ਪੰਜਾਬ ਕਾਂਗਰਸ ’ਚ ਅਜਿਹੀ ਅਰਾਜਕਤਾ ਕਦੇ ਨਹੀਂ ਦੇਖੀ: ਮਨੀਸ਼ ਤਿਵਾੜੀ

Senior Congress leader and former Union Minister Manish Tewari

ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਪੱਤਰਕਾਰ ਆਰੂਸਾ ਆਲਮ ਨਾਲ ਦੋਸਤੀ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਤੇ ਉਨ੍ਹਾਂ (ਕੈਪਟਨ) ਵਿਚਾਲੇ ਤਿੱਖੀ ਦੂਸ਼ਣਬਾਜ਼ੀ ਵਿਚਾਲੇ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਉਨ੍ਹਾਂ ਪਾਰਟੀ ਦੀ ਸੂਬਾਈ ਇਕਾਈ ’ਚ ਅਜਿਹੀ ਅਰਾਜਕਤਾ ਕਦੀ ਨਹੀਂ ਦੇਖੀ। ਤਿਵਾੜੀ ਨੇ ਆਗੂਆਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਵਰਤੀ ਜਾ ਰਹੀ ਹੇਠਲੇ ਦਰਜੇ ਦੀ ਭਾਸ਼ਾ ’ਤੇ ਵੀ ਨਾਖੁਸ਼ੀ ਜ਼ਾਹਿਰ ਕੀਤੀ। ਤਿਵਾੜੀ ਨੇ ਸਵਾਲ ਕੀਤਾ ਕਿ ਕੀ ਪਾਰਟੀ ਨੂੰ ਲੱਗਦਾ ਹੈ ਕਿ ਰੋਜ਼ਾਨਾ ਅਜਿਹੀਆਂ ਚੀਜ਼ਾਂ ਹੋਣ ਨਾਲ ਲੋਕ ਨਿਰਾਸ਼ ਨਹੀਂ ਹੁੰਦੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਕੀ ਆਰੂਸਾ ਆਲਮ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਸਬੰਧ ਹਨ। ਇਸ ਮਗਰੋਂ ਅਮਰਿੰਦਰ ਸਿੰਘ ਨੇ ਰੰਧਾਵਾ ’ਤੇ ਨਿੱਜੀ ਮਾਮਲਿਆਂ ’ਚ ਦਖਲ ਦੇਣ ਦਾ ਦੋਸ਼ ਲਾਇਆ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਸ ਮਾਮਲੇ ’ਚ ਕੈਪਟਨ ’ਤੇ ਦੋਸ਼ ਲਾਏ ਸਨ। ਮਨੀਸ਼ ਤਿਵਾੜੀ ਨੇ ਅੱਜ ਕਈ ਟਵੀਟ ਕਰਕੇ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ, ਨਸ਼ਿਆਂ ਦੀ ਸਮੱਸਿਆ ਤੇ ਬਿਜਲੀ ਖਰੀਦ ਸਮਝੌਤਿਆਂ ਵਰਗੇ ਮੁੱਦਿਆਂ ਦੀ ਜਾਂਚ ਦੀ ਪ੍ਰਗਤੀ ’ਤੇ ਸਵਾਲ ਚੁੱਕੇ। ਉਨ੍ਹਾਂ ਇੱਕ ਇੰਟਰਵਿਊ ’ਚ ਉਨ੍ਹਾਂ ਦਾ ਹਵਾਲਾ ਦੇਣ ਵਾਲੇ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘ਕਿਉਂਕਿ ਤੁਸੀਂ (ਰਾਵਤ) ਇਕ ਇੰਟਰਵਿਊ ’ਚ ਮੇਰਾ ਹਵਾਲਾ ਦਿੱਤਾ ਸੀ। ਮੈਂ ਵੀ ਤੁਹਾਡਾ ਉਦੋਂ ਤੋਂ ਸਨਮਾਨ ਕਰਦਾ ਹਾਂ ਕਿ ਜਦੋਂ ਮੈਂ ਐੱਨਐੱਸਯੂਆਈ ਦੀ ਅਗਵਾਈ ਕਰਦਾ ਸੀ ਤੇ ਤੁਸੀਂ ਕਾਂਗਰਸ ਦੀ ਅਗਵਾਈ ਕਰਦੇ ਸੀ। ਹਾਲਾਂਕਿ ਕਾਂਗਰਸ ’ਚ ਮੇਰੇ 40 ਸਾਲਾਂ ਤੋਂ ਵੱਧ ਦੇ ਸਮੇਂ ’ਚ ਮੈਂ ਅਜਿਹੀ ਅਰਾਜਕਤਾ ਕਦੀ ਨਹੀਂ ਦੇਖੀ ਜੋ ਅੱਜ ਪੰਜਾਬ ’ਚ ਚੱਲ ਰਹੀ ਹੈ।’

ਉਨ੍ਹਾਂ ਟਵੀਟ ਕੀਤਾ, ‘ਇੱਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸਾਰੇ ਸਹਿਕਰਮੀ ਬੱਚਿਆਂ ਦੀ ਤਰ੍ਹਾਂ ਇੱਕ-ਦੂਜੇ ਨਾਲ ਜਨਤਕ ਤੌਰ ’ਤੇ ਝਗੜਦੇ ਹਨ। ਇੱਕ-ਦੂਜੇ ਖ਼ਿਲਾਫ਼ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹਨ। ਪਿਛਲੇ ਪੰਜ ਮਹੀਨਿਆਂ ਤੋਂ ਪੰਜਾਬ ਕਾਂਗਰਸ ਬਨਾਮ ਪੰਜਾਬ ਕਾਂਗਰਸ ਹੈ। ਕੀ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਰੋਜ਼ਾਨਾ ਹੋਣ ਵਾਲੀਆਂ ਅਜਿਹੀਆਂ ਚੀਜ਼ਾਂ ਤੋਂ ਨਿਰਾਸ਼ ਨਹੀਂ ਹੁੰਦੇ?’ ਉਨ੍ਹਾਂ ਕਿਹਾ, ‘ਉਨ੍ਹਾਂ ਮੁੱਦਿਆਂ ’ਤੇ ਕਿੱਥੇ ਪ੍ਰਗਤੀ ਹੋਈ ਹੈ ਜਿਨ੍ਹਾਂ ਨੂੰ ਲੈ ਕੇ ਇਨ੍ਹਾਂ ਵਿਧਾਇਕਾਂ ਤੇ ਹੋਰਨਾਂ ਨੇ ਪ੍ਰਦਰਸ਼ਨ ਕੀਤੇ ਸੀ। ਨਸ਼ੀਲੇ ਪਦਾਰਥ, ਬਿਜਲੀ ਪੀਪੀਏ, ਰੇਤੇ ਦੀ ਨਾਜਾਇਜ਼ ਮਾਈਨਿੰਗ। ਕੀ ਸੰਘਰਸ਼ ਅੱਗੇ ਵਧਿਆ ਹੈ?’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਜੋਤ ਸਿੱਧੂ ਨੇ ਚੰਨੀ ਸਰਕਾਰ ’ਤੇ ਮੁੜ ਸੇਧਿਆ ਨਿਸ਼ਾਨਾ
Next articleਮੀਂਹ ਤੇ ਗੜਿਆਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ