ਭੁੱਲ ਗਏ ਸਵਾਦ ਮੈਂਨੂੰ 

ਰਿਤੂ ਵਾਸੂਦੇਵ
 (ਸਮਾਜ ਵੀਕਲੀ)
ਭੁੱਲ ਗਏ ਸਵਾਦ ਮੈਂਨੂੰ
ਹੁਣ ਸ਼ੈਆਂ ਸਾਰੀਆਂ ਦੇ
ਟੁੱਕਰ ਫ਼ਕੀਰੀ ਵਾਲ਼ਾ ਖਾ ਕੇ
ਰੰਗ ਦੇ ਫ਼ਰੋਜ਼ੀ ਖ਼ਤ
ਘੱਲੇ ਸੀ ਜੋ ਸੂਫ਼ੀਆਂ ਨੇ
ਰੱਖੇ ਤੈਥੋਂ ਅੰਮੀਏ ਲੁਕਾ ਕੇ!
ਵੱਖਰਾ ਵਜੂਦ ਮੇਰਾ
ਦੱਸ ਕਿੱਦਾਂ ਉਹਦੇ ਕੋਲ਼ੋਂ
ਰੂਹ ਦਾ ਜੇ ਓਹੀ ਹੱਕਦਾਰ ਨੀ,
ਲੰਮੀਆਂ ਤਲਾਸ਼ਾਂ ਪਿੱਛੋਂ
ਹੋਇਆ ਏ ਨਸੀਬ ਮੈਂਨੂੰ
ਮਸਾਂ ਮੇਰੇ ਮੇਚ ਦਾ ਮਜ਼ਾਰ ਨੀ!
ਕੂਲ਼ੀਆ ਸੁਗੰਧਾਂ ਮੇਰੇ
ਕੋਲ਼ੋਂ ਹੋ-ਹੋ ਲੰਘ ਗਈਆਂ
ਥੱਕੀਆਂ ਤੇ ਹਾਰੀਆਂ ਵਿਚਾਰੀਆਂ,
ਖਾ ਗਿਆ ਵਿਜੋਗ ਸਾਨੂੰ
ਮੁੜ-ਮੁੜ ਜੰਮਣੇ ਦਾ
ਲੱਥੀਆਂ ਨਾ ਫੇਰ ਵੀ ਉਧਾਰੀਆਂ!
ਰੂਹ ਨਾਲ਼ੋਂ ਸੱਖਣੇ
ਸਰੀਰਾਂ ਨਾਲ਼ ਮੋਹ ਕਾਹਦਾ
ਖੌਰ੍ਹੇ ਕਦੋਂ ਖੁੱਲ੍ਹ ਜਾਵੇ ਗੰਢ ਨੀ,
ਜੱਗ ਦੇ ਬਣਾਏ
ਏਡੇ ਕੀਮਤੀ ਰਿਵਾਜ ਵਾਲ਼ੀ
ਸਾਥੋਂ ਤਾਂ ਨੀ ਚੁੱਕੀ ਜਾਂਦੀ ਪੰਡ ਨੀ!
ਪਾਵੀਂ ਨਾ ਸੁਹਾਗ ਵਾਲ਼ਾ
ਜੋੜਾ ਮੈਂਨੂੰ ਅੰਮੀਏਂ ਨੀ
ਰੰਗ ਦੀਆਂ ਕੱਚੀਆਂ ਨੇ ਮਹਿੰਦੀਆਂ,
ਕਿੰਝ ਤੈਨੂੰ ਦੱਸਾਂ ਨੀ ਮੈਂ?
ਕਿਹੜਿਆਂ ਰੰਗਾਂ ਦੇ ਵਿੱਚ?
ਅੱਖੀਆਂ ਗੁਲਾਬੀ ਹੋਈਆਂ ਰਹਿੰਦੀਆਂ!
ਝਿੜਕ ਦਵੀਂ ਨਾ ਐਵੇਂ
ਬੂਹੇ ਵਿੱਚ ਆਇਆ ਕੋਈ
ਮੁੰਦਰਾਂ ਪਵਾ ਕੇ ਮੈਨੂੰ ਲੈਣ ਨੀ,
ਸਾਡਿਆਂ ਪੈਰਾਂ ‘ਚ ਪਾ ਕੇ
ਤੌਰ ਦੇਈਂ ਖੜ੍ਹਾਵਾਂ
ਤੇਰੇ ਵੱਸਦੇ ਚੁਬਾਰੇ ਸਦਾ ਰਹਿਣ ਨੀ!
ਤੇਰਿਆਂ ਹੀ ਵਿਹੜਿਆਂ ‘ਚ
ਖੇਡ ਮੈਂ ਜਵਾਨ ਹੋਈ
ਕੁੱਖ ‘ਚ ਹੰਢਾਇਆ ਤੇਰੀ ਸੋਗ ਨੀ,
ਜਿਗਰਾ ਵਡੇਰਾ ਰੱਖ
ਕਰ ਦੇ ਵਿਦਾ ਮੈਂਨੂੰ
ਤੋੜਦੇ ਜਮਾਂਦਰੂ ਇਹ ਰੋਗ ਨੀ!
ਕਾਹਨੂੰ ਐਵੇਂ ਰੱਖਦੀ ਏਂ
ਮੰਦਰਾਂ ‘ਚ ਪਈਆਂ ਇਹਨਾਂ
ਮਿੱਟੀ ਦੀਆਂ ਮੂਰਤਾਂ ‘ਤੇ ਆਸ ਨੀ,
ਇਹਨਾਂ ਵੀ ਤਾਂ ਕੱਟਿਆ ਏ
ਜ਼ਿੰਦਗੀ ਦੇ ਅੱਧ ਜਿੰਨਾ
ਲੇਖਾਂ ‘ਚ ਲਿਖਾਇਆ ਬਣਵਾਸ ਨੀ!
ਚੰਗਿਆਂ ਮੁਕੱਦਰਾਂ ਨਾ
ਕਾਸਿਆਂ ਦੇ ਵਿੱਚ ਪੈਂਦੀ
ਰੱਤ ਸਾਡੀ ਵੇਦਨਾ ਦੀ ਡੁੱਲ੍ਹ ਕੇ,
ਹੱਥਾਂ ਉੱਤੇ ਨਹੀਂਓਂ ਨੀ
ਲਕੀਰ ਸਾਡੇ ਵੱਸਣੇ ਦੀ
ਦੱਸ ਦਿੱਤਾ ਅੱਜ ਤੈਨੂੰ ਖੁੱਲ੍ਹ ਕੇ!
ਏਨੀ ਭੱਜ ਟੁੱਟ ਨਾਲ਼ੋਂ
ਟੁੱਟ ਜਾਏ ਵਜੂਦ ਮੇਰਾ
ਮੁੱਕ ਜਾਵੇ ਰਸਮਾਂ ਦਾ ਦੁੱਖ ਨੀ,
ਖੌਰੇ ਕਿੰਨੇ ਯੁੱਗਾਂ ਪਿੱਛੋਂ
ਮੇਲ਼ ਹੋਵੇ ਫੇਰ ਸਾਡਾ
ਮਿਲ਼ੇ ਮੈਂਨੂੰ ਫੇਰ ਤੇਰੀ ਕੁੱਖ ਨੀ!
~ ਰਿਤੂ ਵਾਸੂਦੇਵ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦ ਕੱਲੀ ਤੇ ਮਲਾਜੇਦਾਰ ਬਾਹਲੇ, ਮੈਂ ਕੀਹਦਾ- ਕੀਹਦਾ ਮਾਣ ਰੱਖ ਲਾ-
Next articleਬੁੱਧ ਚਿੰਤਨ/ ਕੀ ਜ਼ੋਰ ਗ਼ਰੀਬਾਂ ਦਾ, ਮਾਰੀ ਝਿੜਕ ਸੋਹਣਿਆਂ ਮੁੜ ਗਏ!