੇ ਇਸ਼ਾਰੇ ਨਾਲ ਆਟੋ ਰੁਕ ਗਿਆ। ਅਧਖੜ ਉਮਰ ਦਾ ਆਦਮੀ ਚੰਦ ਦੇ ਨਾਲ ਹੀ ਲੱਗੀ ਛੋਟੀ ਸੀਟ ਤੇ ਬੈਠ ਗਿਆ , ਤੇ ਕਹਿਣ ਲਗਿਆ ” ਕਿਉ ਸ਼ੇਰਾ, ਆਥਣ ਤਕ ਦਿਹਾੜੀ ਬਣ ਜਾਂਦੀ ਆ?”
“ਬੱਸ ਬਾਬਾ ਕਦੇ ਤੇ ਪੂਰਾ ਪੱਲਾ ਵੀ ਨਹੀਂ ਆਉਂਦਾ , ਤੇਲ ਬਹੁਤ ਮਹਿੰਗਾ ਹੋ ਗਿਆ , ਮਹਿੰਗਾਈ ਬਹੁਤ ਆ”। ਚੰਦ ਇੰਨਾ ਕੁ ਬੋਲ ਕੇ ਚੁੱਪ ਕਰ ਗਿਆ।
“ਲੈ ਭਾਈ ਬੀਬਾ, ਉੱਤਰੋ ਇਥੇ ਹੀ ,ਅੱਗੇ ਜਾਣ ਨਹੀਂ ਦੇਣਾ ਪੁਲੀਸ ਵਾਲਿਆਂ ਨੇ”। ਚੰਦ ਨੇ ਪਿੱਛੇ ਮੂੰਹ ਕਰਕੇ ਕੁੜੀਆਂ ਨੂੰ ਕਿਹਾ ਅਤੇ ਤਿੰਨੇ ਕੁੜੀਆਂ ਧੋਬੀ ਬਜ਼ਾਰ ਦੇ ਮੂਹਰੇ ਉਤਰ ਗਈਆਂ । ਬਾਬੇ ਨੂੰ ਚੰਦ ਨੇ ਗੋਲਡਿੱਗੀ ਕੋਲ਼ ਉਤਾਰ ਦਿੱਤਾ। ਉਸਨੂੰ ਭੁੱਖ ਚਮਕੀ ,ਦੁਪਹਿਰ ਦੇ ਦੋ ਵਜੇ ਸਨ। ਉਹਨੇ ਆਟੋ ਰਿਕਸ਼ਾ ਰੇਲਵੇ ਸਟੇਸ਼ਨ ਦੇ ਕੋਲ ਰੋਕ ਕੇ ਘਰੋਂ ਅਚਾਰ ਨਾਲ ਲਿਆਂਦੀਆਂ ਦੋ ਰੋਟੀਆਂ ਖਾ ਲਈਆਂ ਅਤੇ ਟੀ ਸਟਾਲ ਤੋਂ ਇੱਕ ਕੱਪ ਚਾਹ ਪੀ ਲਈ। ਫੇਰ ਚੰਦ ਨੇ ਆਟੋ ਰੇਲਵੇ ਸਟੇਸ਼ਨ ਦੇ ਗੇਟ ਕੋਲ਼ ਲਾ ਲਿਆ। ਕੁਝ ਮਹੀਨਿਆਂ ਤੋਂ ਕਰੋਨਾ ਕਰਕੇ ਬੰਦ ਪਈਆ ਰੇਲ ਗੱਡੀਆਂ ਚੱਲੀਆਂ ਸਨ।ਸਵਾਰੀਆਂ ਵੀ ਕੋਈ ਬਹੁਤਾ ਨਹੀਂ ਆ ਜਾ ਰਹੀਆਂ ਸਨ। ਰੋਜ਼ ਦੀ ਤਰ੍ਹਾਂ ਪੰਜ ਕੁ ਅੱਧਖੜ੍ਹ ਉਮਰ ਦੀਆਂ ਔਰਤਾਂ ਕਿਸਾਨੀ ਝੰਡਾ ਚੁੱਕ ਪੀਲੀਆਂ ਚੁੰਨੀਆਂ ਲਈ ਰੇਲਵੇ ਦੇ ਗੇਟ ਤੋਂ ਬਾਹਰ ਆਈਆਂ। ਉਨ੍ਹਾਂ ਦੀ ਤੋਰ, ਉਨ੍ਹਾਂ ਦੇ ਚਿਹਰੇ ਅਤੇ ਉਹਨਾਂ ਦੀ ਹਰ ਅਦਾ ,ਲੱਗਦਾ ਸੀ ਜਿਵੇਂ ਨਵੀਂ ਊਰਜਾ ਨਾਲ ਭਰੀਆਂ ਹੋਣ।
ਉਹਨਾਂ ਦੇ ਚਿਹਰਿਆਂ ਉੱਤੇ ਅਦਭੁਤ ਸ਼ਕਤੀ ਦਾ ਸਰੂਰ ਝਲਕ ਰਿਹਾ ਸੀ। ਲੱਗਦਾ ਸੀ ਸਦੀਆਂ ਦੀ ਗੁਲਾਮੀ ਵਾਲਾ ਗੁੱਭ-ਗਭਾਟ ਕੱਢ ਰਹੀਆਂ ਹੋਣ। ਉਨ੍ਹਾਂ ਵਿਚੋਂ ਇਕ ਔਰਤ ਜੋ ਬਹੁਤ ਹੀ ਮਟਕ ਅਤੇ ਮੜ੍ਹਕ ਨਾਲ ਅੱਗੇ ਹੋ ਤੁਰ ਰਹੀ ਸੀ , ਨੇ ਨਾਅਰਾ ਲਾਇਆ ,”ਕਿਸਾਨ ਏਕਤਾ ਜਿੰਦਾਬਾਦ ,ਜਿੰਦਾਬਾਦ- ਜਿੰਦਾਬਾਦ।”ਬਾਕੀ ਔਰਤਾਂ ਨੇ ਜੋਸ਼ ਨਾਲ ਨਾਅਰੇ ਦਾ ਜਵਾਬ ਦਿੱਤਾ ।ਜਿਉਂ ਹੀ ਉਹ ਰੇਲਵੇ ਸਟੇਸ਼ਨ ਦੇ ਗੇਟ ਤੋਂ ਬਾਹਰ ਆਈਆਂ ਤਾਂ ਪਹਿਲਾਂ ਤੋਂ ਖੜੇ ਚਾਰ ਕੁ ਬੰਦਿਆਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਚੰਦ ਵੀ ਇਹ ਨਜ਼ਾਰਾ ਦੇਖ ਕੇ ਆਪਣੇ ਆਪ ਵਿੱਚ ਮਾਣ ਨਾਲ ਭਰ ਗਿਆ ਸੀ। ਉਸ ਨੂੰ ਲੱਗਿਆ ਜਿਵੇਂ ਉਸ ਦੀ ਰੂਹ ਉਨ੍ਹਾਂ ਔਰਤਾਂ ‘ਚ ਚਲੀ ਗਈ ਹੋਵੇ, ਜਾਂ ਉਨ੍ਹਾਂ ਦੀ ਰੂਹ ਉਸ ਨੂੰ ਹੁਲਾਰਾ ਦੇ ਰਹੀ ਹੋਵੇ। ਇਹ ਸਾਰਾ ਵਰਤਾਰਾ ਵੇਖ ਕੇ ਚੰਦ ਤੋਂ ਪਿੱਛੇ ਖੜੇ ਦੋ ਡਰਾਈਵਰਾਂ ਨੇ ਆਪਣੀਆਂ ਹੀ ਗੱਲਾਂ ਛੇੜ ਲਈਆਂ ,ਗੱਲਾਂ ਕਾਹਦੀਆਂ ਪੂਰੀ ਸਿਆਸਤ ਹੀ ਫਰੋਲਣ ਲੱਗ ਪਏ। ਮੱਗਰ ਨੇ ਕਿਹਾ ਕਿ “ਆਹ ਯਾਰ ਸਰਕਾਰ ਦਾ ਕਨੂੰਨ ਜਮਾਂ ਹੀ ਗਲਤ ਹੈ, ਕਿ ਜਿਹੜੇ ਪਿੰਡਾਂ ਵਿਚ ਔਰਤਾਂ ਸਰਪੰਚ ਚੁਣੀਆਂ ਗਈਆਂ ਹਨ, ਉਨ੍ਹਾਂ ਵਿਚਾਰੀਆਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ।”
“ਸਰਪੰਚੀ ਤਾਂ ਜਾਂ ਤਾਂ ਉਹਦੇ ਘਰਵਾਲਾ ਕਰਦਾ ਹੈ ਜਾਂ ਉਹਦੇ ਮੁੰਡੇ”। ਦੂਜੇ ਨੇ ਕਿਹਾ ਕਿ” ਆਹੋ, ਆਹ ਗੱਲ ਤਾਂ ਤੇਰੀ ਸੋਲਾਂ ਆਨੇ ਸੱਚ ਹੈ। ਆਹ ਸਾਡੇ ਪਿੰਡ ਵਾਲਾ ਘੁੱਦਾ ਹੀ ਨਹੀਂ ਮਾਨ , ਜਨਾਨੀ ਨੂੰ ਸਰਪੰਚੀ ਚ ਖੜਾ ਕਰਤਾ ,ਲੋਕਾਂ ਨੂੰ ਘਰ ਦੀ ਕੱਢੀ ਦੀਆਂ ਬੋਤਲਾਂ ਪਿਆ ਕੇ ਜਿੱਤ ਗਏ। ਹੁਣ ਸਰਪੰਚੀ ਆਪ ਕਰਦਾ, ਜਨਾਨੀ ਉਹਦੀ ਨੂੰ ਇਲ ਦੀ ਥਾਂ ਕੁੱਕੜ ਵੀ ਨਹੀਂ ਆਉਂਦਾ। ਜੇ ਮਾੜਾ ਮੋਟਾ ਕੰਮ ਕਰਾਉਣ ਜਾਓ ਤਾਂ ਗੋਹੇ ਨਾਲ਼ ਹੱਥ ਲਿਬੜੇ ਹੁੰਦੇ ਨੇ”। ਚੰਦ ਨੇ ਸਵਾਰੀਆਂ ਆਉਂਦੀਆਂ ਦੇਖ ਉੱਚੀ ਆਵਾਜ਼ ਵਿੱਚ ਕਿਹਾ ਹੈ ,”ਬੱਸ ਅੱਡੇ -ਬੱਸ ਅੱਡੇ ਆਜੋ- ਆਜੋ ,ਬੱਸ ਅੱਡੇ”।
ਦਿੱਲੀ ਕਿਸਾਨ ਧਰਨੇ ਤੋਂ ਆਈਆਂ ਉਹਨਾਂ ਔਰਤਾਂ ਨੇ ਆਟੋ ਰਿਕਸ਼ਏ ਵਿੱਚ ਬੈਠ ਕੇ ਕਿਹਾ” ਚੱਲ ਭਾਈ ,ਅੱਡੇ ਜਾਣਾ”। “ਬੈਠੋ ਬੀਬੀ ਬਸ ਹੁਣੇ ਪਹੁੰਚ ਜਾਨੇ ਆ”। ਉਹਨਾਂ ਚੋਂ ਇੱਕ ਔਰਤ ਨੇ ਚੰਦ ਦੇ ਮੂੰਹ ਵੱਲ ਦੇਖਿਆ। “ਹੈਂਅ! ਨਹੀਂ- ਨਹੀਂ ਇਹ ਉਹ ਨਹੀਂ”।”ਉਸ ਨੂੰ ਚੰਦ ਚੋਂ ਕਿਸੇ ਦਾ ਭੁਲੇਖਾ ਪਿਆ। ਪਰ ਉਹੀ ਸ਼ਕਲ, ਉਹੀ ਆਵਾਜ਼, ਉਹ ਆਪਣੇ ਆਪ ਵਿੱਚ ਕਿਸੇ ਡੂੰਘੀ ਕਸ਼ਮਕਸ਼ ਵਿਚ ਪੈ ਗਈ।”ਬੱਸ ਅੱਡਾ ਆ ,ਗਿਆ ਚਲੋ ਬੀਬੀ ਉੱਤਰੋ”। ਉਹ ਪੈਸੇ ਦੇਣ ਲੱਗੀਆਂ ਤਾਂ ਉਹੀ ਔਰਤ ਨੇ ਕਿਹਾ,”ਵੇ ਭਾਈ ਤੈਨੂੰ ਕਿਤੇ ਦੇਖਿਆ ਲੱਗਦਾ?”ਚੰਦ ਨੇ ਕੋਈ ਜਵਾਬ ਨਾ ਦਿੱਤਾ ਤੇ ਮੂੰਹ ਦੂਜੇ ਪਾਸੇ ਭੁਮਾ ਲਿਆ। ਪਛਾਣ ਤਾਂ ਚੰਦ ਨੇ ਵੀ ਲਿਆ ਸੀ। ਪਰ ਆਪਣਾ ਆਪ ਲੁਕਾ ਲਿਆ। ਚੰਦ ਦੀਆਂ ਸੋਚਾਂ ਪਤਾ ਨਹੀਂ ਉਸ ਨੂੰ ਕਦੋਂ ਅਤੀਤ ਵਿੱਚ ਲੈ ਗਈਆਂ। ਜਦੋਂ ਉਸਦਾ ਵਿਆਹ ਹੋਇਆ ਸੀ। ਉਸਨੂੰ ਵਿਆਹ ਬੰਧਨ ਵਿੱਚ ਨਰੜ ਦਿੱਤਾ ਸੀ।ਬਸ ਛੇ ਕੁ ਮਹੀਨੇ ਮਸਾਂ ਹੀ ਨਿਭੀ। ਪਿੱਛੋਂ ਤੋੜ-ਵਿਛੋੜਾ ਹੋ ਗਿਆ। ਫੇਰ ਉਸ ਲਈ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਦੋ ਚਾਰ ਹੋਣਾ ਮੁਹਾਲ ਹੋ ਗਿਆ ਸੀ। ਘਰੇ ਕੱਲੀ ਮਾਂ ਹੀ ਰਹਿ ਗਈ ਸੀ। ਪਿਓ ਤਾਂ ਛੋਟੇ ਹੁੰਦੇ ਹੀ ਚੱਲ ਵਸਿਆ ਸੀ। ਇਕ ਭਰਾ ਸੀ ,ਉਹ ਵੀ ਦਿਮਾਗੀ ਤੌਰ ਤੇ ਸਿੱਧਰਾ ਸੀ। ਦਸ ਸਾਲ ਹੋ ਗਏ ਸੀ ਘਰੋਂ ਗਿਆਂ । ਮੁੜ ਘਰ ਵਾਪਸ ਨਹੀਂ ਮੁੜਿਆ । ਮਾਂ ਉਸ ਨੂੰ ਯਾਦ ਕਰ ਸਾਰਾ ਦਿਨ ਰੋਂਦੀ ਰਹਿੰਦੀ। ਮਾਂ ਵੀ
ਪਿਛਲੇ ਸਾਲ ਤੋਂ ਕੈਂਸਰ ਨਾਲ ਪੀੜਤ ਸੀ। ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ,। ਘਰੇ ਉਹ ਤੇ ਮਾਂ ਦੋਨੋਂ ਹੀ ਰਹਿ ਗਏ ਸਨ। ਭੀਖ ਮੰਗ ਕੇ ਗੁਜ਼ਾਰਾ ਕਰਨ ਨੂੰ ਉਸਦੀ ਜ਼ਮੀਰ ਨਾ ਮੰਨੀ। ਸਮਾਜ ਦੀਆਂ ਘਿਨਾਉਣੀਆਂ ਨਜ਼ਰਾਂ ਹੁਣ ਉਸ ਨੂੰ ਕਈ ਵਾਰ ਅੰਦਰੋਂ-ਅੰਦਰ ਚੀਰ ਜਾਂਦੀਆਂ। ਉਸ ਨੂੰ ਹਰ ਸਖਸ਼ ਭੁੱਖੇ ਭੇੜੀਏ ਦੀ ਨਜ਼ਰ ਨਾਲ ਦੇਖਦਾ। ਉਸਦਾ ਕਈ ਵਾਰ ਜੀਅ ਕਰਦਾ ਕੇ ਇੱਟ ਮਾਰ ਕੇ ਸਿਰ ਪਾੜ ਦੇਵੇ ਪਰ ਕੀਹਦਾ-ਕੀਹਦਾ ਸਿਰ ਪਾੜੇ? ਅਖੀਰ ਉਸ ਨੇ ਸਿਰ ਤੇ ਮੜਾਸਾ ਮਾਰ ਲਿਆ ਅਤੇ ਮਿਸਤਰੀਆਂ ਨਾਲ ਉਸਾਰੀ ਦੇ ਕੰਮ ਤੇ ਮਜ਼ਦੂਰੀ ਮਿਲ ਗਈ। ਕੁਝ ਪੈਸੇ ਘਰ ਦੇ ਗੁਜ਼ਾਰੇ ਅਤੇ ਮਾਂ ਦੀ ਦਵਾਈ ਤੇ ਬਾਕੀ ਥੋੜ੍ਹੇ- ਥੋੜ੍ਹੇ ਕਰਕੇ ਜੋੜ ਲਏ । ਛੇ ਮਹੀਨਿਆਂ ਦੇ ਅੰਦਰ ਹੀ ਉਸਾਰੀ ਦੇ ਕੰਮ ਨਾਲ ਜੁੜੇ ਪੈਸਿਆਂ ਦਾ ਉਸ ਨੇ ਚੱਲਿਆ ਹੋਇਆ ਆਟੋ ਰਿਕਸ਼ਾ ਖ਼ਰੀਦ ਲਿਆ ਸੀ। ਹੁਣ ਉਸ ਨੇ ਸਿਰ ਤੋਂ ਪਰਨਾ ਲਾਹ ਪੱਗ ਬੰਨ੍ਹ ਲਈ ਸੀ ਅਤੇ ਕੁੜਤਾ ਪਜਾਮਾ ਪਹਿਨ ਲਿਆ ਸੀ। ਮੋਢੇ ਉੱਤੇ ਡੱਬੀਆਂ ਵਾਲਾ ਪਰਨਾ ਧਰ ਹੁਣ ਉਹ ਚਰਨੋ ਤੋਂ ਚੰਦ ਸਿੰਘ ਬਣ ਗਈ ਸੀ।
ਪਛਾਣ ਤਾਂ ਚੰਦ ਨੇ ਵੀ ਲਿਆ ਸੀ ਕਿ ਇਹ ਉਹਦੇ ਸਹੁਰਿਆਂ ਤੋਂ ਗਵਾਂਢ ਵਿੱਚ ਰਹਿੰਦੀ ਗੇਜੋ ਸੀ ,ਜੋ ਉਨ੍ਹਾਂ ਦੇ ਘਰੇ ਆਇਆ ਕਰਦੀ ਸੀ। ਪਰ ਚਰਨੋ ਮਰਦਾਵੇਂ ਲਿਬਾਸ ਵਿਚ ਹੁਣ ਚੰਦ ਸਿੰਘ ਸੀ। ਚੰਦ ਦੀਆਂ ਸੋਚਾਂ ਦੀ ਲੜੀ ਓਦੋਂ ਟੁੱਟੀ ਜਦੋਂ ਬਰਾਬਰ ਆ ਕੇ ਮੱਗਰ ਨੇ ਕਿਹਾ “ਚੰਦ ਆਹ ਦੋ ਸਵਾਰੀਆਂ ਲੈ ਜਾ ,ਮੈ ਰੋਟੀ ਖਾਣੀ ਹੈ। ਏ.ਸੀ . ਮਾਰਕੀਟ ਜਾਣਾ ਇਨ੍ਹਾਂ ਨੇ।”ਚੰਦ ਨੇ ਮੋਢੇ ਵਾਲੇ ਪਰਨੇ ਨਾਲ ਮੂੰਹ ਤੇ ਆਈ ਤਰੇਲੀ ਪੂੰਝੀ ਅਤੇ ਦੋਨੋਂ ਸਵਾਰੀਆਂ ਬਿਠਾ ਕੇ ਜ਼ੋਰ ਦੀ ਆਵਾਜ਼ਾਂ ਦਿੰਦਾ ਚੱਲ ਪਿਆ,”ਗੋਲਡਿੱਗੀ- ਗੋਲ ਡਿੱਗੀ ,ਰੇਲਵੇ ਸਟੇਸ਼ਨ ਧੋਬੀ ਬਾਜ਼ਾਰ, ਆਜੋ ਆਜੋ……”।
ਅੰਮ੍ਰਿਤਪਾਲ ਕਲੇਰ (ਚੀਦਾ) ਮੋਗਾ
ਮੌਬ.9915780980
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly