ਮੈਂ ਖ਼ਾਲੀ ਹੋ ਰਹੀ ਹਾਂ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ)

ਮੈਂ ਆਪਣਾ ਆਪ ਖੰਗਾਲ ਰਹੀ ਹਾਂ
ਨਿੱਤਰ ਰਿਹਾ ਐ ਕਈ ਕੁੱਝ
ਸਾਫ਼ ਹੋ ਰਹੀ ਹੈ ਤਸਵੀਰ
ਤਸਵੀਰ ਤੇ ਸਾਫ਼ ਕੱਪੜਾ ਫੇਰਦਿਆਂ
ਜ਼ਰੂਰੀ ਅਤੇ ਗ਼ੈਰ ਜ਼ਰੂਰੀ ਦੀ
ਪਰਿਭਾਸ਼ਾ ਬਦਲ ਗਈ ਹੈ
ਬੇਲੋੜੇ ਪਦਾਰਥਾਂ ਨੂੰ ਇੱਕ ਇੱਕ ਕਰਕੇ
ਕਬਾੜਖਾਨੇ ਵਿੱਚ ਸੁੱਟ ਦਿੱਤਾ ਹੈ
ਕੁੱਝ ਨਕਲੀ ਹਾਸੇ
ਫੋਕੇ ਰੰਗ ਤਮਾਸ਼ੇ
ਕੁਰਲਾਉਂਦੇ ਮਨ, ਸਜੇ ਧਜੇ ਤਨ
ਗੰਧਲਾ ਕੀਤਾ ਸੀ ਇਹਨਾਂ ਨੇ
ਅੰਤਰ-ਮਨ
ਸਭ ਬਾਹਰ ਕੱਢ ਰਹੀ ਹਾਂ
ਮੈਂ ਖਾਲੀ ਹੋ ਰਹੀ ਹਾਂ

ਖੁਸ਼ੀਆਂ ਦਾ ਖੇੜਾ
ਚਾਵਾਂ ਨਾਲ ਭਰਿਆ ਵਿਹੜਾ
ਇਹ ਮੇਰੇ ਹਿੱਸੇ ਦੀ ਬਹਾਰ
ਯਾ ਫੇਰ ਪਖੰਡਾਂ ਨੂੰ ਨਿਖਾਰ
ਅਦਾਕਾਰੀ ਬੇਮਿਸਾਲ
ਨਪੁੰਸਕ ਨਿਯਮਾਂ ਦੀ
ਲੰਬੀ ਲਿਸਟ
ਆਨ ਬਾਨ ਸ਼ਾਨ
ਜਾਂ ਕਿ ਮਹਿਜ਼
ਝੂਠ ਦੇ ਪੁਲੰਦੇ
ਸਭ ਸਾੜ ਕੇ ਸਵਾਹ ਕਰ ਰਹੀ ਹਾਂ
ਮੈਂ ਖਾਲੀ ਹੋ ਰਹੀ ਹਾਂ

ਇਲਜ਼ਾਮ ਤੇ ਇਲਜ਼ਾਮ
ਸਹਿਣ ਕਰ ਲਏ
ਸੰਸਕਾਰਾਂ ਦੇ ਮੁਖੌਟੇ ਪਿੱਛੇ
ਬੰਨ੍ਹਿਆ ਜੋ ਹੋਇਆ ਸੀ ਖੁਦ ਨੂੰ
ਉਨ੍ਹਾਂ ਗੁਨਾਹਾਂ ਦੀਆਂ
ਜਿਹੜੇ ਕਦੇ ਕੀਤੇ ਹੀ ਨਹੀਂ
ਕਰੜੀਆਂ ਸਜ਼ਾਵਾਂ
ਯੁਗਾਂ ਯੁਗਾਂ ਤੋਂ ਭੁਗਤ ਰਹੀ ਹਾਂ
ਜੱਜ ਬਦਲਦੇ ਰਹੇ
ਬੇਗੁਨਾਹ ਉਹੀ ਰਹੇ
ਵਕੀਲ ਤਾਂ ਮਿਲੇ
ਪਰ ਵਕਾਲਤ ਦੇ ਦੋਸ਼ ਵਿੱਚ
ਦੋਸ਼ੀ ਕਰਾਰ ਦੇ ਦਿੱਤੇ ਗਏ
ਹੁਣ ਆਪਣੇ ਆਪ ਨੂੰ ਆਪ ਹੀ
ਦੋਸ਼ ਮੁਕਤ ਕਰ ਰਹੀ ਹਾਂ
ਮੈਂ ਬਾਗ਼ੀ ਹੋ ਰਹੀ ਹਾਂ
ਮੈਂ ਖਾਲੀ ਹੋ ਰਹੀ ਹਾਂ

ਸੁਪਨੇ ਜੋ ਆਊਟ ਡੇਟਿਡ ਹੋ ਗਏ
ਜੰਗਾਲੇ ਗਏ, ਖੁਰ ਗਏ
ਜ਼ਹਿਰ ਬਣ ਕੇ ਬੀਮਾਰ ਕਰ ਰਹੇ ਸਨ
ਕਈ ਜਜ਼ਬਾਤ ਤੇ ਅਹਿਸਾਸ
ਜਿਨ੍ਹਾਂ ਨੂੰ ਮਾਣਨ ਦੀ ਆਖ਼ਰੀ ਮਿਤੀ
ਪਤਾ ਨਹੀਂ ਕਦੋਂ ਦੀ ਨਿਕਲ ਚੁੱਕੀ ਹੈ
ਇਹ ਵੀ ਸਾਰੇ ਦੇ ਸਾਰੇ
ਕੂੜੇ ਦਾਨ ਵਿੱਚ ਵਗਾਹ ਮਾਰੇ ਨੇ
ਥਾਂ ਬਣਾ ਰਹੀ ਹਾਂ
ਨਵੇਂ ਨਰੋਏ ਹਾਸਿਆਂ ਲਈ
ਹੱਦਾਂ ਆਪਣੀਆਂ
ਆਪ ਉਲੀਕਣ ਲੱਗੀ ਹਾਂ
ਘੁੰਮੀਂ ਜਾ ਰਹੀ ਸੀ
ਇੱਕੋ ਥਾਂ ਤੇ ਬਾਰ ਬਾਰ
ਕੋਹਲੂ ਦਾ ਬੈਲ ਬਣ
ਅੱਖਾਂ ਤੇ ਬੰਨ੍ਹੀ ਪੱਟੀ
ਖੋਲ੍ਹ ਰਹੀ ਹਾਂ
ਮੈਂ ਖਾਲੀ ਹੋ ਰਹੀ ਹਾਂ
ਗੰਧਲੀ ਪੌਣ ਦੀ ਥਾਂ
ਅੰਦਰ ਤਾਜ਼ੀ ਹਵਾ ਵਗ ਰਹੀ ਹੈ
ਮੈਂ ਹੁਣ ਸਾਹ ਲੈ ਰਹੀ ਹਾਂ
ਜ਼ਿੰਦਗੀ ਜਿਉਣ ਲੱਗੀ ਹਾਂ
ਮੈਂ ਖਾਲੀ ਹੋਣ ਲੱਗੀ ਹਾਂ!
—–
ਬੌਬੀ ਗੁਰ ਪਰਵੀਨ

Previous articleਪ੍ਰਬੁੱਧ ਭਾਰਤ ਫਾਉਡੈਂਸਨ ਵੱਲੋਂ 15 ਵੀੰ ਪੁਸਤਕ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆ ਬਣਾਇਆ ਗਿਆ ਸੈਂਟਰ।
Next articleਬੁੱਧ ਵਿਵੇਕ