* ਮਾਂ ਦੀ ਕੁੱਖ ‘ਚੋਂ ਰਹੀ ਹਾਂ ਬੋਲ*

ਵਿਰਕ ਪੁਸ਼ਪਿੰਦਰ
(ਸਮਾਜ ਵੀਕਲੀ)
ਪਿਆਰੇ ਬਾਪੂ ਜੀ
 ਮੈਂ ਮਾਂ ਦੀ ਕੁੱਖ ‘ਚੋਂ ਰਹੀ ਹਾਂ ਬੋਲ
ਇੱਥੇ ਮੈਂ ਪੜ੍ਹ ਲਿਆ
 ਮਾਂ ਦੇ ਮਨ ਨੂੰ ਸਾਰੇ ਦਾ ਸਾਰਾ
 ਜਿਹੜੇ ਰਹੱਸਮਈ ਮਨ ਨੂੰ
ਮਾਂ ਪਲ ਪਲ ਰੂਪ ਵਟਾ
ਰਹੀ ਅੰਦਰ ਹੀ ਅੰਦਰ ਮਾਰਦੀ
 ਸੋ ਇਸ ਵਾਰ ਮੈਂ
 ਮਾਂ ਨੂੰ ਨਹੀਂ ਕਰਾਂਗੀ ਸੰਬੋਧਨ
 ਉਹਨੇ ਤਾਂ ਮੈਨੂੰ
 ਉਹੀ ਪਾਠ ਪੜ੍ਹਾਉਣਾ
 ਜੋ ਮੇਰੀ ਮਾਂ ਦੀ ਮਾਂ ਨੇ
 ਉਸਨੂੰ ਸਿਖਾਇਆ
 ਸਬਰ ਸੰਤੋਖ ਹਲੀਮੀ
ਤੇ ਚੁੱਪ ਨਾਲ ਬੁੱਲ੍ਹਾਂ ਨੂੰ ਸਿਉਂਣਾ
 ਤੈਨੂੰ ਹੀ ਹੋਵਾਂਗੀ ਮੁਖ਼ਾਤਿਬ ਬਾਪੂ
ਆ ਰਹੀ ਹਾਂ ਮੈਂ
ਛੇਤੀ ਹੀ ਇਸ ਦੁਨੀਆਂ ‘ਚ
ਆਪਣੇ ਹਿੱਸੇ ਦਾ ਅਸਮਾਨ
 ਤੇ ਆਪਣੇ ਹਿੱਸੇ ਦੀ ਧਰਤੀ ਨਾਪਣ
ਪਰ ਇਕ ਅਰਜ਼ ਹੈ ਤੈਨੂੰ ਮੇਰੀ
 ਮੇਰੇ ਜਨਮ ਉੱਤੇ
ਉਹ ਗੁਲਾਬੀ ਰੰਗ ਦੀ ਗੁੱਡੀ ਤੇ ਪਟੋਲੇ
 ਨਾ ਰੱਖੀਂ ਖਰੀਦ
  ਨਹੀਂ ਖੇਡਣਾ ਮੈਂ ਭਾਵੁਕਤਾ ਦਾ ਖੇਡ
  ਤੂੰ ਮੇਰੇ ‘ਚ ਆਤਮ ਵਿਸ਼ਵਾਸ ਭਰੀ
ਮੈਂ ਲੜ੍ਹ ਸਕਾਂ ਹਰ ਮੁਸ਼ਕਿਲ ਨਾਲ
ਮੈਨੂੰ ਪਤਾ ਬਾਪੂ
ਇਸ ਜ਼ਾਲਮ ਦੁਨੀਆਂ ‘ਚ
ਮੈਨੂੰ ਕਿਵੇਂ ਪਲ ਪਲ ਮਰਨਾ ਪੈਣਾ
 ਜਦ ਹੋਵਾਂਗੀ ਚਾਰ ਸਾਲ ਦੀ
ਕੋਈ ਚਾਕਲੇਟ ਤੇ ਟਾਫ਼ੀਆਂ ਬਹਾਨੇ
ਕਿਵੇਂ ਕਰੇਗਾ ਵਾਰ
ਮੇਰੀ ਤੋਤਲੀ ਬੋਲੀ ਉੱਤੇ
ਜਦ ਜਾਵਾਂਗੀ ਸਕੂਲ ਪਡ਼੍ਹਨ
ਕੌਣ ਕਦੋਂ ਤੇ ਕਿੱਥੇ ਕੁਚਲੇਗਾ
 ਮੇਰੀ ਮਾਸੂਮੀਅਤ ਨੂੰ
ਜਦ ਹੋਵਾਂਗੀ ਜਵਾਨ
ਅੱਤ ਕੋਕਾ ਤੇ ਪੁਰਜਾ ਕਹਿ
 ਕਰਨਗੇ ਸੰਬੋਧਨ ਮੈਂਨੂੰ
ਆਪਣੀ ਹੀ ਮਾਂ ਬੋਲੀ ਵਿੱਚ
ਆਪਣੀ ਗੁੱਡੀ ਦਾ ਵਿਆਹ
 ਕਰਦੇ ਕਰਦੇ
 ਮੇਰੇ ਸੁਪਨਿਆਂ ਨੂੰ ਵੀ ਸਿਰਜੇਗਾ
 ਜਦ ਇੱਕ ਰਾਜਕੁਮਾਰ
ਫਿਰ ਮੇਰੇ ਸੁਪਨਿਆਂ ਵਿੱਚ ਆ ਡਰਾਉਣਗੀਆਂ
ਇਕ ਅੱਖ ਮੀਚ ਕੇ ਨੱਕ ਸਕੋੜਦੀਆਂ
 ਇੱਕ ਦੂਜੀ ਦੇ ਕੰਨ੍ਹਾਂ ਵਿੱਚ
 ਫੁਸ-ਫਸਾਉਂਦੀਆਂ
 ਪਿੰਡ ਦੀਆਂ ਉਹ
ਕਮੀਨੀਆਂ ਔਰਤਾਂ
ਜੋ ਖ਼ੁਦ ਔਰਤ ਹੋਣ ਦਾ ਲਾਹਾ ਲੈ
ਔਰਤ ਦੇ ਨਾਮ ‘ਤੇ ਧੱਬਾ ਹੁੰਦੀਆਂ
ਤੇ ਉਹ ਟੁਚੂ ਮਰਦਾਂ ਦੀਆਂ
ਮੁੱਛਾਂ ,ਦਾੜ੍ਹੀਆਂ ਤੇ ਹਾਸੇ
ਜੋ ਮੇਰੇ ਹਾਸੇ
ਮੇਰੇ ਉੱਠਣ
ਮੇਰੇ ਬੈਠਣ
ਨੂੰ ਜੋੜ ਦੇਣਗੇ
ਤੇਰੀ ਪੱਗ ਨਾਲ
 ਜਾਂ ਕੋਈ ਦਗੇਬਾਜ਼
 ਪਿਆਰ ਦੇ ਝੂਠੇ
ਕਲਾਵੇ ਵਿੱਚ ਲੈ ਖੇਡੇਗਾ
 ਮੇਰੇ ਤਨ ਅਤੇ ਮਨ ਨਾਲ
ਜਾਂ ਕਿਸੇ ਸ਼ਰਾਬੀ
 ਦੀ ਥਾਲੀ ਵਿੱਚ ਰੋਟੀ ਪਰੋਸ ਕੇ
ਆਪਣੀ ਥਾਲੀ ਵਿੱਚ ਖਾਵਾਂਗੀ
ਉਸ ਦੀ ਜੁੱਤੀ ਦਾ ਨਾਪ
ਮੈਨੂੰ ਪਤਾ ਬਾਪੂ
ਇਸ ਦੁਨੀਆਂ ‘ਚ
ਕੁੜੀਆਂ ਦਾ ਜਿਉਣਾ ਕੀ ਹੁੰਦਾ
 ਜੋ ਮੈਨੂੰ ਮਾਂ ਨੇ
ਅੰਦਰੇ ਹੀ ਮਹਿਸੂਸ ਕਰਾ ਦਿੱਤਾ
ਸੋ ਪਹਿਲਾਂ ਹੀ ਕਹਿ ਰਹੀ ਹਾਂ ਬਾਪੂ
ਕਿ ਬਹੁਤ ਹੋ ਗਿਆ
ਭਾਵੁਕਤਾ ਦਾ ਖੇਡ
ਇਸ ਵਾਰ ਮੈਂ
ਰੂਪ ਵਟਾਏ ਬਿਨ੍ਹ
 ਸੁਪਨੇ ਮਾਰੇ ਬਿਨ੍ਹ
 ਅਸਲੀਅਤ ‘ਚ ਹੀ ਵਿਚਰਾਂਗੀ।
ਵਿਰਕ ਪੁਸ਼ਪਿੰਦਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIDF: ‘Fierce battles’ continue in Gaza, troops killed Hamas cell near school in northern Strip
Next articleUkraine gets $37.4 bn aid from Jan-Nov