ਕੀਵ ਤੇ ਖਰਕੀਵ ਸ਼ਹਿਰਾਂ ’ਚ ਫਸੇ ਸੈਂਕੜੇ ਪੰਜਾਬੀ

 

ਅੰਮ੍ਰਿਤਸਰ (ਸਮਾਜ ਵੀਕਲੀ):  ਯੂਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਵਾਪਸੀ ਲਈ ਫਿਕਰਮੰਦ ਮਾਪਿਆਂ ਨੇ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ। ਇਸ ਸਬੰਧੀ ਅੱਜ ਮਾਪੇ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਣ ਲਈ ਪੁੱਜੇ। ਇਸ ਦੌਰਾਨ ਦੋ ਦਿਨ ਪਹਿਲਾਂ ਵਾਪਸ ਆਈ ਨਿਕਿਤਾ ਨੇ ਉਥੇ ਬਣੇ ਹਾਲਾਤ ਬਾਰੇ ਦੱਸਿਆ।

ਨਿਕਿਤਾ ਨੇ ਮੀਡੀਆ ਨੂੰ ਦੱਸਿਆ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਦੇ ਵਿਦਿਆਰਥੀ ਇਸ ਵੇਲੇ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਫਸੇ ਹੋਏ ਹਨ। ਕਈ ਵਿਦਿਆਰਥੀ ਖਰਕੀਵ ਵਿੱਚ ਮੈਟਰੋ ਸਟੇਸ਼ਨਾਂ ਅਤੇ ਕਈ ਵਿਦਿਆਰਥੀ ਹੋਸਟਲਾਂ ਦੀਆਂ ਬੇਸਮੈਂਟਾਂ ਵਿੱਚ ਠਹਿਰੇ ਹੋਏ ਹਨ। ਉਸ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਨੇ 26 ਅਤੇ 27 ਫਰਵਰੀ ਨੂੰ ਵਾਪਸੀ ਦੀ ਤਿਆਰੀ ਕੀਤੀ ਹੋਈ ਸੀ ਪਰ ਅਚਾਨਕ ਬਦਲੇ ਹਾਲਾਤ ਕਾਰਨ ਵਾਪਸ ਨਹੀਂ ਆ ਸਕੇ। ਉਸ ਨੇ ਆਪਣੇ ਕਈ ਸਾਥੀਆਂ ਦੇ ਨਾਂ ਲੈਂਦਿਆਂ ਦੱਸਿਆ ਕਿ ਉਨ੍ਹਾਂ ਕੋਲ ਖਾਣ-ਪੀਣ ਦਾ ਰਾਸ਼ਨ ਵੀ ਨਹੀਂ ਹੈ, ਏਟੀਐੱਮ ਬੰਦ ਹੋ ਚੁੱਕੇ ਹਨ, ਸੁਰੱਖਿਅਤ ਥਾਵਾਂ ਦੀ ਵੀ ਘਾਟ ਹੈ। ਮਾਪਿਆਂ ਨੇ ਕਿਹਾ ਕਿ ਭਾਵੇਂ ਉਹ ਆਪਣੇ ਬੱਚਿਆਂ ਦੇ ਸੰਪਰਕ ਵਿੱਚ ਹਨ ਪਰ ਉਨ੍ਹਾਂ ਦੇ ਫਿਕਰ ਵਧ ਰਹੇ ਹਨ। ਉਹ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਆਏ ਸਨ ਪਰ ਡਿਪਟੀ ਕਮਿਸ਼ਨਰ ਹਾਜ਼ਰ ਨਹੀਂ ਸਨ।

ਔਜਲਾ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼ ਮੰਤਰਾਲੇ  ਦੇ ਅਧਿਕਾਰੀ ਅਰੁਣ ਕੁਮਾਰ ਨੂੰ ਇਕ ਪੱਤਰ ਭੇਜ ਕੇ ਦੱਸਿਆ ਕਿ ਉਨ੍ਹਾਂ ਕੋਲ 89 ਵਿਦਿਆਰਥੀਆਂ ਦੇ ਵੇਰਵੇ ਪੁੱਜੇ ਹਨ, ਜੋ ਇਸ ਵੇਲੇ ਉਥੇ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀ ਬੰਕਰਾਂ ਜਾਂ ਜ਼ਮੀਨਦੋਜ਼ ਥਾਵਾਂ ’ਤੇ ਲੁਕੇ ਹੋਏ ਹਨ ਪਰ ਉਨ੍ਹਾਂ ਨੂੰ ਭੋਜਨ, ਪਾਣੀ, ਦਵਾਈਆਂ, ਮੋਬਾਈਲ ਫੋਨ, ਡਾਟਾ, ਚਾਰਜਰ ਆਦਿ ਦੀ ਵਧੇਰੇ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੀਵ ਦੇ ਇੱਕ ਹੋਸਟਲ ਵਿੱਚ 300 ਭਾਰਤੀ ਠਹਿਰੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਤੇ ਢੀਂਡਸਾ ਨਾਲ ਗੱਠਜੋੜ ਕਰਕੇ ਆਇਆ ਭਗਵੀਂ ਪਾਰਟੀ ਨੂੰ ਸੁਖ ਦਾ ਸਾਹ
Next articleਯੂਕਰੇਨ ਸੰਕਟ: ਚੰਨੀ ਵੱਲੋਂ ਪ੍ਰਧਾਨ ਮੰਤਰੀ ਨਾਲ ਫੋਨ ’ਤੇ ਗੱਲਬਾਤ