ਸੜਕ
(ਸਮਾਜ ਵੀਕਲੀ) ਮੈਂ ਇੱਕ ਸੜਕ ਹਾਂ। ਇੱਕ ਆਮ ਸੜਕ। ਮੇਰੇ ਉੱਤੇ ਅਣਗਿਣਤ ਲੋਕਾਂ ਨੂੰ ਇਧਰ ਤੋਂ ਉਧਰ ਅਤੇ ਉਧਰ ਤੋਂ ਇਧਰ ਲੈਜਾਣ ਦਾ ਬੋਝ ਹੈ। ਇਹ ਸਭ ਕੁਝ ਮੈਂ ਹਸੀ ਖੁਸ਼ੀ ਸਹਿ ਜਾਂਦੀ ਹਾਂ। ਲੋਕ ਮੇਰਾ ਆਪਣੀ ਮਰਜ਼ੀ ਮੁਤਾਬਿਕ ਇਸਤੇਮਾਲ ਕਰਦੇ ਹਨ। ਕਈ ਲੋਕ ਮੇਰੇ ਚੌਰਾਹੇ ਤੇ ਜਾਦੂਟੋਣਾ ਕਰਕੇ ਕਾਲਾ ਕੱਪੜਾ ਜਾਂ ਲਾਲ ਕੱਪੜਾ, ਫੁੱਲ, ਅਨਾਜ ਵਗੈਰਾ ਰੱਖ ਦਿੰਦੇ ਹਨ। ਵਿਆਹ ਸ਼ਾਦੀਆਂ ਤੇ ਉਸੇ ਚੌਰਾਹੇ ਤੇ ਲੋਕ ਨੱਚਦੇ, ਗਾਉਂਦੇ, ਪਟਾਖੇ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਪੁਲਿਸ ਵਾਲੇ ਉਸੇ ਚੌਰਾਹੇ ਤੇ ਛੋਟੇ ਮੋਟੇ ਚੋਰ ਨੂੰ ਛਿੱਤਰ, ਸੋਟੀ, ਥੱਪੜ ਅਤੇ ਮੁੱਕੇ ਮਾਰ ਕੇ ਲੋਕਾਂ ਨੂੰ ਆਤੰਕਿਤ ਕਰਦੇ ਹਨ। ਨੇਤਾ ਲੋਕ ਇਸੇ ਚੌਰਾਹੇ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਚੀਖ ਚੀਖ ਕੇ ਅਤੇ ਰੌਲਾ ਪਾ ਕੇ ਪਰਦਾਫਾਸ਼ ਕਰਦੇ ਹਨ। ਕਈ ਨੇਤਾ ਲੋਕ ਇਸੇ ਚੌਰਾਹੇ ਤੇ ਖੜੇ ਹੋ ਕੇ ਮਿੱਠੀਆਂ ਅਤੇ ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਚੋਣਾਂ ਵਿੱਚ ਉਹਨਾਂ ਨੂੰ ਵੋਟ ਦੇਣ ਵਾਸਤੇ ਦੰਡਵਤ ਪ੍ਰਣਾਮ ਕਰਦੇ ਹਨ। ਮੇਰੇ ਗਰਭ ਵਿੱਚ ਪਤਾ ਨਹੀਂ ਕਿਤਨੀਆਂ ਕਹਾਣੀਆਂ, ਕਿਸੇ, ਦੁਰਘਟਨਾਵਾਂ, ਲਾਚਾਰੀਆ, ਅਤੇ ਉਤਸਵ ਆਦੀ ਦੀਆਂ ਗੱਲਾਂ ਸਮਾਈਆਂ ਹੋਈਆਂ ਹਨ। ਹੁਣੇ ਹੁਣੇ ਚੋਣਾਂ ਦੇ ਨਤੀਜੇ ਨਿਕਲੇ ਹਨ। ਉਹ ਦੇਖੋ, ਸਾਹਮਣੇ ਜੇਤੂ ਉਮੀਦਵਾਰ ਦਾ ਜਲੂਸ ਆ ਰਿਹਾ ਹੈ। ਲੋਕਾਂ ਨੇ ਜਿੱਤਣ ਵਾਲੇ ਉਮੀਦਵਾਰ ਦੇ ਝੰਡੇ ਚੁੱਕੇ ਹੋਏ ਹਨ। ਸ਼ਾਇਦ ਉੱਚੀ ਉੱਚੀ, ਕਿਸੇ ਦਾ ਨਾਂ ਲੈ ਕੇ,,, ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ,,,,, ਦੇ ਨਾਅਰੇ ਵੀ ਲਗਾ ਰਹੇ ਹਨ। ਮੈਂ ਦੇਖ ਕੇ ਤੁਹਾਨੂੰ ਦੱਸਦੀ ਹਾਂ ਕਿ ਮਾਮਲਾ ਕੀ ਹੈ। ਓਏ! ਇਹ ਤਾਂ ਚਿਤਰੰਜਨ ਦਾਸ ਹੈ। ਇਹਨਾਂ ਨੇ ਆਪਣੇ ਵਿਰੋਧੀ ਭਗਤ ਰਾਮ ਨੂੰ ਬਹੁਤ ਸਖਤ ਮੁਕਾਬਲੇ ਵਿੱਚ ਹਰਾਇਆ ਹੈ। ਕਹਿੰਦੇ ਹਨ ਕਿ ਭਗਤ ਰਾਮ ਬਹੁਤ ਜਿਆਦਾ ਸ਼ਰੀਫ, ਨਿਮਾਣਾ, ਮਿਹਨਤੀ, ਸੱਚ ਬੋਲਣ ਵਾਲਾ, ਸਭ ਨਾਲ ਹਮਦਰਦੀ ਕਰਨ ਵਾਲਾ ਸ਼ਖਸ ਹੈ ਜਦੋਂ ਕਿ ਚਿਤਰੰਜਨ ਦਾਸ ਪਰਲੇ ਦਰਜੇ ਦਾ ਕਮੀਨਾ, ਝੂਠਾ, ਬੇਈਮਾਨ, ਗਰੀਬਾਂ ਨੂੰ ਦੁਖੀ ਕਰਨ ਵਾਲਾ, ਸ਼ਰਾਬੀ, ਜੁਲਮੀ, ਕਾਲਾ ਧੰਦਾ ਕਰਨ ਵਾਲਾ ਅਤੇ ਸਮਗਲਰ ਵੀ ਹੈ। ਇਸ ਉੱਤੇ ਕਈ ਮੁਕਦਮੇ ਵੀ ਚੱਲ ਰਹੇ ਹਨ। ਇਸਨੇ ਤਾਂ ਚੋਣ ਵੀ ਜੇਲ ਵਿੱਚੋਂ ਹੀ ਲੜੀ ਹੈ। ਚੋਣਾਂ ਦੇ ਨਤੀਜੇ ਨਿਕਲਣ ਤੋਂ ਬਾਅਦ ਕੁਝ ਘੰਟੇ ਪਹਿਲਾਂ ਹੀ ਇਹਨੂੰ ਜੇਲ ਵਿੱਚੋਂ ਰਿਹਾ ਕੀਤਾ ਗਿਆ ਹੈ। ਹਾਂ, ਹੁਣ ਉਹ ਜਲੂਸ ਉਸੇ ਚੌਰਾਹੇ ਤੇ ਆ ਰਿਹਾ ਹੈ ਜਿਸ ਦੀ ਕਿ ਮੈਂ ਗੱਲ ਕਰ ਰਹੀ ਸੀ। ਹੁਣ ਜਲੂਸ ਰੁਕ ਗਿਆ ਹੈ। ਪੰਜ ਸੱਤ ਸੋਹਣੀਆਂ ਸੋਹਣੀਆਂ ਮੁਟਿਆਰਾਂ ਚਿਤਰੰਜਨ ਦਾਸ ਨੂੰ ਤਿਲਕ ਲਗਾ ਰਹੀਆਂ ਹਨ ਅਤੇ ਬੁੱਕੇ ਪੇਸ਼ ਕਰ ਰਹੀਆਂ ਹਨ। ਲੇਕਿਨ ਇਹ ਸ਼੍ਰੀਮਾਨ ਜੀ ਇਹਨਾਂ ਨੂੰ ਖਾ ਜਾਣ ਵਾਲੀ ਪਿਆਰ ਭਰੀ ਸ਼ਰਾਰਤੀ ਨਜ਼ਰ ਨਾਲ ਦੇਖ ਰਿਹਾ ਹੈ। ਇਤਨੇ ਵਿੱਚ ਇੱਕ ਵਾਰ ਫਿਰ ਉਸ ਦਾ ਨਾਂ ਲੈ ਕੇ,,, ਜਿੰਦਾਬਾਦ, ਜਿੰਦਾਬਾਦ,,, ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਲੂਸ ਅੱਗੇ ਵਧ ਜਾਂਦਾ ਹੈ। ਜਲੂਸ ਦੇ ਆਦਮੀ ਇੱਕ ਦੂਜੇ ਤੇ ਗੁਲਾਲ ਮਲਦੇ ਹਨ, ਹੱਸੀ ਠੱਠਾ ਕਰਦੇ ਹਨ। ਅੱਗੇ ਦੀ ਕਹਾਣੀ ਮੈਂ ਜਾਣਦੀ ਹਾਂ। ਇਹ ਕਿਸੇ ਬੋਰਡ ਦਾ ਚੇਅਰਮੈਨ ਬਣੇਗਾ ਜਾਂ ਮਨਿਸਟਰ ਬਣੇਗਾ, ਲੋਕਾਂ ਨੂੰ ਆਪਸ ਵਿੱਚ ਲੜਵਾਏਗਾ ਅਤੇ ਫਿਰ ਚੌਧਰੀ ਬਣਨ ਵਾਸਤੇ ਖੁਦ ਹੀ ਅੱਗੇ ਵੱਧ ਕੇ ਉਹਨਾਂ ਵਿੱਚ ਸਮਝੌਤਾ ਕਰਵਾਏਗਾ ਅਤੇ ਆਪਣੀ ਲੀਡਰੀ ਚਮਕਾਏਗਾ, ਭੋਲੀ ਭਾਲੀ ਮੁਟਿਆਰਾਂ ਦੀ ਇੱਜਤ ਨਾਲ ਖੇਡੇਗਾ, ਰਿਸ਼ਵਤ ਬਿਨਾ ਕੋਈ ਕੰਮ ਨਹੀਂ ਕਰੇਗਾ, ਜਿਹੜੇ ਲੋਕ ਇਸਦੀ ਜੈ ਜੈਕਾਰ ਕਰ ਰਹੇ ਹਨ ਉਹਨਾਂ ਨੂੰ ਵੀ ਮਿਲਣ ਤੋਂ ਇਨਕਾਰ ਕਰ ਦੇਵੇਗਾ, ਇਸ ਤੇ ਬੰਗਲੇ ਦੇ ਸੁਰੱਖਿਆ ਕਰਮੀ ਮਿਲਣ ਵਾਲਿਆਂ ਨੂੰ ਕਹਿਣਗੇ,,, ਨੇਤਾ ਜੀ ਆਰਾਮ ਫਰਮਾ ਰਹੇ ਹਨ, ਨੇਤਾ ਜੀ ਬੰਗਲੇ ਤੇ ਨਹੀਂ ਹਨ, ਨੇਤਾ ਜੀ ਮੀਟਿੰਗ ਕਰ ਰਹੇ ਹਨ, ਨੇਤਾ ਜੀ ਬਾਹਰ ਦੌਰੇ ਤੇ ਗਏ ਹੋਏ ਹਨ ਅਤੇ ਪਤਾ ਨਹੀਂ ਕਦੋਂ ਆਉਣਗੇ,,,,, ਆਦਿ ਆਦਿ ਗੱਲਾਂ ਨਾਲ ਮਿਲਣ ਵਾਲਿਆਂ ਨੂੰ ਟਰਕਾ ਦਿੱਤਾ ਜਾਏਗਾ। ਹਾਂ, ਇਹੋ ਕੁਝ ਹੁੰਦਾ ਆਇਆ ਹੈ ਅਤੇ ਅੱਗੇ ਨੂੰ ਵੀ ਅਜਿਹਾ ਹੀ ਹੁੰਦਾ ਰਹੇਗਾ। ਮੈਂ ਸੜਕ ਹਾਂ। ਸਭ ਲੋਕਾਂ ਦੀਆਂ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਜਾਣਦੀਆਂ। ਕਿਸ ਦੀ ਚਾਲ ਢਾਲ ਅਤੇ ਚਰਿਤਰ ਕਿਹੋ ਜਿਹਾ ਹੈ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ। ਮੈਂ ਸਭ ਦੀ ਫਿਤਰਤ ਜਾਣਦੀ ਹਾਂ। ਮੈਂ ਰਾਵਣ, ਕੰਸ, ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਇਰਾਨੀ, ਸਿਕੰਦਰ, ਔਰੰਗਜੇਬ, ਅੰਗਰੇਜ਼ ਆਦੀ ਬਹੁਤ ਸਾਰੇ ਜ਼ੁਲਮ ਕਰਨ ਵਾਲਿਆਂ ਦੇ ਜ਼ੁਲਮ ਸਹਿੰਦੀ ਰਹੀ ਹਾਂ ਅਤੇ ਅੱਗੇ ਨੂੰ ਪਤਾ ਨਹੀਂ ਮੈਨੂੰ ਕੀ ਕੀ ਸਹਿਣਾ ਪਵੇ। ਮੈਂ ਸੜਕ ਹਾਂ, ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹਾਂ। ਹਾਂ, ਮੈਂ ਸੜਕ ਹਾਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly