(ਸਮਾਜ ਵੀਕਲੀ)
ਜੂਨ 2023.
ਸਫ਼ਰ ਲੰਮੇਰਾ ਹੋਵੇ,ਪਰ ਅਕੇਵਾਂ ਨਾ ਹੋਵੇ। ਚੱਲ ਜਾਂਦਾ ਹੈ। ਪਹਾੜ ਜਿੱਡੀ ਮੰਜ਼ਿਲ ‘ਤੇ ਚੜ੍ਹ ਕੇ ਜਿੰਨਾ ਜ਼ੋਰ ਲਗਦਾ ਹੈ ਜਦੋਂ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਉਸ ਦਾ ਸੁਆਦ ਵੱਖਰਾ ਹੁੰਦਾ ਹੈ। ਫ਼ੇਰ ਜੇ ਉਸ ਮੰਜ਼ਿਲ ‘ਤੇ ਆਪਣੇ ਦਿਲ ਦੇ ਟੁਕੜੇ ਵੀ ਰਹਿੰਦੇ ਹੋਣ ਉਸ ਦੀ ਅਪਾਰ ਖੁਸ਼ੀ ਦਾ ਰੰਗ ਵੀ,ਫੁੱਲਾਂ ਦੇ ਵਿਚ ਵਿਚਰਦਿਆਂ ਵਾਲਾ ਹੋ ਜਾਂਦਾ ਹੈ।
ਮੇਰੀ ਜ਼ਿੰਦਗੀ ਦਾ ਖੂਬਸੂਰਤ ਸ਼ਹਿਰ ਹੈਦਰਾਬਾਦ, ਜਿੱਥੇ ਹਰਿਆਲੀ ਹੀ ਹਰਿਆਲੀ ਹੈ।
ਆਪਣੇ ਬੱਚਿਆਂ ਕੋਲ ਪਹੁੰਚ ਕੇ ਇਹ ਹਰਿਆਲੀ ਹੋਰ ਵੀ ਸੰਘਣੀ,ਛਾਂ ਦਾਰ ਤੇ ਮਨਮੋਹਕ ਹੋ ਜਾਂਦੀ ਹੈ। ਮੱਥੇ ‘ਤੇ ਮੋਤੀਆਂ ਵਾਂਗ ਖੜ੍ਹੀਆਂ, ਪਸੀਨੇ ਦੀਆਂ ਬੂੰਦਾਂ ਇੱਕ ਹਵਾ ਦੇ ਬੁੱਲੇ ਨਾਲ, ਧੁਰ ਅੰਦਰ ਤੱਕ ਠੰਡਕ ਪਹੁੰਚਾਉਂਦੀਆਂ ਹਨ। ਫ਼ਿਰ ਉਹ ਪਸੀਨਾ ਵੀ ਸੁਗੰਧਿਤ ਹੋ ਜਾਂਦਾ ਹੈ, ਆਪਣਿਆਂ ਦੇ ਮੇਲ ਨਾਲ।
ਥਕਾਵਟ ਕੋਹਾਂ ਦੂਰ। ਸਫ਼ਰ ਦੀ ਥਕਾਵਟ ਬੱਚਿਆਂ ਦੀ ਇੱਕ ਜੱਫ਼ੀ ਨਾਲ ਦੂਰ ਨੱਸ ਜਾਂਦੀ ਹੈ।
ਆਖ਼ਿਰ ਬੱਚਿਆਂ ਦੀ ਮਿਲਣੀ ਦੱਸ ਰਹੀ ਸੀ,ਅਸੀਂ ਇੰਤਜ਼ਾਰ ਵਿਚ ਸਾਂ।
ਢਲਦੀ ਉਮਰ ਮੋਢੇ ‘ਤੇ ਚੁੱਕਿਆ,ਬੈਗਾਂ ਦਾ ਭਾਰ ਤੇ ਤੋਲਾ ਮਾਸਾ ਵੀ ਨਹੀਂ ਲਗਦਾ।
ਕੁਝ ਦਿਨ ਬੱਚਿਆਂ ਨਾਲ ਰਹਿ ਕੇ,ਪੈਰ ਦੀ ਭੌਰੀ ਕਿੱਥੇ ਕਿੱਥੇ ਲੈ ਕੇ ਜਾਂਦੀ ਹੈ, ਇਹ ਭਾਵੇਂ ਨਿਸ਼ਚਿਤ ਮੈਂ ਤੇ ਪਤਨੀ ਨਹੀਂ ਕਰਨਾ ਪਰ ਹਰ ਵਾਰ ਦੀ ਤਰ੍ਹਾਂ ਪੁੱਤਰ ਤੇ ਨੂੰਹ ਹੀ ਨਿਸ਼ਚਿਤ ਕਰਨਗੇ। ਪਰ ਮੇਰੀਆਂ ਕੁਝ ਮਨ ਪਸੰਦ ਥਾਵਾਂ ਜਿੱਥੇ ਕੁਦਰਤ ਵਾਸ ਕਰਦੀ ਹੈ, ਲਾਜ਼ਮੀ ਸੱਜਣਾਂ, ਮਿੱਤਰਾਂ, ਪਿਆਰਿਆਂ ਨਾਲ ਸਾਂਝੀਆਂ ਕਰਦਾ ਰਹਾਂ ਗਾ।
ਬੋਟੈਨੀਕਲ ਪਾਰਕ,ਯੂਨੀਵਰਸਿਟੀ ਤੇ ਕੁਝ ਧਾਰਮਿਕ ਸਥਾਨਾਂ ਤੋਂ ਇਲਾਵਾ ਇਸ ਵਾਰ ਬੇਟੇ ਅਭਿਜੀਤ ਤੇ ਨੂੰਹ ਰਾਣੀ ਗਰਿਮਾ ਨਾਲ ਵਾਅਦੇ ਅਨੁਸਾਰ ਸਮੁੰਦਰ ਦਾ ਕੰਢਾ ਜ਼ਰੂਰ ਦੇਖਣਾ ਚਾਹਾਂਗਾ।
ਇਹਨਾਂ ਸਥਾਨਾਂ ਦੀ ਮਹਾਨਤਾ ਅਤੇ ਇਤਿਹਾਸਕ ਪਿਛੋਕੜ ਵੀ ਸਾਂਝਾ ਕਰਾਂ ਗਾ। ਸੱਚ ਪੁੱਛੋ ਤਾਂ ਮੈਂ ਥੱਕ ਸਕਦਾ ਹਾਂ ਪਰ ਅੱਕ ਨਹੀਂ ਸਕਦਾ। ਜ਼ਿੰਦਗੀ ਵਿਚ ਘਰ ਤੋਂ ਬਾਹਰ ਜਾ ਕੇ ਹਰ ਫ਼ੇਰੀ ਮੇਰੇ ਲਈ ਆਮ ਜਾਂ ਸਧਾਰਨ ਨਹੀਂ ਹੁੰਦੀ।
ਇਸ ਵਾਰ ਵੀ ਸਧਾਰਨ ਨਹੀਂ ਕਿਉਂਕਿ ਇਸ ਵਾਰ ਮੇਰਾ ਪਰਮ ਮਿੱਤਰ ਸੁਖਦੇਵ ਤੇ ਉਹਨਾਂ ਦੀ ਪਤਨੀ ਵੀ ਨਾਲ ਆਏ ਹਨ।
ਦੇਖਦੇ ਹਾਂ ਪਹਿਲੀ ਫੇਰੀ ਕਿੱਥੇ ਦੀ ਨਿਸ਼ਚਿਤ ਹੁੰਦੀ ਹੈ।
ਧੰਨਵਾਦ ਪਿਆਰਿਓ !
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly