ਤੂਫ਼ਾਨ ਇਡਾ ਨੇ ਉੱਤਰ-ਪੂਰਬੀ ਅਮਰੀਕਾ ਵਿਚ ਲਈਆਂ 40 ਜਾਨਾਂ

ਨਿਊਯਾਰਕ (ਸਮਾਜ ਵੀਕਲੀ): ਖ਼ਤਰਨਾਕ ਤੂਫ਼ਾਨ ਇਡਾ ਕਾਰਨ ਪੈ ਰਹੇ ਮੋਹਲੇਧਾਰ ਮੀਂਹ ਤੇ ਹੜ੍ਹਾਂ ਨੇ ਅਮਰੀਕਾ ਦੇ ਉੱਤਰ-ਪੂਰਬੀ ਖੇਤਰ ਵਿਚ 40 ਜਾਨਾਂ ਲੈ ਲਈਆਂ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ ਨਿਊ ਜਰਸੀ ਦੇ ਗਵਰਨਰ ਫਿਲ ਮਰਫ਼ੀ ਨੇ ਵੀਰਵਾਰ ਦੁਪਹਿਰ ਐਲਾਨ ਕੀਤਾ ਕਿ ਤੂਫ਼ਾਨ ਕਾਰਨ 23 ਲੋਕਾਂ ਦੀ ਮੌਤ ਹੋਈ ਹੈ। ਮਰਫ਼ੀ ਨੇ ਟਵੀਟ ਕੀਤਾ, ‘‘ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਅਕਤੀ ਇਕੱਲੇ-ਇਕੱਲੇ ਮਰੇ। ਉਨ੍ਹਾਂ ਦੇ ਵਾਹਨ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ। ਇਸੇ ਦੌਰਾਨ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਵਿਚ ਤੂਫ਼ਾਨ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਚਾਰ ਔਰਤਾਂ, ਤਿੰਨ ਪੁਰਸ਼ ਅਤੇ ਇਕ ਦੋ ਸਾਲ ਦਾ ਬੱਚਾ ਉਨ੍ਹਾਂ ਦੀਆਂ ਰਿਹਾਇਸ਼ਾਂ ਦੀ ਬੇਸਮੈਂਟ ਵਿਚ ਵੜੇ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆ ਗਏ ਸਨ। ਇਹ ਮੌਤਾਂ ਕੁਈਨਜ਼ ’ਚ ਵੱਖ-ਵੱਖ ਘਟਨਾਵਾਂ ’ਚ ਹੋਈਆਂ ਹਨ।

ਇਸ ਦੌਰਾਨ ਵੱਡੀ ਗਿਣਤੀ ਲੋਕ ਸਾਰੀ ਰਾਤ ਨਿਊਯਾਰਕ ਦੇ ਸਬਵੇਅ ਸਟੇਸ਼ਨਾਂ ’ਤੇ ਫਸੇ ਰਹੇ। ਸੇਵਾਵਾਂ ਵਿਚ ਵਿਘਨ ਪੈਣ ਕਾਰਨ ਉਹ ਆਪੋ-ਆਪਣੀਆਂ ਮੰਜ਼ਿਲਾਂ ਤੱਕ ਨਹੀਂ ਪਹੁੰਚ ਸਕੇ ਅਤੇ ਬੈਂਚਾਂ ’ਤੇ ਸੌਣ ਲਈ ਮਜਬੂਰ ਹੋਏ। ਨਿਊਯਾਰਕ ਸ਼ਹਿਰ ਵਿਚ ਸੈਂਟਰਲ ਪਾਰਕ ’ਚ ਬੁੱਧਵਾਰ ਨੂੰ ਸਿਰਫ਼ ਇਕ ਘੰਟੇ ਵਿਚ 3.15 ਇੰਚ ਮੀਂਹ ਦਰਜ ਕੀਤਾ ਗਿਆ, ਜਿਸ ਨਾਲ 21 ਅਗਸਤ ਨੂੰ ਹੈਨਰੀ ਤੂਫ਼ਾਨ ਦੌਰਾਨ ਇਕ ਘੰਟੇ ’ਚ ਪਏ 1.94 ਇੰਚ ਮੀਂਹ ਦਾ ਪਿਛਲਾ ਰਿਕਾਰਡ ਤੋੜ ਦਿੱਤਾ। ਇਸੇ ਤਰ੍ਹਾਂ ਪੈਨਸਿਲਵੇਨੀਆ ਵਿਚ ਤਿੰਨ, ਮੈਰੀਲੈਂਡ ’ਚ ਇਕ ਅਤੇ ਕਨੈਕਟੀਕੱਟ ਵਿਚ ਵੀ ਤੂਫ਼ਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS pressing Pakistan to cooperate on fighting ISIS-K, Al Qaeda
Next articleਜੈਸ਼ੰਕਰ ਵੱਲੋਂ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ