(ਸਮਾਜ ਵੀਕਲੀ)
ਬਾਬੇ ਦੇ ਡੇਰੇ ਤੋਂ ਨਿਕਲ ਉਹ ਮਾਵਾਂ- ਧੀਆਂ ਸਿੱਧੀਆਂ
ਸੜਕ ‘ਤੇ ਹੋ ਤੁਰੀਆਂ। ਅੱਤ ਦੀ ਗਰਮੀ ਨੇ ਉਨ੍ਹਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ। ਰਿਕਸ਼ੇ ਵਾਲੇ ਵੱਲੋਂ ਦੁੱਗਣੇ ਪੈਸੇ ਮੰਗਣ ‘ਤੇ ਵੀ ਉਹ ਨਾਂਹ ਨਾ ਕਰ ਸਕੀਆਂ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਵੇ। ਦਰਿਆ ਦੇ ਕੰਢੇ ਤੇ ਪਹੁੰਚ ਕੇ ਉਨ੍ਹਾਂ ਨੇ ਬਾਬੇ ਦੇ ਦੱਸੇ ਅਨੁਸਾਰ ਲਿਫਾਫੇ ‘ਚੋਂ ਸਾਰਾ ਸਾਮਾਨ ਕੱਢ ਕੇ ਉੱਥੇ ਰੱਖ ਦਿੱਤਾ ਤੇ ਕੁਝ ਦਰਿਆ ‘ਚ ਵਹਾ ਦਿੱਤਾ। ਕੁਝ ਦੇਰ ਮਗਰੋਂ ਉਹ ਫਿਰ ਉਸੇ ਰਿਕਸ਼ੇ ਤੇ ਆ ਬੈਠੀਆਂ। “ਹੁਣ ਜਿਹੜਾ ਕਿਸੇ ਬੰਨ੍ਹ ਪਾਇਆ ਛੇਤੀ ਟੁੱਟ ਜੂ। ਮੇਰਾ ਭਾਰ ਛੇਤੀ ਸਿਰੋਂ ਲੱਥੇ ਜੂ। ਦੇਖੀਂ ਤੇਰਾ ਸਾਕ ਛੇਤੀ ਹੀ ਕਿਧਰੇ ਹੋ ਜਾਣਾ ਹੁਣ।” ਮਾਂ ਪੂਰੇ ਯਕੀਨ ਨਾਲ ਧੀ ਨੂੰ ਸਮਝਾਉਣ ਲੱਗੀ।
ਰਿਕਸ਼ੇ ਵਾਲਾ ਛੇਤੀ ਉਨ੍ਹਾਂ ਨੂੰ ਬੱਸ ਸਟੈਂਡ ਤੇ ਛੱਡ ਫਿਰ ਹਮੇਸ਼ਾ ਵਾਂਗ ਦੁਬਾਰਾ ਦਰਿਆ ਦੇ ਕੰਢੇ ਤੇ ਆ ਗਿਆ। ਉਸ ਨੇ ਖੁਸ਼ੀ ‘ਚ ਜਿਵੇਂ ਉਛਲਦਿਆਂ ਝੱਟਪੱਟ ਸਾਰਾ ਸਾਮਾਨ ਸ਼ੀਸ਼ਾ , ਨਵਾਂ ਨਕੋਰ ਸੂਟ, ਚੁੰਨੀ, ਚਾਂਦੀ ਦੀ ਮੁੰਦਰੀ ਤੇ ਹੋਰ ਬਹੁਤ ਕੁਝ ਇਕ ਲਿਫਾਫੇ ਵਿੱਚ ਪਾਇਆ ਤੇ ਸੋਚਣ ਲੱਗਾ ਕਿ ਜਦ ਤੱਕ ਲੋਕ ਪਾਖੰਡੀ ਬਾਬਿਆਂ ਮਗਰ ਲੱਗ ਕੇ ਇਹੋ ਜਿਹੇ ਪਾਖੰਡ ਕਰਦੇ ਰਹਿਣਗੇ ਉਸਦੀਆਂ ਤਾਂ ਮੌਜਾਂ ਹੀ ਹਨ। ਹੁਣ ਉਹ ਇਕੱਲਾ ਹੀ ਹੱਸਦਾ ਹੋਇਆ ਰੱਬ ਦਾ ਸ਼ੁਕਰ ਕਰਦਾ ਅੱਜ ਫਿਰ ਵਹੁਟੀ ਨੂੰ ਖੁਸ਼ ਕਰਨ ਦੇ ਇਰਾਦੇ ਨਾਲ ਛੇਤੀ ਨਾਲ ਰਿਕਸ਼ਾ ਤੇ ਬੈਠ ਕੇ ਆਪਣੇ ਘਰ ਵੱਲ ਚੱਲ ਪਿਆ ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫ਼ਿਰੋਜ਼ਪੁਰ ਸ਼ਹਿਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly