ਫ਼ਿਰੋਜ਼ਪੁਰ (ਸਮਾਜ ਵੀਕਲੀ): ਕਸ਼ਮੀਰੀ ਨੌਜਵਾਨ ਮੁਸ਼ਤਾਕ ਅਹਿਮਦ ਮੀਰ ਦੇ ਕਤਲ ਦੀ ਗੁੱਥੀ ਪੁਲੀਸ ਨੇ ਚੌਵੀ ਘੰਟਿਆਂ ਅੰਦਰ ਸੁਲਝਾ ਲਈ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸੋਢੇ ਵਾਲਾ ਪਿੰਡ ਵਿੱਚ ਰਹਿੰਦੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਮੁਸ਼ਤਾਕ ਦਾ ਸਾਈਕਲ ਅਤੇ ਪਰਸ ਵੀ ਬਰਾਮਦ ਹੋਇਆ ਹੈ। ਜ਼ਿਲ੍ਹਾ ਪੁਲੀਸ ਕਪਤਾਨ ਨਰਿੰਦਰ ਭਾਰਗਵ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕਸ਼ਮੀਰ ਦਾ ਰਹਿਣ ਵਾਲਾ ਮੁਸ਼ਤਾਕ ਇਥੋਂ ਦੀ ਖਾਨੋ ਵਾਲੀ ਬਸਤੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਵੀਰਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਉਗਰਾਹੀ ਕਰਨ ਵਾਸਤੇ ਨਿਕਲਿਆ ਪਰ ਰਾਤ ਤੱਕ ਵਾਪਸ ਨਾ ਆਇਆ। ਅਗਲੇ ਦਿਨ ਉਸਦੀ ਲਾਸ਼ ਸੜਕ ਕਿਨਾਰੇ ਬੋਰੀ ਵਿਚੋਂ ਬਰਾਮਦ ਹੋਈ।
ਐੱਸਐੱਸਪੀ ਨੇ ਦੱਸਿਆ ਕਿ ਮੁਸ਼ਤਾਕ ਨੇ ਪਿੰਡ ਸੋਢੇ ਵਾਲਾ ਦੇ ਵਸਨੀਕ ਮਾਨ ਸਿੰਘ ਅਤੇ ਉਸਦੀ ਪਤਨੀ ਬੇਅੰਤ ਕੌਰ ਤੋਂ ਕੱਪੜਿਆਂ ਦੇ ਉਧਾਰ ਕੀਤੇ 48 ਸੌ ਰੁਪਏ ਲੈਣੇ ਸਨ। ਵੀਰਵਾਰ ਨੂੰ ਮਾਨ ਸਿੰਘ ਤੇ ਉਸਦੀ ਪਤਨੀ ਨੇ ਮੁਸ਼ਤਾਕ ਨੂੰ ਫ਼ੋਨ ਕਰਕੇ ਆਪਣੀ ਰਕਮ ਲੈ ਜਾਣ ਵਾਸਤੇ ਕਿਹਾ। ਮੁਸ਼ਤਾਕ ਜਦੋਂ ਉਨ੍ਹਾਂ ਦੇ ਘਰ ਪੁੱਜਾ ਤਾਂ ਦੋਵਾਂ ਨੇ ਰਲ ਕੇ ਮੁਸ਼ਤਾਕ ਦਾ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly