ਜਿਨ੍ਹਾਂ ਰਾਹਾਂ ਦੀ ਸਾਰ ਮੈਂ ਜਾਣਾ,ਉਨ੍ਹਾਂ ਰਾਹਾਂ ਤੋਂ ਮੈਨੂੰ ਮੁੜਨਾ ਪਿਆ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਸਾਡੀ ਮਾਂ ਬੋਲੀ ਪੰਜਾਬੀ ਦਾ ਗੀਤ ਹਰ ਇੱਕ ਪਾਠਕ ਨੇ ਸੁਣਿਆ ਹੋਵੇਗਾ ਜਿਸ ਵਿਚ ਹੁੰਦਾ ਹੈ।”ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਹਨੀ ਰਾਹੀਂ ਵੇ ਮੈਨੂੰ ਤੁਰਨਾ ਪਿਆ।”ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਬਹੁਤ ਵਧੀਆ ਢੰਗ ਨਾਲ ਗੀਤ ਗਾਇਆ ਸੀ ਜੋ ਸਾਨੂੰ ਅੱਜ ਲੋਕ ਗੀਤ ਲੱਗਦਾ ਹੈ।ਪਰ ਸਾਡੀ ਕੇਂਦਰ ਸਰਕਾਰ ਨੇ ਸਾਡੀ ਰੋਟੀ ਖੋਹਣ ਲਈ ਤੇ ਪੇਟ ਵਿਚ ਲੱਤ ਮਾਰਨ ਲਈ ਤਿੰਨ ਕਾਲੇ ਕਾਨੂੰਨ ਪਾਸ ਕੀਤੇ,ਸਾਡੇ ਮਜ਼ਦੂਰਾਂ ਤੇ ਕਿਸਾਨਾਂ ਨੇ ਕਿਵੇਂ ਮਿਲ ਕੇ ਜੰਗ ਲੜੀ ਤੇ ਜਾ ਕੇ ਦਿੱਲੀ ਨੂੰ ਘੇਰ ਲਿਆ ਸਾਰੀ ਦੁਨੀਆਂ ਜਾਣਦੀ ਹੈ।ਸਾਡੀਆਂ ਰਾਜਨੀਤਕ ਪਾਰਟੀਆਂ ਸੰਯੁਕਤ ਮੋਰਚੇ ਤੇ ਜਾ ਕੇ ਆਪਣੇ ਨੇਤਾਵਾਂ ਨੂੰ ਭੇਜ ਕੇ ਭਾਸ਼ਣ ਦੇਣ ਜਾਂ ਰੰਗ ਵਿੱਚ ਭੰਗ ਪਾਉਣ ਲਈ ਭੇਜਦੀਆਂ ਰਹੀਆਂ ਪਰ ਸਾਡੇ ਯੋਧਿਆਂ ਨੇ ਉਨ੍ਹਾਂ ਨੂੰ ਨੇਡ਼ੇ ਕੀ ਲੱਗਣ ਦੇਣਾ ਸੀ।

ਪਾਠਕੋ ਸੱਤਰਵੇਂ ਦਹਾਕੇ ਤੋਂ ਪਹਿਲਾਂ ਕਿਸੇ ਵੀ ਰਾਜਨੀਤਕ ਪਾਰਟੀ ਵਿਧਾਨ ਸਭਾ ਜਾਂ ਕੇਂਦਰ ਵਿੱਚ ਹੁੰਦੀ ਸੀ।ਉਨ੍ਹਾਂ ਨੂੰ ਆਪਣੀ ਕੁਰਸੀ ਦਾ ਨਹੀਂ ਲੋਕ ਸੇਵਾ ਦਾ ਜ਼ਿਆਦਾ ਪਤਾ ਹੁੰਦਾ ਸੀ,ਕਿਉਂਕਿ ਆਜ਼ਾਦੀ ਤੋਂ ਬਾਅਦ ਸਾਡੇ ਅਨਾਜ ਦੇ ਭੰਡਾਰ ਖਾਲੀ ਤੇ ਕੱਚੇ ਰਸਤੇ ਤੁਰ ਕੇ ਸਾਡੇ ਨੇਤਾਵਾਂ ਨੇ ਦੇਖੇ ਹੋਏ ਸਨ।ਜਿਹੜੇ ਪਿੰਡ ਸ਼ਹਿਰ ਜਾਂ ਜਿਹੜੇ ਰਸਤੇ ਥਾਈਂ ਉਹ ਨੇਤਾ ਗੁਜ਼ਰਦੇ,ਉਥੋਂ ਦੀ ਜਨਤਾ ਦੀਆਂ ਮੁਸ਼ਕਲਾਂ ਤੇ ਰਸਤਿਆਂ ਨੂੰ ਕਿਵੇਂ ਠੀਕ ਕਰਨਾ ਹੈ।ਇਸ ਦਾ ਐਲਾਨ ਬਹੁਤ ਜਲਦੀ ਹੋ ਜਾਂਦਾ ਸੱਤਰਵੇਂ ਦਹਾਕੇ ਵਿੱਚ ਪਿੰਡਾਂ ਤੇ ਸ਼ਹਿਰਾਂ ਨੂੰ ਸੜਕਾਂ ਨਾਲ ਜੋੜਿਆ ਗਿਆ ਤੇ ਸਰਕਾਰੀ ਬੱਸਾਂ ਵੀ ਲਗਾ ਦਿੱਤੀਆਂ ਗਈਆਂ।ਨੇਤਾਵਾਂ ਜੀ ਨੇ ਜਿਨ੍ਹਾਂ ਰਾਹਾਂ ਦੀ ਆਪਾਂ ਸਾਰ ਵੀ ਨਹੀਂ ਜਾਣਦੇ ਸੀ ਉਨ੍ਹਾਂ ਨੂੰ ਪੱਕੇ ਬਣਾ ਦਿੱਤਾ ਤੇ ਜਾਣ ਦਾ ਰਸਤਾ ਬਹੁਤ ਸੌਖਾ ਕਰ ਦਿੱਤਾ।ਸਾਡੇ ਉਹ ਨੇਤਾ ਤੇ ਉਨ੍ਹਾਂ ਦੇ ਕੀਤੇ ਕੰਮ ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਲੋਕ ਰਾਜ ਕੀ ਹੁੰਦਾ ਹੈ।

ਨੌਂ ਮਹੀਨੇ ਤੋਂ ਸੰਯੁਕਤ ਮੋਰਚਾ ਦਿੱਲੀ ਵਿੱਚ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਧਰਨਾ ਲਗਾ ਕੇ ਬੈਠਾ ਹੈ ਗਰਮੀ ਸਰਦੀ ਬਰਸਾਤ ਕਿੰਨੀਆਂ ਮੁਸ਼ਕਲਾਂ ਸਾਡੇ ਵੀਰ ਭੈਣ ਭਰਾ ਅਤੇ ਬੱਚੇ ਝੱਲ ਰਹੇ ਹਨ ਸਾਰੀ ਦੁਨੀਆਂ ਦੇ ਸਾਹਮਣੇ ਹੈ।ਪਰ ਸਾਡੀ ਕੇਂਦਰੀ ਸਰਕਾਰ ਮੈਂ ਨਾ ਮਾਨੂੰ ਵਾਲਾ ਰਾਗ ਲਗਾਤਾਰ ਅਲਾਪ ਰਹੀ ਹੈ,ਇਹ ਕਾਨੂੰਨ ਕਿਸਾਨਾਂ ਤੇ ਮਜ਼ਦੂਰਾਂ ਦੇ ਫ਼ਾਇਦੇ ਲਈ ਹਨ,ਕਿਸਾਨਾਂ ਨੂੰ ਸਮਝ ਨਹੀਂ ਆਏ।ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਿੱਲੀ ਪਹੁੰਚਣ ਲਈ ਕਿੰਨੀਆਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਤੇ ਦਿੱਲੀ ਤੋਂ ਮੋਰਚੇ ਉਠਾਉਣ ਲਈ ਕਿੰਨੇ ਘਟੀਆ ਤਰੀਕੇ ਵਰਤੇ ਗਏ ਪਰ ਆਜ਼ਾਦੀ ਪ੍ਰਾਪਤ ਕਰਨ ਵਾਲੇ ਯੋਧਿਆਂ ਦੀ ਔਲਾਦ ਕੁਰਬਾਨੀਆਂ ਦੇਣੀਆਂ ਜਾਣਦੀ ਹੈ ਪਿੱਛੇ ਤਾਂ ਹਟਾਉਣ ਵਾਲਾ ਨਾ ਕੋਈ ਪੈਦਾ ਹੋਇਆ ਹੈ ਨਾ ਹੋਵੇਗਾ।

ਰਾਜਨੀਤਕ ਪਾਰਟੀਆਂ ਦਾ ਫਰਜ਼ ਬਣਦਾ ਸੀ ਸੰਯੁਕਤ ਮੋਰਚੇ ਵਿਚ ਜਾ ਕੇ ਬੈਠਦੇ ਤੇ ਕਾਨੂੰਨ ਰੱਦ ਕਰਾਉਣ ਵਿਚ ਪੂਰੇ ਸਹਾਇਕ ਬਣਦੇ,ਪਰ ਜਿਹੜੇ ਕਾਨੂੰਨ ਪਾਸ ਹੋਣ ਵੇਲੇ ਕਦੇ ਬਾਹਰ ਨਿਕਲ ਗਏ ਕਦੇ ਅੰਦਰ ਆ ਗਏ ਦਾ ਤਾਂਡਵ ਨਾਚ ਨੱਚਦੇ ਰਹੇ,ਉਹ ਕੁਝ ਕਰਨਗੇ “ਝੋਟਿਆਂ ਦੇ ਘਰੋਂ ਲੱਸੀ ਭਾਲਣ ਦੇ ਬਰਾਬਰ ਹੈ” ਇਸ ਵਾਰ ਸੰਸਦ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਸੰਯੁਕਤ ਮੋਰਚੇ ਨੇ ਲੋਕ ਵਿਪ ਜਾਰੀ ਕਰ ਦਿੱਤਾ,ਜਿਹੜੀ ਰਾਜਨੀਤਕ ਪਾਰਟੀ ਜਾਂ ਨੇਤਾ ਕਿਸਾਨਾਂ ਦੇ ਹੱਕ ਵਿਚ ਨਹੀਂ ਬੋਲੇਗਾ ਉਨ੍ਹਾਂ ਦਾ ਨਾਮ ਦਰਜ ਕਰ ਲਿਆ ਜਾਵੇਗਾ,ਫਿਰ ਵੋਟਾਂ ਤਾਂ ਪਿੰਡਾਂ ਵਿੱਚ ਹੀ ਲੈਣ ਆਉਣਾ ਹੈ।ਲੋਕ ਸਭਾ ਅਤੇ ਰਾਜ ਸਭਾ ਵਿਚ ਸਹਿਯੋਗ ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਦਿੱਤਾ।ਵੱਡੀ ਜਿੱਤ ਸੰਯੁਕਤ ਮੋਰਚੇ ਦੀ ਉਹ ਸੀ ਜਦੋਂ ਉਨ੍ਹਾਂ ਦੀ ਸੰਸਦ ਵਿੱਚ ਆ ਕੇ ਰਾਜਨੀਤਕ ਪਾਰਟੀਆਂ ਦੇ ਐੱਮ ਪੀ ਕੁਰਸੀਆਂ ਤੇ ਬੈਠ ਕੇ ਦੋ ਘੰਟੇ ਉਨ੍ਹਾਂ ਦੇ ਵਿਚਾਰ ਸੁਣਦੇ ਰਹੇ ਜੋ ਕਿ ਕਿਸਾਨ ਮੋਰਚੇ ਦੀ ਜਿੱਤ ਦਾ ਨੀਂਹ ਪੱਥਰ ਹੈ।

ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਸਾਰੀਆਂ ਰਾਜਨੀਤਕ ਪਾਰਟੀਆਂ ਕਿਸਾਨ ਮੋਰਚੇ ਨੂੰ ਭੁੱਲ ਕੇ ਆਪਣੀਆਂ ਚੋਣਾਂ ਦੀ ਤਿਆਰੀ ਵਿੱਚ ਰੁੱਝ ਗਈਆਂ,ਭੁੱਲ ਗਏ ਕਿ ਸਾਨੂੰ ਵੋਟਾਂ ਪਾਉਣ ਵਾਲੇ ਮੋਰਚੇ ਵਿੱਚ ਦਿੱਲੀ ਬੈਠੇ ਹਨ।ਚੋਣਾਂ ਦੀ ਤਿਆਰੀ ਦੇਖ ਕੇ ਸਾਡੇ ਪੇਂਡੂ ਭੈਣਾਂ ਭਰਾਵਾਂ ਨੇ ਖਾਸ ਬੋਰਡ ਲਗਾ ਦਿੱਤੇ ਕਿ ਜੋ ਵੀ ਰਾਜਨੀਤਕ ਪਾਰਟੀ ਦਾ ਨੇਤਾ ਸਾਡੇ ਪਿੰਡ ਵਿਚ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਆਵੇਗਾ ਉਹ ਖ਼ੁਦ ਜ਼ਿੰਮੇਵਾਰ ਹੈ।ਫੇਰ ਜਿਹੜੇ ਰਾਹਾਂ ਦੀ ਸਾਰ ਵੀ ਨਹੀਂ ਜਾਣਦੇ ਸਨ ਨਵੇਂ ਰਾਹ ਬਣਾ ਕੇ,ਕਿਸੇ ਖ਼ਾਸ ਪ੍ਰੋਗਰਾਮ ਤੇ ਜਾਣ ਦੇ ਤਰੀਕੇ ਬਣਾਉਣ ਲੱਗੇ।ਹਰਿਆਣਾ ਦੇ ਭੈਣਾਂ ਭਰਾਵਾਂ ਨੇ ਉਨ੍ਹਾਂ ਨਾਲ ਜੋ ਕੁਝ ਕੀਤਾ ਉਹ ਇਕ ਇਤਿਹਾਸਕ ਕਦਮ ਹੈ,ਆਜ਼ਾਦੀ ਦਿਵਸ ਨੂੰ ਨੇਤਾਵਾਂ ਨੂੰ ਝੰਡੇ ਝੁਲਾਉਣ ਜੋਗੇ ਵੀ ਨਹੀਂ ਛੱਡਿਆ।ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਵੇਲੇ ਰਾਜਨੀਤਕ ਪਾਰਟੀਆਂ ਨੂੰ ਭੱਜੇ ਜਾਂਦਿਆਂ ਨੂੰ ਵਾਹਣ ਨਹੀਂ ਲੱਭੇ,ਇਹ ਆਉਣ ਵਾਲੀਆਂ ਚੋਣਾਂ ਵਿੱਚ ਸਾਡੀ ਜਿੱਤ ਦੇ ਨਿਸ਼ਾਨ ਹਨ।

ਮੇਰੇ ਪੰਜਾਬ ਦੇ ਭੈਣੋਂ ਭਰਾਵੋ ਧਰਨੇ ਆਪਾਂ ਨੇ ਚਾਲੂ ਕੀਤੇ ਆਪਣੀ ਸਿੱਖਿਆ ਨਾਲ,ਪੂਰੀ ਦੁਨੀਆ ਦੇ ਕਿਸਾਨ ਜਾਗ ਉਠੇ ਹਨ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਤਾਂ ਨੇਤਾਵਾਂ ਦੀ ਸੇਵਾ ਕਿਵੇਂ ਕਰਨੀ ਹੈ ਸਭ ਨੂੰ ਵਿਖਾ ਦਿੱਤੀ ਹੈ।ਹੁਣ ਰਾਜਨੀਤਕ ਪਾਰਟੀਆਂ ਦੀਆਂ ਬਹੁਤ ਰੈਲੀਆ ਹੋਣਗੀਆ ਇਹ ਰੈਲੀਆਂ ਵਿਚ ਆਪਣਾ ਜਾਣ ਦਾ ਕੋਈ ਕੰਮ ਨਹੀਂ।ਆਪਣੇ ਪਿੰਡਾਂ ਦੀਆਂ ਫਿਰਨੀਆਂ ਤੇ ਬੋਰਡ ਲਗਾ ਦੇਵੋ ਕਿ “ਪਹਿਲਾਂ ਕਾਨੂੰਨ ਰੱਦ ਕਰਾਓ ਫੇਰ ਸਾਡੇ ਪਿੰਡ ਆਓ।” ਸੰਯੁਕਤ ਮੋਰਚੇ ਦੀ ਜਿੱਤ ਕੰਧ ਤੇ ਉਤੇ ਉੱਕਰੀ ਹੋਈ ਹੈ ਮੇਰੇ ਲੇਖ ਦਾ ਵਿਸ਼ਾ ਹੁਣ ਸਾਡੇ ਨੇਤਾਵਾਂ ਨੂੰ ਗੁਣਗੁਣਾਉਣਾ ਪਵੇਗਾ” ਜਿਨ੍ਹਾਂ ਰਾਹਾਂ ਦੀ ਸਾਰ ਮੈਂ ਜਾਣਾ ਉਨ੍ਹਾਂ ਰਾਹਾਂ ਤੋਂ ਮੈਨੂੰ ਮੁੜਨਾ ਪਿਆ।”ਇਸ ਇਨਕਲਾਬੀ ਜਿੱਤ ਵਿਚੋਂ ਨਵੇਂ ਰਸਤੇ ਬਣਾਏ ਜਾਣਗੇ ਜਿਨ੍ਹਾਂ ਤੇ ਨੇਤਾਵਾਂ ਤੇ ਰਾਜਨੀਤਕ ਪਾਰਟੀਆਂ ਨੂੰ ਚੱਲਣਾ ਪਵੇਗਾ।ਭੁੱਲ ਜਾਓ ਸੱਤ ਦਹਾਕਿਆਂ ਤੋਂ ਆਪਣੀਆਂ ਵੋਟਾਂ ਨਾਲ ਇਨ੍ਹਾਂ ਨੂੰ ਜਿਤਾ ਕੇ ਇਹਨਾਂ ਤੋਂ ਹੀ ਹਾਰਦੇ ਆਏ ਹਾਂ।ਆਪਣੀ ਵੋਟ ਦੀ ਕੀਮਤ ਪਹਿਚਾਣੋ ਕੋਈ ਵੀ ਰਾਜਨੀਤਕ ਪਾਰਟੀ ਦੇ ਨੇਤਾ ਸੁੱਕਾ ਨਾ ਲੰਘ ਜਾਵੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਹਿਰਾ ਛੰਦ
Next articleਤਰਕਸ਼ੀਲਾਂ ਵੱਲੋਂ ‘ਖੇਤੀ ਸੰਕਟ ਤੇ ਵਿਗਿਆਨਕ ਪਹੁੰਚ, ਪੁਸਤਕ ਕਿਸਾਨਾਂ ਵਿੱਚ ਵੰਡੀ